ਜਲੰਧਰ (ਗੁਲਸ਼ਨ)- ਸਿਟੀ ਰੇਲਵੇ ਸਟੇਸ਼ਨ ਦੇ ਜਨਰਲ ਵੇਟਿੰਗ ਹਾਲ ’ਚ ਪੁਰਾਣੇ ਬੈਂਚ ਹਟਾ ਕੇ ਸਟੀਲ ਦੇ ਨਵੇਂ 41 ਬੈਂਚ ਲਗਾ ਦਿੱਤੇ ਗਏ ਹਨ। ਫਿਰੋਜ਼ਪੁਰ ਰੇਲ ਮੰਡਲ ਦੇ ਡੀ. ਆਰ. ਐੱਮ. ਵਿਵੇਕ ਕੁਮਾਰ ਨੇ ਵੀਰਵਾਰ ਦੁਪਹਿਰ ਵੇਟਿੰਗ ਹਾਲ ਦਾ ਨਿਰੀਖਣ ਕੀਤਾ। ਨਵੇਂ ਬੈਂਚ ਦੇਖ ਕੇ ਉਨ੍ਹਾਂ ਨੇ ਸੰਤੁਸ਼ਟੀ ਜਤਾਉਂਦੇ ਹੋਏ ਕਿਹਾ ਕਿ ਰੇਲਵੇ ਵਿਭਾਗ ਯਾਤਰੀਆਂ ਨੂੰ ਹਰ ਸਹੂਲਤ ਦੇਣ ਲਈ ਪ੍ਰਤੀਬੱਧ ਹੈ।ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਨਾਰਦਰਨ ਰੇਲਵੇ ਦੇ ਜੀ. ਐੱਮ. ਟੀ. ਪੀ. ਸਿੰਘ ਨੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਦਾ ਨਿਰੀਖਣ ਕਰਦੇ ਸਮੇਂ ਵੇਟਿੰਗ ਹਾਲ ’ਚ ਲੱਗੇ ਪੁਰਾਣੇ ਬੈਂਚਾਂ ਨੂੰ ਹਟਾ ਕੇ ਨਵੇਂ ਸਟੀਲ ਦੇ ਬੈਂਚ ਲਗਾਉਣ ਦੇ ਨਿਰਦੇਸ਼ ਦਿੱਤੇ ਸਨ। ਮੰਡਲ ਦੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਵਲੋਂ ਜੀ. ਐੱਮ. ਦੇ ਨਿਰਦੇਸ਼ਾਂ ’ਤੇ ਅਮਲ ਕਰਦੇ ਹੋਏ ਪੁਰਾਣੇ ਲੋਹੇ ਦੇ ਬੈਂਚਾਂ ਨੂੰ ਬਦਲ ਕੇ ਨਵੇਂ ਸਟੀਲ ਦੇ ਬੈਂਚ ਲਗਾ ਦਿੱਤੇ।ਜ਼ਿਕਰਯੋਗ ਹੈ ਕਿ ਡੀ. ਆਰ. ਐੱਮ. ਵਿਵੇਕ ਕੁਮਾਰ ਜੇਜੋਂ ਦੋਆਬਾ ਤੋਂ ਚੱਲਣ ਵਾਲੀ ਪੈਸੰਜਰ ਟਰੇਨ ਦੇ ਉਦਘਾਟਨ ਸਮਾਗਮ ਵਿਚ ਹਿੱਸਾ ਲੈਣ ਆਏ ਹੋਏ ਸਨ। ਬਾਅਦ ਦੁਪਹਿਰ ਕਰੀਬ 1 ਵਜੇ ਉਹ ਸਿਟੀ ਰੇਲਵੇ ਸਟੇਸ਼ਨ ਪਹੁੰਚੇ। ਵੇਟਿੰਗ ਹਾਲ ਦਾ ਨਿਰੀਖਣ ਕਰਨ ਤੋਂ ਬਾਅਦ ਉਹ ਜੰਮੂ-ਤਵੀ-ਅਹਿਮਦਾਬਾਦ ਐਕਸਪ੍ਰੈੱਸ ਟਰੇਨ ਦੇ ਨਾਲ ਲੱਗੇ ਆਪਣੇ ਵਿਸ਼ੇਸ਼ ਸੈਲੂਨ ਰਾਹੀਂ ਫਿਰੋਜ਼ਪੁਰ ਲਈ ਰਵਾਨਾ ਹੋ ਗਏ।
ਗਣਤੰਤਰ ਦਿਵਸ ਦੇ ਮੱਦੇਨਜ਼ਰ ਲੋਹੀਆਂ ਪੁਲਸ ਵੱਲੋਂ ਚੈਕਿੰਗ
NEXT STORY