ਕਪੂਰਥਲਾ (ਬਬਲਾ)-ਪਿੰਡ ਮਾਡ਼ੀ ਬੁੱਚੀਆਂ ਨਿਵਾਸੀ ਰਣਜੀਤ ਸਿੰਘ ਪੁੱਤਰ ਮੋਹਨ ਸਿੰਘ ਨੇ ਬੇਗੋਵਾਲ ਪੁਲਸ ਵੱਲੋਂ ਉਸਦੇ ਲਡ਼ਕੇ ’ਤੇ ਝੂਠਾ ਪਰਚਾ ਦਰਜ ਕਰ ਕੇ ਜੇਲ ਭੇਜਣ ਦੇ ਦੋਸ਼ ਲਾਏ ਹਨ। ਜਦੋਂ ਕਿ ਥਾਣਾ ਮੁਖੀ ਨੇ ਇਨ੍ਹਾਂ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ। ਇਸ ਸਬੰਧੀ ਦਿੱਤੇ ਤਸਦੀਕ ਸ਼ੁਦਾ ਹਲਫੀਆ ਬਿਆਨ ’ਚ ਰਣਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਬੇਗੋਵਾਲ ਦੇ ਏ. ਐੱਸ. ਆਈ. ਨੇ ਕਿਸੇ ਚੋਰੀ ਦੇ ਮਾਮਲੇ ’ਚ ਉਸਦੇ ਲਡ਼ਕੇ ਰਣਬੀਰ ਸਿੰਘ ਨੂੰ ਚੁੱਕ ਕੇ ਥਾਣੇ ਲੈ ਗਿਆ। ਜਦੋਂ ਕਿ ਉਹ ਵੀ ਇਸ ਦੌਰਾਨ ਉਹ ਗੱਡੀ ਦਾ ਪਿੱਛਾ ਕਰਦਾ ਥਾਣੇ ਪੁੱਜਾ ਪਰ ਥਾਣੇਦਾਰ ਨੇ ਇਹ ਕਹਿ ਕੇ ਵਾਪਸ ਮੋਡ਼ ਦਿੱਤਾ ਕਿ ਇਹ ਮਾਮਲਾ ਥਾਣਾ ਮੁਖੀ ਦੇ ਧਿਆਨ ’ਚ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਵੇਰੇ ਆਇਓ, ਤਹਾਨੂੰ ਤੁਹਾਡੇ ਲਡ਼ਕੇ ਨੂੰ ਮਿਲਾ ਦਿੱਤਾ ਜਾਵੇਗਾ। ਇਸ ਦੌਰਾਨ ਉਹ ਸਵੇਰੇ ਮੋਹਤਬਰ ਬੰਦੇ ਲੈ ਕੇ ਥਾਣੇ ਗਿਆ। ਪੁਲਸ ਨੇ ਕੋਈ ਗੱਲ ਨਹੀਂ ਸੁਣੀ। ਇਸ ਦੌਰਾਨ ਉਹ ਥਾਣਾ ਮੁਖੀ ਮਲਕੀਤ ਸਿੰਘ ਨੂੰ ਵੀ ਮਿਲੇ, ਜਿਨ੍ਹਾਂ ਕਿਹਾ ਕਿ ਉਹ ਇਕ ਜ਼ਿੰਮੇਵਾਰ ਅਹੁਦੇ ’ਤੇ ਹੈ। ਤੁਹਾਡਾ ਲਡ਼ਕਾ ਬੇਕਸੂਰ ਹੈ। ਜਿਸ ’ਤੇ ਥਾਣਾ ਮੁਖੀ ਨੇ ਉਸਨੂੰ ਕਿਹਾ ਕਿ ਕਸਬੇ ਦੇ ਇਕ ਵਾਰਡ ਦੇ ਐੱਮ. ਸੀ. ਨੂੰ ਮਿਲ ਲੈਣ ਤਾਂ ਉਸਦੇ ਕਹਿਣ ’ਤੇ ਤੁਹਾਡੇ ਲਡ਼ਕੇ ਨੂੰ ਛੱਡ ਦਿੱਤਾ ਜਾਵੇਗਾ। ਇਸ ਉਪਰੰਤ ਉਹ ਉਸ ਐੱਮ. ਸੀ. ਨੂੰ ਮਿਲੇ , ਜਿਸਨੇ ਵਿਸ਼ਵਾਸ ਦਿਵਾਇਆ ਕਿ ਉਹ ਥਾਣੇ ਚਲੇ ਜਾਣ, ਤੁਹਾਡੇ ਲਡ਼ਕੇ ਨੂੰ ਛੱਡ ਦਿੱਤਾ ਜਾਵੇਗਾ। ਕਿਉਂ ਥਾਣਾ ਮੁਖੀ ਦਾ ਉਸ ਨੂੰ ਫੋਨ ਆਇਆ ਹੈ। ਇਸ ’ਤੇ ਐੱਮ. ਸੀ. ਨੇ ਵੀ ਉਸਨੂੰ ਕਿਹਾ ਕਿ ਪੁਲਸ ਨੂੰ ਕੁਝ ਦਿੱਤਿਆਂ ਬਿਨਾਂ ਕੰਮ ਨਹੀਂ ਬਣਨਾ। ਇਸ ਦੌਰਾਨ ਰਿਸ਼ਵਤ ਨਾ ਦੇਣ ’ਤੇ ਪੁਲਸ ਨੇ ਉਸਦੇ ਬੇਕਸੂਰ ਲਡ਼ਕੇ ’ਤੇ ਝੂਠਾ ਪਰਚਾ ਦਰਜ ਕਰ ਦਿੱਤਾ। ਦੂਜੇ ਪਾਸੇ ਇਸ ਦਰਜ ਕੀਤੇ ਚੋਰੀ ਦੇ ਮੁਕੱਦਮੇ ਨੇ ਉਸ ਵੇਲੇ ਇਕ ਨਵਾਂ ਮੋਡ਼ ਲਿਆ, ਜਦੋਂ ਸਬੰਧਤ ਵਿਅਕਤੀ ਪਰਮੇਸ਼ਵਰੀ ਪੁੱਤਰ ਦਲ ਚੰਦਰ ਵਾਸੀ ਬੇਗੋਵਾਲ ਨੇ ਵੀ ਤਸਦੀਕ ਹਲਫੀਆ ਬਿਆਨ ’ਚ ਦੱਸਿਆ ਕਿ ਉਸਨੇ ਰਣਬੀਰ ਸਿੰਘ ਉਰਫ ਲੱਡੂ ਤੇ ਸਾਗਰ ਨਾਮੀ ਲਡ਼ਕੇ ਨੂੰ ਚੋਰੀ ਕਰਦੇ ਨਹੀਂ ਵੇਖਿਆ। ਉਹ ਇਨ੍ਹਾਂ ਨੂੰ ਜਾਣਦਾ ਵੀ ਨਹੀਂ ਅਤੇ ਨਾ ਹੀ ਕਿਸੇ ਖਿਲਾਫ ਕੋਈ ਬਿਆਨ ਦਿੱਤਾ ਹੈ। ਜੇਕਰ ਪੁਲਸ ਜਾਂ ਅਦਾਲਤ ਉਨ੍ਹਾਂ ਨਾਲ ਕੋਈ ਰਿਆਇਤ ਕਰਦੀ ਹੈ ਤਾਂ ਉਸਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਇਸੇ ਸਬੰਧੀ ਥਾਣਾ ਮੁਖੀ ਮਲਕੀਤ ਸਿੰਘ ਤੇ ਏ. ਐੱਸ. ਆਈ. ਬਲਕਾਰ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਤੇ ਝੂਠੇ ਦੱਸਿਆ। ਉਨ੍ਹਾਂ ਕਿਹਾ ਕਿ ਸਬੰਧਤ ਵਿਅਕਤੀ ਪਰਮੇਸ਼ਵਰੀ ਦੀ ਦਰਖਾਸਤ ’ਤੇ ਪਰਚਾ ਦਰਜ ਹੋਇਆ ਹੈ। ਉਨਾਂ ਕਿਸੇ ਕੋਲੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਹੈ। ਇਸ ਮੌਕੇ ਕਸਬੇ ਦੇ ਉਕਤ ਐੱਮ. ਸੀ. ਨੇ ਵੀ ਪੁਲਸ ਕਾਰਵਾਈ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਪਹਿਲੇ ਫਡ਼ੇ ਸਾਗਰ ਨਾਮੀ ਲਡ਼ਕੇ ਦੇ ਬਿਆਨਾਂ ’ਤੇ ਕਾਰਵਾਈ ਹੋਈ ਹੈ। ਉਨ੍ਹਾਂ ਸਾਹਮਣੇ ਕਿਸੇ ਤਰ੍ਹਾਂ ਦੇ ਲੈਣ-ਦੇਣ ਦੀ ਗੱਲ ਨਹੀਂ ਹੋਈ।
ਸ਼ਹੀਦਾਂ ਦੀ ਯਾਦ ’ਚ ਸਮਾਗਮ ਕਰਵਾਇਆ
NEXT STORY