ਜਲੰਧਰ(ਮਹੇਸ਼)—ਨਿਰਮਲ ਕੁਟੀਆ ਜੌਹਲਾਂ ਦੇ ਸਹਾਇਕ ਮੁਖੀ ਸੰਤ ਬਾਬਾ ਜਸਪਾਲ ਸਿੰਘ ਨੂੰ ਵੀਰਵਾਰ ਨਿਰਮਲ ਕੁਟੀਆ ਵਿਚ ਉਨ੍ਹਾਂ ਦੇ ਕਮਰੇ ਨੂੰ ਬਾਹਰ ਤੋਂ ਤਾਲਾ ਲਾ ਕੇ ਬੰਧਕ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੰਤ ਬਾਬਾ ਜਸਪਾਲ ਸਿੰਘ ਨੇ ਖੁਦ ਇਹ ਦੋਸ਼ ਸ਼ਰਾਰਤੀ ਅਨਸਰਾਂ 'ਤੇ ਲਾਉਂਦਿਆਂ ਕਿਹਾ ਕਿ ਕੁਝ ਲੋਕ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਨਿਰਮਲ ਕੁਟੀਆ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਿਰਮਲ ਕੁਟੀਆ ਦੇ ਮੌਜੂਦਾ ਮੁਖੀ ਸੰਤ ਬਾਬਾ ਜੀਤ ਸਿੰਘ ਵਲੋਂ ਉਨ੍ਹਾਂ ਦੇ ਇਕ ਸ਼ਰਧਾਲੂ ਅਤੇ ਸਾਬਕਾ ਪੁਲਸ ਅਧਿਕਾਰੀ ਕਮਾਂਡੈਂਟ ਦਵਿੰਦਰ ਸਿੰਘ ਨੇ ਸੰਪਰਕ ਕਰਨ 'ਤੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਸੰਤ ਬਾਬਾ ਜਸਪਾਲ ਸਿੰਘ ਵੀਰਵਾਰ ਸਵੇਰੇ ਉਸ ਸਮੇਂ ਸੰਤ ਬਾਬਾ ਜੀਤ ਸਿੰਘ ਨਾਲ ਮੌਜੂਦ ਸਨ, ਜਦੋਂ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸੰਤ ਬਾਬਾ ਬਸੰਤ ਸਿੰਘ ਅਤੇ ਸੰਤ ਬਾਬਾ ਗਿਆਨ ਸਿੰਘ ਦੇ ਬਰਸੀ ਸਮਾਰੋਹ ਵਿਚ ਹਿੱਸਾ ਲੈਣ ਲਈ ਨਿਰਮਲ ਕੁਟੀਆ ਪੁੱਜੇ। ਉਨ੍ਹਾਂ ਦੇ ਜਾਣ ਤੋਂ ਬਾਅਦ ਕਿਸੇ ਕਾਰਨ ਉਹ ਆਪਣੇ ਕਮਰੇ ਵਿਚ ਖੁਦ ਹੀ ਚਲੇ ਗਏ। ਕਮਾਂਡੈਂਟ ਦਵਿੰਦਰ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਜਸਪਾਲ ਸਿੰਘ ਨੂੰ ਬੰਧਕ ਬਣਾਏ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸੰਤ ਬਾਬਾ ਜਸਪਾਲ ਸਿੰਘ ਨੇ ਆਪਣੇ ਮੋਬਾਈਲ ਤੋਂ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਲਗਭਗ 3 ਸਾਲ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਕੰਮ ਨਿਰਮਲ ਕੁਟੀਆ ਵਿਚ ਬੇਲੋੜੀ ਦਖਲਅੰਦਾਜ਼ੀ ਕਰਨ ਵਾਲੇ ਕੁੱਝ ਸ਼ਰਾਰਤੀ ਅਨਸਰਾਂ ਦਾ ਹੈ। ਉਨ੍ਹਾਂ ਕਿਹਾ ਕਿ ਉਹ ਸੰਤ ਬਾਬਾ ਜੀਤ ਸਿੰਘ ਦਾ ਪੂਰਾ ਸਤਿਕਾਰ ਕਰਦੇ ਹਨ ਪਰ ਕੁਝ ਲੋਕ ਉਨ੍ਹਾਂ ਦੋਵਾਂ ਦਰਮਿਆਨ ਵਿਵਾਦ ਪੈਦਾ ਕਰਨ 'ਤੇ ਤੁਲੇ ਹੋਏ ਹਨ। ਸ਼ਰਾਰਤੀ ਅਨਸਰ ਉਨ੍ਹਾਂ ਨੂੰ ਨਿਰਮਲ ਕੁਟੀਆ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੂੰ ਬੰਧਕ ਬਣਾਇਆ ਜਾਣਾ ਵੀ ਇਸੇ ਦਾ ਇਕ ਹਿੱਸਾ ਹੈ।
ਸੰਤ ਬਾਬਾ ਜਸਪਾਲ ਸਿੰਘ ਮੁਤਾਬਕ ਉਹ ਸਾਲ 1980 ਵਿਚ ਨਿਰਮਲ ਕੁਟੀਆ ਵਿਚ ਆਏ ਸਨ, ਉਦੋਂ ਉਨ੍ਹਾਂ ਦੀ ਉਮਰ 10 ਸਾਲ ਸੀ। 1999 ਤੋਂ 2001 ਤੱਕ ਉਹ ਸੱਚਖੰਡ ਵਾਸੀ ਸੰਤ ਬਾਬਾ ਗਿਆਨ ਸਿੰਘ ਅਤੇ ਉਨ੍ਹਾਂ ਦੇ ਸਹਾਇਕ ਸੰਤ ਬਾਬਾ ਹਰਭਜਨ ਸਿੰਘ ਦੀ ਕਾਰ ਵੀ ਚਲਾਉਂਦੇ ਰਹੇ ਹਨ। ਸੰਤ ਬਾਬਾ ਹਰਭਜਨ ਸਿੰਘ ਵਿਰਕਤ ਦੇ ਬ੍ਰਹਮਲੀਨ ਹੋ ਜਾਣ ਦੇ ਬਾਅਦ 20 ਮਾਰਚ 2002 'ਚ ਨਿਰਮਲ ਭੇਖ ਦੇ ਸੰਤਾਂ ਤੇ ਸੰਗਤ ਦੀ ਵੱਡੀ ਮੌਜੂਦਗੀ 'ਚ ਸੰਤ ਬਾਬਾ ਜੀਤ ਸਿੰਘ ਨੂੰ ਨਿਰਮਲ ਕੁਟੀਆ ਦਾ ਪ੍ਰਮੁੱਖ ਬਣਾਇਆ ਗਿਆ ਸੀ, ਨਾਲ ਹੀ ਉਨ੍ਹਾਂ ਨੂੰ (ਸੰਤ ਬਾਬਾ ਜਸਪਾਲ ਸਿੰਘ) ਜੋ ਸਹਾਇਕ ਪ੍ਰਮੁੱਖ ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸੰਤ ਬਾਬਾ ਜੀਤ ਸਿੰਘ ਮਾਣਯੋਗ ਸ਼ਖਸੀਅਤ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਸ਼ੁਰੂ ਤੋਂ ਹੀ ਚੰਗੇ ਸਬੰਧ ਰਹੇ ਹਨ ਪਰ ਸ਼ਰਾਰਤੀ ਅਨਸਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ, ਜਿਸ ਕਾਰਨ ਉਹ ਉਨ੍ਹਾਂ ਦੋਹਾਂ ਵਿਚ ਵਿਵਾਦ ਖੜ੍ਹਾ ਕਰਨ 'ਤੇ ਤੁਲੇ ਹੋਏ ਹਨ। ਸੰਤ ਬਾਬਾ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਜੇ ਸ਼ਰਾਰਤੀ ਅਨਸਰਾਂ ਨੂੰ ਨਿਰਮਲ ਕੁਟੀਆ ਤੋਂ ਬਾਹਰ ਦਾ ਰਸਤਾ ਨਾ ਦਿਖਾਇਆ ਗਿਆ ਤਾਂ ਆਉਣ ਵਾਲੇ ਸਮੇਂ 'ਚ ਇਸ ਦਾ ਅਸਰ ਨਿਰਮਲ ਕੁਟੀਆ 'ਚ ਆਉਣ ਵਾਲੀ ਸੰਗਤ 'ਤੇ ਪੈ ਸਕਦਾ ਹੈ ਤੇ ਮਾਹੌਲ ਜ਼ਿਆਦਾ ਵੀ ਖਰਾਬ ਹੋ ਸਕਦਾ ਹੈ। ਸੰਤ ਬਾਬਾ ਜਸਪਾਲ ਸਿੰਘ ਦਾ ਤਾਂ ਇਹ ਵੀ ਕਹਿਣਾ ਹੈ ਕਿ ਅੱਜ ਉਨ੍ਹਾਂ ਨੂੰ ਕਿਸੇ ਨਾਲ ਮਿਲਣ ਵੀ ਨਹੀਂ ਦਿੱਤਾ ਗਿਆ। ਰਾਤ ਨੂੰ ਵੀ ਉਹ ਆਪਣੇ ਕਮਰੇ 'ਚ ਹੀ ਸਨ ਤੇ ਬਾਹਰੋਂ ਤਾਲਾ ਲੱਗਾ ਹੋਇਆ ਸੀ। ਪ੍ਰਸ਼ਾਸਨ 'ਚ ਅਜਿਹੀ ਸੂਚਨਾ ਮਿਲਣ 'ਤੇ ਹੁੜਦੰਗ ਮਚ ਗਿਆ ਤੇ ਸੀ. ਆਈ. ਡੀ. ਦੇ ਮੁਲਾਜ਼ਮ ਇਸ ਸਬੰਧੀ ਜਾਣਕਾਰੀ ਲੈਣ ਲਈ ਨਿਰਮਲ ਕੁਟੀਆ ਪਹੁੰਚ ਗਏ ਪਰ ਉਨ੍ਹਾਂ ਨੂੰ ਵੀ ਅਜਿਹਾ ਹੀ ਕਿਹਾ ਗਿਆ ਕਿ ਸਭ ਕੁੱਝ ਠੀਕ ਹੈ, ਕੁੱਝ ਵੀ ਨਹੀਂ ਹੋਇਆ।
2 ਸੰਤਾਂ ਦੀ ਪਰੰਪਰਾ ਨੂੰ ਖਤਮ ਕਰਨ ਦੀ ਕੋਸ਼ਿਸ਼
ਨਿਰਮਲ ਕੁਟੀਆ ਜੌਹਲਾਂ 'ਚ ਸ਼ੁਰੂ ਤੋਂ 2 ਸੰਤਾਂ ਕੋਲ ਕਮਾਨ ਰਹੀ ਹੈ। ਇਕ ਵੱਡੇ ਸੰਤ ਤੇ ਦੂਸਰੇ ਛੋਟੇ ਸੰਤ ਪਰ ਇਸ ਪਰੰਪਰਾ ਨੂੰ ਖਤਮ ਕਰਨ ਦੀ ਸ਼ਰਾਰਤੀ ਅਨਸਰਾਂ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਿਰਮਲ ਕੁਟੀਆ ਦੇ ਮੌਜੂਦਾ ਪ੍ਰਮੁੱਖ ਸੰਤ ਬਾਬਾ ਜੀਤ ਸਿੰਘ ਦੇ ਸਹਾਇਕ ਪ੍ਰਮੁੱਖ ਸੰਤ ਬਾਬਾ ਜਸਪਾਲ ਸਿੰਘ ਨੂੰ ਅੱਜ ਬੰਧਕ ਬਣਾਉਣਾ ਵੀ ਇਸ ਸਾਜਿਸ਼ ਦਾ ਹੀ ਇਕ ਹਿੱਸਾ ਮੰਨਿਆ ਜਾ ਰਿਹਾ ਹੈ। ਨਿਰਮਲ ਕੁਟੀਆ ਦੇ ਇਤਿਹਾਸ 'ਚ ਪਹਿਲੇ ਸੰਤ ਬਾਬਾ ਬਸੰਤ ਸਿੰਘ ਦੇ ਨਾਲ ਸੰਤ ਬਾਬਾ ਗਿਆਨ ਸਿੰਘ ਹੁੰਦੇ ਸਨ। ਸੰਤ ਬਾਬਾ ਬਸੰਤ ਸਿੰਘ ਦੇ ਬ੍ਰਹਮਲੀਨ ਹੋਣ ਦੇ ਬਾਅਦ ਸੰਤ ਬਾਬਾ ਗਿਆਨ ਸਿੰਘ ਦੇ ਨਾਲ ਸੰਤ ਬਾਬਾ ਹਰਭਜਨ ਸਿੰਘ ਵਿਕਰਤ ਹੋਇਆ ਕਰਦੇ ਸਨ। ਸੰਤ ਬਾਬਾ ਗਿਆਨ ਸਿੰਘ ਦੇ ਬ੍ਰਹਮਲੀਨ ਹੋਣ 'ਤੇ ਸੰਤ ਬਾਬਾ ਹਰਭਜਨ ਸਿੰਘ ਵਿਕਰਤ ਦੇ ਨਾਲ ਸੰਤ ਬਾਬ ਜੀਤ ਸਿੰਘ ਸਨ। ਸੰਤ ਬਾਬਾ ਹਰਭਜਨ ਸਿੰਘ ਵਿਕਰਤ ਦੇ ਬ੍ਰਹਮਲੀਨ ਹੋਣ ਦੇ ਬਾਅਦ ਸੰਤ ਬਾਬਾ ਜੀਤ ਸਿੰਘ ਦੇ ਨਾਲ ਹੁਣ ਸੰਤ ਬਾਬਾ ਜਸਪਾਲ ਸਿੰਘ ਸਹਾਇਕ ਦੇ ਰੂਪ 'ਚ ਹਨ।
ਜ਼ਮੀਨੀ ਝਗੜਾ, ਐੱਨ. ਆਰ. ਆਈ. ਵਲੋਂ ਫਾਇਰਿੰਗ, 3 ਜ਼ਖਮੀ
NEXT STORY