ਚੰਡੀਗੜ੍ਹ : ਚੰਡੀਗੜ੍ਹ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਇਕ ਵਾਰ ਫਿਰ 'ਖੇਰ' 'ਚ ਉਮੀਦ ਦੀ 'ਕਿਰਨ' ਦਿਖਾਈ ਦਿੱਤੀ ਹੈ ਅਤੇ ਪਾਰਟੀ ਨੇ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ। ਦੱਸ ਦੇਈਏ ਕਿ ਚੰਡੀਗੜ੍ਹ 'ਚ ਭਾਜਪਾ ਦੀ ਟਿਕਟ ਨੂੰ ਲੈ ਕੇ ਕਈ ਦਿਨਾਂ ਤੋਂ ਅਟਕਲਾਂ ਦਾ ਦੌਰ ਜਾਰੀ ਸੀ। ਹਾਲਾਂਕਿ ਇੱਥੋਂ ਪਾਰਟੀ ਟਿਕਟ ਦੇ ਤਿੰਨ ਮੁੱਖ ਦਾਅਵੇਦਾਰ ਪ੍ਰਧਾਨ ਸੰਜੇ ਟੰਡਨ, ਸਾਬਕਾ ਸਾਂਸਦ ਸਤਪਾਲ ਜੈਨ ਅਤੇ ਕਿਰਨ ਖੇਰ ਦਾ ਨਾਂ ਚੋਣ ਕਮੇਟੀ ਵਲੋਂ ਹਾਈਕਮਾਨ ਨੂੰ ਭੇਜਿਆ ਗਿਆ ਸੀ। ਮੰਗਲਵਾਰ ਦੇਰ ਸ਼ਾਮ ਪਾਰਟੀ ਨੇ ਪੰਜਾਬ ਦੇ 2 ਉਮੀਦਵਾਰਾਂ ਦੇ ਨਾਲ ਹੀ ਕਿਰਨ ਖੇਰ ਨੂੰ ਵੀ ਚੰਡੀਗੜ੍ਹ ਤੋਂ ਦੁਬਾਰਾ ਮੈਦਾਨ 'ਚ ਉਤਾਰਨ ਦਾ ਐਲਾਨ ਕਰ ਦਿੱਤਾ।
ਨਿਜੀ ਜ਼ਿੰਦਗੀ 'ਤੇ ਇਕ ਝਾਤ
ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਦਾ ਜਨਮ 14 ਜੂਨ, 1955 'ਚ ਹੋਇਆ ਸੀ। ਕਿਰਨ ਖੇਰ ਨੇ ਸ਼ੁਰੂਆਤੀ ਪੜ੍ਹਾਈ ਦੇ ਨਾਲ ਚੰਡੀਗੜ੍ਹ ਦੇ 'ਇੰਡੀਅਨ ਥੀਏਟਰ ਆਫ ਪੰਜਾਬ ਯੂਨੀਵਰਸਿਟੀ' ਤੋਂ ਗ੍ਰੇਜੂਏਸ਼ਨ ਕੀਤੀ। 1985 'ਚ ਕਿਰਨ ਖੇਰ ਨੇ ਅਦਾਕਾਰ ਅਨੁਪਮ ਖੇਰ ਨਾਲ ਵਿਆਹ ਕਰਵਾ ਲਿਆ। 16ਵੀਂ ਲੋਕ ਸਭਾ 'ਚ ਗ੍ਰਹਿ ਮਾਮਲਿਆਂ ਦੀ ਸਥਾਈ ਕਮੇਟੀ ਦੀ ਕਿਰਨ ਖੇਰ ਮੈਂਬਰ ਰਹੀ। ਆਪਣੇ ਕਾਰਜਕਾਲ ਦੌਰਾਨ ਭਾਜਪਾ ਸਾਂਸਦ ਕਿਰਨ ਖੇਰ ਨੇ ਲੋਕ ਸਭਾ 'ਚ 37 ਚਰਚਾਵਾਂ 'ਚ ਹਿੱਸਾ ਲਿਆ ਅਤੇ 251 ਸਵਾਲ ਪੁੱਛੇ। ਕਿਰਨ ਖੇਰ ਲੋਕ ਸਭਾ 'ਚ ਇਕ ਪ੍ਰਾਈਵੇਟ ਮੈਂਬਰ ਬਿੱਲ ਵੀ ਪਾਸ ਕਰਾਉਣ 'ਚ ਸਫਲ ਰਹੀ ਸੀ।
ਜਾਣੋ ਸਿਆਸੀ ਪਿਛੋਕੜ
ਕਿਰਨ ਖੇਰ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ। ਉਨ੍ਹਾਂ ਨੇ 2011 ਦੀਆਂ ਨਗਰ ਨਿਗਮ ਚੋਣਾਂ ਲਈ ਚੰਡੀਗੜ੍ਹ ਸਮੇਤ ਕਈ ਹੋਰ ਚੋਣਾਂ ਦੌਰਾਨ ਪੂਰੇ ਦੇਸ਼ 'ਚ ਪਾਰਟੀ ਲਈ ਪ੍ਰਚਾਰ ਕੀਤਾ ਹੈ। ਭਾਜਪਾ ਨੇ ਉਨ੍ਹਾਂ ਨੂੰ 2014 ਦੀਆਂ ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਤੋਂ ਉਮੀਦਵਾਰ ਦੇ ਤੌਰ 'ਤੇ ਉਤਾਰਿਆ ਅਤੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਸੀਟ ਜਿੱਤ ਕੇ ਪਾਰਟੀ ਦੇ ਭਰੋਸੇ ਨੂੰ ਕਾਇਮ ਰੱਖਿਆ। ਇਨ੍ਹਾਂ ਚੋਣਾਂ 'ਚ ਕਿਰਨ ਖੇਰ ਨੇ ਕਾਂਗਰਸ ਦੇ ਕੱਦਵਾਰ ਨੇਤਾ ਪਵਨ ਬਾਂਸਲ ਨੂੰ ਹਰਾ ਕੇ ਭਾਜਪਾ ਨੂੰ ਇੱਥੋਂ ਜਿੱਤ ਦੁਆਈ ਸੀ। ਕਿਰਨ ਖੇਰ ਨੂੰ 42.20 ਫੀਸਦੀ ਵੋਟ ਸ਼ੇਅਰ ਦੇ ਨਾਲ 1,91,362 ਵੋਟਾਂ ਮਿਲੀਆਂ ਸਨ, ਜਦੋਂ ਕਿ ਕਾਂਗਰਸੀ ਉਮੀਦਵਾਰ ਪਵਨ ਬਾਂਸਲ ਨੂੰ 26.84 ਫੀਸਦੀ ਵੋਟ ਸ਼ੇਅਰ ਨਾਲ 1,21,270 ਵੋਟਾਂ ਹਾਸਲ ਹੋਈਆਂ ਸਨ। ਤੀਜੇ ਨੰਬਰ 'ਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਲ ਪਨਾਗ ਰਹੀ ਸੀ, ਜਿਸ ਨੂੰ 1,08,679 ਵੋਟਾਂ ਮਿਲੀਆਂ ਸਨ।
ਅਦਾਕਾਰੀ ਲਈ ਜਿੱਤਿਆ ਅੰਤਰਰਾਸ਼ਟਰੀ ਐਵਾਰਡ
ਕਿਰਨ ਖੇਰ ਕਈ ਅਖਬਾਰਾਂ 'ਚ ਕਾਲਮ ਲਿਖ ਚੁੱਕੀ ਹੈ। ਉਨ੍ਹਾਂ ਨੂੰ ਬੈਸਟ ਜਿਊਰੀ ਅਤੇ ਬੈਸਟ ਅਦਾਕਾਰਾ ਲਈ 2 ਰਾਸ਼ਟਰੀ ਐਵਾਰਡ ਵੀ ਮਿਲੇ ਹਨ। ਨਾਲ ਹੀ ਉਨ੍ਹਾਂ ਨੂੰ ਸਭ ਤੋਂ ਵਧੀਆ ਅਭਿਨੇਤਰੀ ਦਾ ਅੰਤਰਰਾਸ਼ਟਰੀ ਪੁਰਸਕਾਰ ਵੀ ਦਿੱਤਾ ਜਾ ਚੁੱਕਾ ਹੈ। ਉਹ ਕੰਨਿਆ ਭਰੂਣ ਹੱਤਿਆ ਖਿਲਾਫ ਚਲਾਈ ਗਈ ਮੁਹਿੰਮ 'ਲਾਡਲੀ' ਦੀ ਬ੍ਰਾਂਡ ਅੰਬੈਸਡਰ ਹਨ ਅਤੇ ਕੈਂਸਰ ਦੇ ਖਿਲਾਫ ਜਾਗਰੂਕਤਾ ਲਈ ਚਲੀਆਂ ਜਾਣ ਵਾਲੀਆਂ 'ਰੋਕੋ ਕੈਂਸਰ' ਮੁਹਿੰਮਾਂ 'ਚ ਸ਼ਾਮਲ ਰਹੀ ਹੈ। ਨਾਲ ਹੀ ਮੱਧ ਪ੍ਰਦੇਸ਼ ਅਤੇ ਹਰਿਆਣਾ 'ਚ 'ਬੇਟੀ ਬਚਾਓ ਅੰਦੋਲਨ' ਨਾਲ ਜੁੜੀ ਰਹੀ ਹੈ।
ਸਭ ਨੂੰ ਨਾਲ ਲੈ ਕੇ ਚੱਲਣਾ ਵੱਡੀ ਚੁਣੌਤੀ
ਕਿਰਨ ਖੇਰ ਲਈ ਸ਼ਹਿਰ 'ਚ ਸਭ ਤੋਂ ਵੱਡੀ ਚੁਣੌਤੀ ਧੜਿਆਂ 'ਚ ਵੰਡੀ ਪਾਰਟੀ ਨੂੰ ਇਕੱਠੇ ਲੈ ਕੇ ਚੱਲਣ ਦੀ ਹੋਵੇਗੀ। ਉਨ੍ਹਾਂ ਲਈ ਮੁਸ਼ਕਲ ਇਹ ਵੀ ਰਹੇਗਾ ਕਿ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਉਨ੍ਹਾਂ ਦਾ ਪ੍ਰਚਾਰ ਵੀ ਸਿਖਰਾਂ 'ਤੇ ਹੈ। ਆਪਣੇ ਕਾਰਜਕਾਲ ਦੇ 4 ਸਾਲਾਂ 'ਚ ਉਹ ਭਾਜਪਾ ਦਫਤਰ 'ਚ ਵਿਸ਼ੇਸ਼ ਸਮਾਰੋਹਾਂ 'ਚ ਹੀ ਦਿਖਾਈ ਦਿੱਤੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਉਹ ਚੰਡੀਗੜ੍ਹ ਭਾਜਪਾ ਦੇ ਮੁੱਖ ਦਫਤਰ 'ਚ 'ਓਪਨ ਦਰਬਾਰ' ਵੀ ਲਾ ਰਹੀ ਸੀ।
ਪਾਰਟੀ 'ਚ ਕਿਸੇ ਨਾਲ ਰੰਿਜਸ਼ ਨਹੀਂ
ਚੰਡੀਗੜ੍ਹ ਤੋਂ ਚੋਣ ਮੈਦਾਨ 'ਚ ਉਤਰਦਿਆਂ ਹੀ ਕਿਰਨ ਖੇਰ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਕਿਰਨ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਦੇ ਵਿਕਾਸ ਨੂੰ ਪਹਿਲਾਂ ਵੀ ਪਹਿਲ ਦਿੱਤੀ ਗਈ ਸੀ ਅਤੇ ਹੁਣ ਇਸ ਤੋਂ ਡਬਲ ਕੰਮ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ 'ਚ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਚੰਡੀਗੜ੍ਹ ਦੀ ਸੀਟ ਨੂੰ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਅੰਤਰ ਨਾਲ ਜਿਤਾਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਹਰਮੋਹਨ ਧਵਨ ਦੀ ਅੱਜ ਵੀ ਬਹੁਤ ਇੱਜ਼ਤ ਕਰਦੀ ਹੈ ਅਤੇ ਪਾਰਟੀ ਵੱਖਰੀ ਹੋਣ ਕਾਰਨ ਉਨ੍ਹਾਂ ਨਾਲ ਵੀ ਮੁਕਾਬਲਾ ਹੋਵੇਗਾ।
ਟੰਡਨ ਮੇਰੇ ਵੱਡੇ ਭਰਾ : ਖੇਰ
ਕਿਰਨ ਖੇਰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ ਦੇ ਘਰ ਉਨ੍ਹਾਂ ਨੂੰ ਮਿਲਣ ਗਈ ਅਤੇ ਉਨ੍ਹਾਂ ਨੂੰ ਫਿਰ ਆਪਣਾ ਵੱਡਾ ਭਰਾ ਕਿਹਾ। ਟੰਡਨ ਨੇ ਵੀ ਖੇਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੂਰੀ ਪਾਰਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਹਾਲਾਂਕਿ ਟੰਡਨ ਕਾਫੀ ਨਿਰਾਸ਼ ਨਜ਼ਰ ਆ ਰਹੇ ਸਨ। ਉਹ ਖੇਰ ਨੂੰ ਘਰ ਦੇ ਮੁੱਖ ਗੇਟ ਤੱਕ ਛੱਡਣ ਲਈ ਵੀ ਨਹੀਂ ਆਏ।
6,19,249 ਵੋਟਰ ਕਰਨਗੇ ਕਿਸਮਤ ਦਾ ਫੈਸਲਾ
ਚੋਣ ਕਮਿਸ਼ਨ ਮੁਤਾਬਕ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ 'ਚ ਕੁੱਲ ਵੋਟਰਾਂ ਦੀ ਗਿਣਤੀ 8,57,343 ਸੀ ਪਰ ਇਸ ਵਾਰ 2.38 ਲੱਖ ਘਟ ਕੇ 6,19,249 ਵੋਟਰ ਹੀ ਬਚੇ ਹਨ। ਸਾਲ 2014 'ਚ ਇੱਥੇ ਸੀਨੀਅਰ ਵੋਟਰਾਂ ਦੀ ਗਿਣਤੀ 61,868 ਸੀ, ਜੋ ਕਿ ਹੁਣ ਵਧ ਕੇ 83,952 ਹੋ ਗਈ ਹੈ।
ਸੁਖਬੀਰ ਬਾਦਲ ਅਤੇ ਹਰਸਿਮਰਤ 26 ਅਪ੍ਰੈਲ ਨੂੰ ਭਰਨਗੇ ਨਾਮਜ਼ਦਗੀ ਪੱਤਰ
NEXT STORY