ਜਲੰਧਰ (ਧਵਨ)— ਕਾਂਗਰਸ ਨੇ ਲੋਕ ਸਭਾ ਦੇ ਨਾਲ-ਨਾਲ ਭਾਜਪਾ ਦੇ ਰਾਜ ਵਾਲੇ ਸੂਬਿਆਂ ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਨੂੰ ਲੱਗਦਾ ਹੈ ਕਿ ਅਪ੍ਰੈਲ, ਮਈ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਹੀ ਇਨ੍ਹਾਂ ਸੂਬਿਆਂ 'ਚ ਵੀ ਸਮੇਂ ਤੋਂ ਪਹਿਲਾਂ ਚੋਣਾਂ ਹੋ ਸਕਦੀਆਂ ਹਨ। ਇਨ੍ਹਾਂ ਤਿੰਨ ਸੂਬਿਆਂ ਦਾ ਕਾਰਜਕਾਲ ਇਸ ਸਾਲ ਦੇ ਅੰਤ 'ਚ ਸਮਾਪਤ ਹੋਣ ਵਾਲਾ ਹੈ।
ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੀ ਹਾਈ ਕਮਾਂਡ ਅਤੇ ਸੂਬਾ ਕਾਂਗਰਸ ਕਮੇਟੀਆਂ ਅਪ੍ਰੈਲ, ਮਈ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਬਣਾਉਣ 'ਚ ਜੁਟੀਆਂ ਹੋਈਆਂ ਹਨ। ਇਸ ਦੇ ਨਾਲ ਹੀ ਤਿੰਨ ਸੂਬਿਆਂ ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ਜੇਕਰ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਜਾਂਦਾ ਹੈ ਤਾਂ ਉਸ ਦੇ ਲਈ ਰਣਨੀਤੀ ਤੈਅ ਕਰਨ ਲਈ ਕੰਮ ਕਰ ਰਹੀਆਂ ਹਨ। ਕਾਂਗਰਸ ਕੈਂਪ ਦਾ ਮੰਨਣਾ ਹੈ ਕਿ ਹਰਿਆਣਾ ਅਤੇ ਮਹਾਰਾਸ਼ਟਰ 'ਚ ਭਾਜਪਾ ਦੇ ਸਮੀਕਰਨ ਅਤੇ ਕੁਝ ਮਜਬੂਰੀਆਂ ਇੱਥੇ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਵੱਲ ਇਸ਼ਾਰਾ ਕਰ ਰਹੀਆਂ ਹਨ। ਹਾਲਾਂਕਿ ਭਾਜਪਾ ਅਤੇ ਕੇਂਦਰ ਸਰਕਾਰ ਨੇ ਅਜੇ ਇਸ ਮਸਲੇ 'ਤੇ ਪੱਤੇ ਨਹੀਂ ਖੋਲ੍ਹੇ ਹਨ।
ਕਾਂਗਰਸ ਦਾ ਮੰਨਣਾ ਹੈ ਕਿ ਇਕ ਫਰਵਰੀ ਨੂੰ ਨਰਿੰਦਰ ਮੋਦੀ ਸਰਕਾਰ ਦੇ ਪ੍ਰਸਤਾਵਾਂ ਨਾਲ ਭਾਜਪਾ ਦੇ ਸਿਆਸੀ ਕਦਮ ਦਾ ਖੁਲਾਸਾ ਹੋ ਸਕਦਾ ਹੈ। ਚੋਣ ਆਯੋਗ ਮਾਰਚ ਦੇ ਸ਼ੁਰੂ 'ਚ ਲੋਕ ਸਭਾ ਦੀਆਂ ਚੋਣਾਂ ਦੀ ਤਰੀਕ ਦਾ ਐਲਾਨ ਕਰ ਸਕਦਾ ਹੈ।
ਕਾਂਗਰਸ ਨੇਤਾਵਾਂ ਦਾ ਮੰਨਣਾ ਹੈ ਕਿ ਹਰਿਆਣਾ 'ਚ ਮਨੋਹਰ ਲਾਲ ਖੱਟੜ ਸਰਕਾਰ ਅਕਤੂਬਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪੂਰੀ ਤਾਕਤ ਨਾਲ ਨਹੀਂ ਉਤਰ ਸਕਦੀ। ਇਸ ਲਈ ਭਾਜਪਾ ਉਥੇ ਲੋਕ ਸਭਾ ਚੋਣਾਂ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਵੀ ਕਰਵਾ ਸਕਦੀ ਹੈ। ਦੂਜੇ ਪਾਸੇ ਮਹਾਰਾਸ਼ਟਰ 'ਚ ਕਾਂਗਰਸ-ਰਾਕਾਂਪਾ ਨੂੰ ਲੱਗਦਾ ਹੈ ਕਿ ਭਾਜਪਾ ਅਤੇ ਦੇਵੇਂਦਰ ਫੜਨਵੀਸ ਸਰਕਾਰ ਦਾ ਕਾਰਜਕਾਲ ਘੱਟ ਕਰਨ ਲਈ ਸਹਿਯੋਗੀ ਸ਼ਿਵ ਸੈਨਾ ਦਾ ਜ਼ਬਰਦਸਤ ਦਬਾਅ ਹੈ। ਅਜਿਹੇ 'ਚ ਭਾਜਪਾ ਸਹਿਯੋਗੀ ਸ਼ਿਵ ਸੈਨਾ ਨੂੰ ਮਨਾਉਣ ਲਈ ਲੋਕ ਸਭਾ ਚੋਣਾਂ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਵੀ ਕਰਵਾ ਸਕਦੀ ਹੈ।
ਮਹਾਰਾਸ਼ਟਰ 'ਚ ਭਾਜਪਾ ਅਤੇ ਸ਼ਿਵ ਸੈਨਾ ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਖਬਰਾਂ ਇਹ ਵੀ ਹਨ ਕਿ ਮੁੱਖ ਮੰਤਰੀ ਫੜਨਵੀਸ ਆਪਣਾ ਕਾਰਜਕਾਲ ਪੂਰਾ ਕਰਨਾ ਚਾਹੁੰਦੇ ਹਨ।
ਝਾਰਖੰਡ 'ਚ ਵੀ ਕਾਂਗਰਸ ਅਤੇ ਜੇ. ਐੱਮ. ਐੱਸ., ਆਰ. ਜੇ. ਡੀ. ਅਤੇ ਜੇ. ਵੀ.ਐੱਮ. ਲੋਕ ਸਭਾ ਚੋਣਾਂ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਵੀ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ ਮਈ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਾਲ ਓਡਿਸ਼ਾ, ਆਂਧਰਾ ਪ੍ਰਦੇਸ਼ ਅਤੇ ਸਿੱਕਮ 'ਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ।
ਹਰਿਆਣਾ ਕਾਂਗਰਸ ਮੁਖੀ ਅਸ਼ੋਕ ਤੰਵਰ ਨੇ ਦੱਸਿਆ ਕਿ ਹਰਿਆਣਾ ਕਾਂਗਰਸ ਅਪ੍ਰੈਲ-ਮਈ 'ਚ ਹੋ ਰਹੀਆਂ ਲੋਕ ਸਭਾ ਅਤੇ ਸੂਬਾ ਵਿਧਾਨ ਸਭਾ ਚੋਣਾਂ ਇਕੱਠੀਆਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹਰਿਆਣਾ ਕਾਂਗਰਸ ਅਤੇ ਸੂਬੇ ਦੀ ਜਨਤਾ ਕੇਂਦਰ ਦੀ ਮੋਦੀ ਅਤੇ ਸੂਬੇ 'ਚ ਭਾਜਪਾ ਸਰਕਾਰ ਨੂੰ ਹਰਾਉਣ ਲਈ ਤਿਆਰ।
ਝਾਰਖੰਡ ਦੇ ਕਾਂਗਰਸ ਇੰਚਾਰਜ ਆਰ. ਪੀ. ਐੱਨ. ਸਿੰਘ ਨੇ ਕਿਹਾ ਕਿ ਝਾਰਖੰਡ ਕਾਂਗਰਸ ਲੋਕ ਸਭਾ ਚੋਣਾਂ ਹੀ ਨਹੀਂ ਵਿਧਾਨ ਸਭਾ ਚੋਣਾਂ ਲਈ ਵੀ ਤਿਆਰ ਹੈ।
ਸੁਖਬੀਰ ਬਾਦਲ ਨੇ ਜ਼ੀਰਾ ਨੂੰ ਪਛਾਨਣ ਤੋਂ ਕੀਤਾ ਇਨਕਾਰ (ਵੀਡੀਓ)
NEXT STORY