ਲੁਧਿਆਣਾ (ਜ. ਬ.)-ਨਾਮਧਾਰੀ ਸੰਗਤਾਂ ਦੇ ਪ੍ਰਮੁੱਖ ਤੀਰਥ ਅਸਥਾਨ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਵਰ੍ਹੇ ਦੇ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਨਾਮਧਾਰੀ ਮੁਖੀ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ’ਚ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੇ ਤ੍ਰਿਵੈਣੀ ਪੁਰਬ ਹੋਲਾ-ਮਹੱਲਾ, ਜਿਸ ’ਚ ਲੱਖਾਂ ਦੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ। ਅੱਜ ਸੰਪਨਤਾ ਸਮਾਗਮ ਮੌਕੇ ਵਿਸ਼ਵ ਸ਼ਾਂਤੀ ਲਈ 251 ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਤੇ 8 ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਕੀਤੇ ਗਏ। ਆਸਾ ਜੀ ਦੀ ਵਾਰ ਦਾ ਕੀਰਤਨ ਹਜ਼ੂਰੀ ਰਾਗੀ ਹਰਬੰਸ ਸਿੰਘ ਘੁੱਲਾ ਤੇ ਰਾਗੀ ਬਲਵੰਤ ਸਿੰਘ ਦੇ ਜਥੇ ਨੇ ਕੀਤਾ। ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਸਤਿਗੁਰੂ ਉਦੇ ਸਿੰਘ ਜੀ ਨੇ ਆਖਿਆ ਕਿ ਨਾਮ ਸਿਮਰਨ ਕਰਦਿਆਂ ਸਾਡਾ ਧਿਆਨ ਹੋਰ ਕਿਸੇ ਪਾਸੇ ਨਾ ਜਾਵੇ। ਸਤਿਗੁਰੂ ਜੀ ਦੇ ਚਰਨਾਂ ’ਚ ਧਿਆਨ ਲਾ ਕੇ ਇਕ ਘੰਟਾ ਨਾਮ ਸਿਮਰਨ ਲਾਜ਼ਮੀ ਕਰੋ। ਘਰੋਂ ਤੁਰਨ ਲੱਗਿਆ ਅਰਦਾਸ ਕਰ ਕੇ ਤੁਰੋ, ਆਪਣੇ ਬੱਚਿਆਂ ਨੂੰ ਸ਼ਾਮ ਨੂੰ ਗੁਰ ਇਤਿਹਾਸ ਦੀਆਂ ਸਾਖੀਆਂ ਸੁਣਾਓ। ਬੱਚਿਆਂ ਨੂੰ ਗੁਰਮੁਖੀ ਭਾਸ਼ਾ ਸਿਖਾਓ ਤੇ ਸ਼ੁੱਧ ਗੁਰਬਾਣੀ ਲਾਜ਼ਮੀ ਸਿਖਾਓ। ਮਨਾਂ ’ਚੋਂ ਈਰਖਾ ਕੱਢ ਕੇ ਹਰ ਲੋੜਵੰਦਾਂ ਦੀ ਸੇਵਾ ਕਰੋ, ਚਾਹੇ ਉਹ ਕਿਸੇ ਭੇਖ ਦਾ ਹੋਵੇ। ਨਾਮਧਾਰੀ ਦਾ ਅਰਥ ਜਿਸ ਦਾ ਆਧਾਰ ਨਾਮ ਹੈ, ਪੰਜ ਬਾਣੀਆਂ ਦੇ ਧਾਰਨੀ ਬਣੋ। ਉਨ੍ਹਾਂ ਆਖਿਆ ਸਾਨੂੰ ਮਾਤਾ ਚੰਦ ਕੌਰ ਜੀ ਨੇ ਸਾਦਗੀ ’ਚ ਰਹਿੰਦੀਆਂ ਸੇਵਾ ਕਰਨ ਦੀ ਸੇਧ ਦਿੱਤੀ। ਸਤਿਗੁਰੂ ਜਗਜੀਤ ਸਿੰਘ ਜੀ ਨੇ ਨਾਮਧਾਰੀ ਪੰਥ ਦਾ ਦੁਨੀਆ ’ਚ ਪ੍ਰਸਾਰ ਕੀਤਾ। ਇਸ ਮੇਲੇ ਦੀ ਸੇਵਾ ਉਨ੍ਹਾਂ ਦੇ ਪਿਆਰੇ ਸਿੱਖ ਸੂਬਾ ਰੇਸ਼ਮ ਸਿੰਘ ਕੈਨੇਡਾ ਦੇ ਪਰਿਵਾਰ ਨੇ ਬੜੀ ਨਿਰਮਤਾ ਨਾਲ ਕੀਤੀ। ਸਤਿਗੁਰੂ ਜੀ ਨੇ ਪੜ੍ਹਾਈ ’ਚ ਹੁਸ਼ਿਆਰ ਲੋੜਵੰਦ ਬੱਚਿਆਂ ਨੂੰ ਅਡਾਪਟ ਕਰਨ ਲਈ ਕਿਹਾ। ਉਨ੍ਹਾਂ ਦੱਸਿਆ 200×300 ਫੁੱਟ ਹਾਲ ਦਾ ਜਲਦ ਨਿਰਮਾਣ ਕੀਤਾ ਜਾਵੇਗਾ। ਵਿਦਿਅਕ ਜਥੇ ਦੇ ਨੌਜਵਾਨਾਂ ਵਲੋਂ ਸੁੰਦਰ ਚਿੱਤਰ ਪ੍ਰਦਰਸ਼ਨੀ ਲਾਈ ਤੇ ਗੱਡੀਆਂ ਦੀ ਪਾਰਕਿੰਗ ਦੇ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਸੰਤ ਜਗਤਾਰ ਸਿੰਘ, ਸੇਵਕ ਕਰਤਾਰ ਸਿੰਘ, ਸੇਵਕ ਆਸਾ ਸਿੰਘ ਮਾਨ, ਰਤਨ ਸਿੰਘ ਕਨੈਤਾ, ਸੂਬਾ ਬਲਵਿੰਦਰ ਸਿੰਘ, ਪ੍ਰਧਾਨ ਐੱਚ. ਐੱਸ. ਹੰਸਪਾਲ, ਮੀਤ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ ਤੇ ਪ੍ਰੈੱਸ ਸਕੱਤਰ ਲਖਵੀਰ ਬੱਦੋਵਾਲ ਵੀ ਮੌਜੂਦ ਸਨ।ਸੰਗਤਾਂ ਨੂੰ ਉਪਦੇਸ਼ ਦਿੰਦੇ ਸਤਿਗੁਰੂ ਉਦੇ ਸਿੰਘ ਜੀ ਤੇ ਅਰਦਾਸ ’ਚ ਸ਼ਾਮਲ ਸੰਗਤਾਂ।
ਬਲੈਰੋ ਗੱਡੀ ਛੱਡ ਕੇ ਭੱਜਿਆ ਸਮੱਗਲਰ, 124 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ
NEXT STORY