ਲੁਧਿਆਣਾ (ਵਿੱਕੀ) : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਬਾਵਜੂਦ ਲੁਧਿਆਣਾ ’ਚ ਕਈ ਅਜਿਹੇ ਸਕੂਲ ਹਨ, ਜੋ ਪਿਛਲੇ ਕਈ ਸਾਲਾਂ ਤੋਂ ਆਪਣੀ ਆਰ. ਟੀ. ਈ. ਦੀ ਮਾਨਤਾ ਹੀ ਰੀਨਿਊ ਨਹੀਂ ਕਰਵਾ ਰਹੇ ਅਤੇ ਬਿਨਾਂ ਮਾਨਤਾਂ ਦੇ ਹੀ 8ਵੀਂ ਤੱਕ ਸਕੂਲ ਚਲਾ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਅਜਿਹੇ ਸਕੂਲਾਂ ’ਤੇ ਕਾਰਵਾਈ ਲਈ ਸਿੱਖਿਆ ਵਿਭਾਗ ਕੋਈ ਕਦਮ ਨਹੀਂ ਚੁੱਕ ਰਿਹਾ। ਵਿਭਾਗ ਦੀ ਇਸ ਨਾਲਾਇਕੀ ਨਾਲ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਦਾ ਭਵਿੱਖ ਹਨੇਰੇ ’ਚ ਹੈ ਕਿਉਂਕਿ ਅਜਿਹੇ ਸਕੂਲਾਂ ਕੋਲ ਬੱਚਿਆਂ ਨੂੰ ਪੜ੍ਹਾਉਣ ਲਈ ਯੋਗ ਸਟਾਫ ਹੀ ਨਹੀਂ ਹੈ। ਜਾਣਕਾਰੀ ਮੁਤਾਬਕ ਵੱਖ-ਵੱਖ ਗਲੀਆਂ ਅਤੇ ਮੁਹੱਲਿਆਂ ’ਚ ਖੁੱਲ੍ਹੇ ਇਨ੍ਹਾਂ ਸਕੂਲਾਂ ਨੇ 2011 ਵਿਚ 8ਵੀਂ ਤੱਕ ਦੀ ਮਾਨਤਾ ਲੈਣ ਤੋਂ ਬਾਅਦ ਮੁੜ ਕਦੇ ਰੀਨਿਊ ਲਈ ਅਪਲਾਈ ਨਹੀਂ ਕੀਤਾ ਅਤੇ ਪਿਛਲੇ 12 ਸਾਲ ਤੋਂ ਇਸੇ ਹੀ ਤਰ੍ਹਾਂ ਚੱਲ ਰਹੇ ਹਨ, ਜਦੋਂਕਿ ਬੋਰਡ ਤੋਂ ਮਾਨਤਾ ਪ੍ਰਾਪਤ ਜਾਂ ਐਸੋਸੀਏਟਿਡ ਸਕੂਲ ਹਰ 3 ਸਾਲਾਂ ਬਾਅਦ ਆਪਣਾ ਆਰ. ਟੀ. ਈ. ਐਕਟ ਤਹਿਤ ਸਰਟੀਫਿਕੇਟ ਮਤਲਬ ਐੱਨ. ਓ. ਸੀ. ਵਿਭਾਗ ਤੋਂ ਰੀਨਿਊ ਕਰਵਾਉਂਦੇ ਹਨ। ਬਿਨਾਂ ਮਾਨਤਾ ਦੇ ਚੱਲ ਰਹੇ ਇਨ੍ਹਾਂ ਸਕੂਲਾਂ ’ਚ 8ਵੀਂ ਤੱਕ ਪੜ੍ਹਨ ਵਾਲੇ ਵਿਦਿਆਰਥੀ ਐਸੋਸੀਏਟਿਡ ਸਕੂਲਾਂ ਵਿਚ ਜਾ ਕੇ 9ਵੀਂ ਵਿਚ ਦਾਖਲਾ ਵੀ ਲੈ ਲੈਂਦੇ ਹਨ।
ਇਹ ਵੀ ਪੜ੍ਹੋ : ਗੁਰਬਾਣੀ ਪ੍ਰਸਾਰਣ ਲਈ ਨਵਾਂ ਚੈਨਲ ਲਾਂਚ ਕਰਨ ਉਪਰੰਤ ਐਡਵੋਕੇਟ ਧਾਮੀ ਦਾ ਵੱਡਾ ਬਿਆਨ
1 ਲੱਖ ਰੁਪਏ ਤੱਕ ਹੋ ਸਕਦੈ ਜੁਰਮਾਨਾ
ਸਿੱਖਿਆ ਵਿਭਾਗ ਦਾ ਕੰਮ ਸਿਰਫ ਹੁਕਮ ਜਾਰੀ ਕਰਨ ਤੱਕ ਹੀ ਸੀਮਤ ਹੈ। ਹੁਣ ਸਿੱਖਿਆ ਵਿਭਾਗ ਨੇ ਨਿੱਜੀ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਆਰ. ਟੀ. ਈ. ਐਕਟ-2009 ਤਹਿਤ ਜਿਨ੍ਹਾਂ ਸਕੂਲਾਂ ਦੀ ਮਾਨਤਾ ਮਾਰਚ 2023 ਨੂੰ ਖਤਮ ਹੋ ਗਈ ਹੈ, ਉਹ ਤੁਰੰਤ ਜ਼ਰੂਰੀ ਦਸਤਾਵੇਜ਼ ਅਪਲੋਡ ਕਰ ਕੇ ਈ-ਪੰਜਾਬ ਪੋਰਟਲ ’ਤੇ ਮਾਨਤਾ ਰੀਨਿਊ ਕਰਨ ਲਈ ਅਪਲਾਈ ਕਰਨ। ਇਸ ਸਬੰਧੀ ਜੇਕਰ ਕੋਈ ਸੰਚਾਲਕ ਬਿਨਾਂ ਮਾਨਤਾ ਸਰਟੀਫਿਕੇਟ ਪ੍ਰਾਪਤ ਕੀਤੇ ਸਕੂਲ ਚਲਾ ਰਿਹਾ ਹੈ ਜਾਂ ਮਾਨਤਾ ਰੱਦ ਹੋਣ ਤੋਂ ਬਾਅਦ ਵੀ ਸਕੂਲ ਖੁੱਲ੍ਹਾ ਰੱਖਦਾ ਹੈ ਤਾਂ ਉਸ ’ਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਲੱਗੇਗਾ ਅਤੇ ਉਲੰਘਣਾ ਦੀ ਸਥਿਤੀ ’ਚ ਜਿੰਨੇ ਦਿਨਾਂ ਤੱਕ ਉਲੰਘਣਾ ਜਾਰੀ ਰਹੇਗੀ, ਜੁਰਮਾਨਾ ਰੋਜ਼ 10,000 ਰੁਪਏ ਤੱਕ ਵਧਾਇਆ ਜਾ ਸਕਦਾ ਹੈ। ਵਿਭਾਗ ਨੇ ਕਿਹਾ ਕਿ ਜਿਨ੍ਹਾਂ ਸਕੂਲਾਂ ’ਤੇ ਆਨਲਾਈਨ ਇਤਰਾਜ਼ ਆਏ ਹਨ, ਉਨ੍ਹਾਂ ਨੂੰ ਦੂਰ ਕਰਨ ਦੀ ਕਾਰਵਾਈ ਕਰਦੇ ਹੋਏ ਈ-ਪੰਜਾਬ ’ਤੇ ਫਾਈਲ ਮੁੜ ਅਪਲੋਡ ਕੀਤੀ ਜਾਵੇ। ਜੇਕਰ ਕੋਈ ਲਾਪ੍ਰਵਾਹੀ ਵਰਤੀ ਗਈ ਤਾਂ ਵਿਭਾਗ ਵਲੋਂ ਇਨ੍ਹਾਂ ਸਕੂਲਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜੇਕਰ ਸਕੂਲਾਂ ਵਲੋਂ ਸਮੇਂ ’ਤੇ ਅਪਲਾਈ ਨਹੀਂ ਕੀਤਾ ਜਾਂਦਾ ਤਾਂ ਇਸ ਸਬੰਧੀ ਲਾਪ੍ਰਵਾਹੀ ਲਈ ਸਕੂਲ ਮੁਖੀ ਜ਼ਿੰਮੇਵਾਰ ਹੋਣਗੇ।
ਇਸ ਤਰ੍ਹਾਂ ਦਿਵਾ ਰਹੇ 5ਵੀਂ ਅਤੇ 8ਵੀਂ ਦੀ ਪ੍ਰੀਖਿਆ
ਦੂਜਾ ਪੱਖ ਇਹ ਵੀ ਹੈ ਕਿ ਲੁਧਿਆਣਾ ਸ਼ਹਿਰ ਤੇ ਸੂਬੇ ’ਚ ਕਈ ਅਜਿਹੇ ਸਕੂਲ ਹਨ, ਜੋ ਬਿਨਾਂ ਆਰ. ਟੀ. ਈ. ਦੀ ਮਾਨਤਾ ਦੇ ਚੱਲ ਰਹੇ ਹਨ। ਕੁਝ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਮੇਂ-ਸਮੇਂ ’ਤੇ ਜਾਰੀ ਨਿਰਦੇਸ਼ਾਂ ਦੀ ਅਣਦੇਖੀ ਕਰ ਕੇ ਬਿਨਾਂ ਮਾਨਤਾ ਦੇ ਚੱਲ ਰਹੇ ਸਕੂਲਾਂ ’ਚ 9ਵੀਂ ਕਲਾਸ ’ਚ ਵੀ ਦਾਖਲੇ ਕੀਤੇ ਜਾ ਰਹੇ ਹਨ। ਅਜਿਹੇ ਸਕੂਲ 8ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਦਾਖਲਾ ਦਿੰਦੇ ਹਨ ਅਤੇ ਬਾਅਦ ’ਚ ਕਿਸੇ ਮਾਨਤਾ ਪ੍ਰਾਪਤ ਜਾਂ ਐਸੋਸੀਏਟਿਡ ਸਕੂਲ ਰਾਹੀਂ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾ ਕੇ 5ਵੀਂ ਅਤੇ 8ਵੀਂ ਦੀਆਂ ਬੋਰਡ ਪ੍ਰੀਖਿਆਵਾਂ ਵੀ ਦਿਵਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਵਧਾਈ ਚਿੰਤਾ
ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਦਾ ਵੀ ਸ਼ੋਸ਼ਣ
ਅਜਿਹੇ ਗੈਰ-ਮਾਨਤਾ ਪ੍ਰਾਪਤ ਸਕੂਲ ਵਿਦਿਆਰਥੀਆਂ ਦੇ ਨਾਲ ਅਧਿਆਪਕਾਂ ਦੇ ਭਵਿੱਖ ਨਾਲ ਵੀ ਖੇਡ ਰਹੇ ਹਨ। ਇਹ ਸਕੂਲ ਅਧਿਆਪਕਾਂ ਨੂੰ ਘੱਟ ਤਨਖਾਹ ’ਤੇ ਰੱਖਦੇ ਹਨ। ਢਾਂਚੇ ਦੇ ਨਾਮ ’ਤੇ ਸਕੂਲਾਂ ’ਚ ਕੁਝ ਵੀ ਮੁਹੱਈਆ ਨਹੀਂ ਹੈ। ਕਈ ਸਕੂਲ ਤਾਂ ਅਜਿਹੇ ਹਨ, ਜੋ ਕਿਰਾਏ ਦੀ ਬਿਲਡਿੰਗ ਜਾਂ ਕਿਸੇ ਪੁਰਾਣੇ ਘਰ ’ਚ ਚੱਲ ਰਹੇ ਹਨ ਪਰ ਦੂਜੇ ਪਾਸੇ ਨਾ ਤਾਂ ਅਜਿਹੇ ਸਕੂਲਾਂ ਨੂੰ ਵਿਭਾਗ ਦੇ ਨਿਯਮਾਂ ਦੀ ਕੋਈ ਚਿੰਤਾ ਹੈ ਅਤੇ ਨਾ ਹੀ ਅੱਜ ਤੱਕ ਵਿਭਾਗ ਵਲੋਂ ਅਜਿਹੇ ਸਕੂਲਾਂ ’ਤੇ ਕੋਈ ਅਸਰਦਾਰ ਕਾਰਵਾਈ ਕੀਤੀ ਗਈ ਹੈ। ਹੁਣ ਦੇਖਣਾ ਇਹ ਹੈ ਕਿ ਪੱਤਰ ਜਾਰੀ ਕਰਨ ਤੋਂ ਬਾਅਦ ਵੀ ਜਿਨ੍ਹਾਂ ਸਕੂਲਾਂ ਨੇ ਮਾਨਤਾ ਨਹੀਂ ਲਈ, ਉਨ੍ਹਾਂ ’ਤੇ ਕੀ ਕਾਰਵਾਈ ਹੋਵੇਗੀ ਜਾਂ ਨਹੀਂ।
ਨਿਯਮਾਂ ਮੁਤਾਬਕ ਬਿਨਾਂ ਆਰ. ਟੀ. ਈ. ਦੀ ਮਾਨਤਾ ਦੇ ਕੋਈ ਵੀ ਸਕੂਲ ਨਹੀਂ ਚੱਲ ਸਕਦਾ। ਅਜਿਹੇ ਸਕੂਲਾਂ ਦੀ ਚੈਕਿੰਗ ਕਰਵਾਉਣ ਲਈ ਸਾਰੇ 19 ਬਲਾਕਾਂ ’ਚ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰਾਂ ਦੀ ਡਿਊਟੀ ਲਗਾਈ ਜਾਵੇਗੀ ਤਾਂ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਜਿਹੇ ਸਕੂਲਾਂ ’ਤੇ ਕਾਰਵਾਈ ਕੀਤੀ ਜਾ ਸਕੇ। ਪੇਰੈਂਟਸ ਨੂੰ ਸੁਝਾਅ ਹੈ ਕਿ ਆਪਣੇ ਬੱਚਿਆਂ ਨੂੰ ਘਰ ਨੇੜੇ ਬਣੇ ਸਰਕਾਰੀ ਸਕੂਲਾਂ ’ਚ ਦਾਖਲ ਕਰਵਾਉਣ ਤਾਂ ਕਿ ਕੁਆਲਿਟੀ ਭਰਪੂਰ ਸਿੱਖਿਆ ਮਿਲ ਸਕੇ।
-ਬਲਦੇਵ ਸਿੰਘ, ਡੀ. ਈ. ਓ. ਐਲੀਮੈਂਟਰੀ
ਇਹ ਵੀ ਪੜ੍ਹੋ : ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦੇ ਭਾਰੀ ਮੀਂਹ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਲੀ ਮਾਤਾ ਮੰਦਰ ’ਚ ਤਾਇਨਾਤ ਏ. ਟੀ. ਐੱਸ. ਕਮਾਂਡੋ ਦੀ ਗੋਲ਼ੀ ਲੱਗਣ ਨਾਲ ਮੌਤ
NEXT STORY