ਜਲੰਧਰ (ਰਵਿੰਦਰ ਸ਼ਰਮਾ)-ਨੋਟਬੰਦੀ ਤੇ ਜੀ. ਐੱਸ. ਟੀ. ਨੂੰ ਲੈ ਕੇ ਮੋਦੀ ਸਰਕਾਰ 'ਤੇ ਚੌਤਰਫਾ ਹਮਲਾ ਹੋ ਰਿਹਾ ਹੈ। ਜੀ. ਡੀ. ਪੀ. ਦਰ ਲਗਾਤਾਰ ਘਟ ਰਹੀ ਹੈ ਅਤੇ ਮਾਰਕੀਟ ਵਿਚ ਕਰੰਸੀ ਦਾ ਫੈਲਾਅ ਕਾਫੀ ਘਟ ਗਿਆ ਹੈ।
ਹਜ਼ਾਰਾਂ ਉਦਯੋਗ ਬੰਦ ਹੋ ਚੁੱਕੇ ਹਨ ਪਰ ਸਭ ਤੋਂ ਜ਼ਿਆਦਾ ਬੁਰਾ ਅਸਰ ਰੋਜ਼ਗਾਰ 'ਤੇ ਪਿਆ ਹੈ। ਨੋਟਬੰਦੀ ਤੇ ਜੀ. ਐੱਸ. ਟੀ. ਨੇ ਹੁਣ ਤਕ ਲੱਖਾਂ ਕਰਮਚਾਰੀਆਂ ਦਾ ਰੋਜ਼ਗਾਰ ਖੋਹ ਲਿਆ ਹੈ। ਇਕ ਅੰਕੜੇ ਮੁਤਾਬਕ ਵਿਸ਼ਵ ਭਰ ਵਿਚ ਆਈ ਮੰਦੀ ਦੇ ਦੌਰਾਨ ਇੰਨੇ ਬੁਰੇ ਹਾਲਾਤ ਨਹੀਂ ਹੋਏ ਸੀ ਜਿੰਨੇ ਨੋਟਬੰਦੀ ਤੇ ਜੀ. ਐੱਸ. ਟੀ. ਤੋਂ ਬਾਅਦ ਰੋਜ਼ਗਾਰ ਦੇ ਖੇਤਰ ਵਿਚ ਹੋਏ ਹਨ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ 2014 ਵਿਚ ਹਰ ਸਾਲ ਇਕ ਕਰੋੜ ਨਵੇਂ ਰੋਜ਼ਗਾਰ ਦੇਣ ਦਾ ਵਾਅਦਾ ਕਰ ਕੇ ਸੱਤਾ ਵਿਚ ਆਈ ਹੋਈ ਸੀ। ਇਸ ਵਾਅਦੇ ਨੇ ਯੁਵਾ ਵਰਗ ਨੂੰ ਖੂਬ ਲੁਭਾਇਆ ਸੀ ਅਤੇ ਯੁਵਾ ਵਰਗ ਦੀਆਂ 70 ਫੀਸਦੀ ਵੋਟਾਂ ਮੋਦੀ ਸਰਕਾਰ ਦੇ ਖਾਤੇ ਵਿਚ ਗਈਆਂ ਸਨ।
ਇਹ ਯੁਵਾ ਵਰਗ ਹੀ ਸੀ ਜਿਸ ਦੇ ਬਲ 'ਤੇ ਭਾਜਪਾ ਪਹਿਲੀ ਵਾਰ ਆਪਣੇ ਬਲ 'ਤੇ ਦੋ-ਤਿਹਾਈ ਬਹੁਮਤ ਪ੍ਰਾਪਤ ਕਰਨ ਵਿਚ ਸਫਲ ਰਹੀ ਸੀ।
ਕੱਪੜਾ ਵਪਾਰ ਦੀ ਹੀ ਗੱਲ ਕਰੀਏ ਤਾਂ ਹੁਣ ਤਕ 67 ਕੱਪੜਾ ਮਿੱਲਾਂ ਬੰਦ ਹੋ ਚੁੱਕੀਆਂ ਹਨ। ਇਨ੍ਹਾਂ ਦੇ 17600 ਕਰਮਚਾਰੀ ਬੇਰੋਜ਼ਗਾਰ ਹੋ ਗਏ ਹਨ। ਅਸੰਗਠਿਤ ਖੇਤਰ ਵਿਚ ਘੱਟ ਤੋਂ ਘੱਟ ਇਸ ਤੋਂ 3 ਗੁਣਾ ਲੋਕ ਸੜਕ 'ਤੇ ਆ ਗਏ ਹਨ। ਕੱਪੜਾ ਉਦਯੋਗ ਵਿਚ ਘੱਟ ਤੋਂ ਘੱਟ 67-68 ਹਜ਼ਾਰ ਲੋਕਾਂ ਦੀਆਂ ਨੌਕਰੀਆਂ ਗਈਆਂ। ਨੋਟਬੰਦੀ ਦੀ ਜਦੋਂ ਚਾਬੁਕ ਚੱਲੀ ਤਾਂ ਐੱਲ. ਐਂਡ ਟੀ. ਨੇ 14 ਹਜ਼ਾਰ ਲੋਕਾਂ ਨੂੰ ਕੱਢ ਦਿੱਤਾ। ਐੱਲ. ਐਂਡ ਟੀ. ਆਈ. ਪੀ., ਮੈਨੂਫੈਕਚਰਿੰਗ, ਇੰਜੀਨੀਅਰਿੰਗ ਤੇ ਵਿੱਤੀ ਸਲਾਹ ਦੇਣ ਵਾਲੀ ਕੰਪਨੀ ਹੈ। ਇਸ ਸਾਲ 3 ਵੱਡੀਆਂ ਆਈ. ਟੀ. ਕੰਪਨੀਆਂ ਤੋਂ ਕੁਲ ਮਿਲ ਕੇ 4 ਹਜ਼ਾਰ ਲੋਕ ਕੱਢੇ ਗਏ। ਟੀ. ਸੀ. ਐੱਸ., ਟੈੱਕ ਮਹਿੰਦਰਾ, ਇਨਫੋਸਿਸ ਅਜਿਹੀਆਂ ਕੰਪਨੀਆਂ ਨੇ 15-16 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕੀਤੀ। ਨੋਟਬੰਦੀ ਤੋਂ ਬਾਅਦ ਐੱਚ. ਡੀ. ਐੱਫ. ਸੀ. ਨੇ 4581 ਲੋਕਾਂ ਨੂੰ ਚੱਲਦਾ ਕੀਤਾ। ਫਿਰ ਅਗਲੀ ਤਿਮਾਹੀ ਵਿਚ 6096 ਲੋਕਾਂ ਦੀ ਛਾਂਟੀ ਕੀਤੀ, ਜਦਕਿ 6 ਮਹੀਨਿਆਂ ਵਿਚ 10 ਹਜ਼ਾਰ ਕਰਮਚਾਰੀ ਸਿਰਫ ਇਕ ਬੈਂਕ ਤੋਂ ਹੀ ਕੱਢੇ ਗਏ। ਦੇਸ਼ ਵਿਚ ਕੁਲ 29 ਪ੍ਰਾਈਵੇਟ ਬੈਂਕ ਹਨ। ਸਰਕਾਰ 'ਤੇ ਮਿਹਰਬਾਨ ਹੋ ਕੇ ਘੱਟ ਔਸਤ ਵੀ ਰੱਖੀਏ ਤਾਂ ਨੌਕਰੀ ਗੁਆਉਣ ਵਾਲੇ ਘੱਟ ਤੋਂ ਘੱਟ 50 ਹਜ਼ਾਰ ਕਰਮਚਾਰੀ ਸਿਰਫ ਬੈਂਕਾਂ ਤੋਂ ਹਨ।
ਪਵਨ ਊਰਜਾ ਵਾਲੀ ਕੰਪਨੀ ਸੁਜਲਾਨ ਤੇ ਟਰਬਾਈਨ ਬਣਾਉਣ ਵਾਲੀ ਰੇਗੇਨ ਪਾਵਰਟੇਕ ਨੇ ਪਿਛਲੇ 6 ਮਹੀਨਿਆਂ ਵਿਚ 1500 ਲੋਕਾਂ ਨੂੰ ਕੱਢ ਦਿੱਤਾ। ਊਰਜਾ ਖੇਤਰ ਵਿਚ ਕਈ ਕੰਪਨੀਆਂ ਦਾ ਇਹੋ ਹਾਲ ਹੈ। 2016 ਵਿਚ ਇਸ ਸਰਕਾਰ ਦੇ ਫਲੈਗਸ਼ਿਪ ਸਟਾਰਟਅੱਪ ਵਿਚੋਂ 212 ਬੰਦ ਹੋ ਗਈਆਂ, ਜੋ ਪਿਛਲੇ ਸਾਲ ਵਿਚ 50 ਫੀਸਦੀ ਤੋਂ ਜ਼ਿਆਦਾ ਹੈ। ਇਕ ਸਟਾਰਟਅੱਪ ਵਿਚ ਜੇਕਰ 10 ਲੋਕ ਵੀ ਕੰਮ ਕਰਦੇ ਹੋਣਗੇ ਤਾਂ 3 ਹਜ਼ਾਰ ਲੋਕ ਬੇਰੋਜ਼ਗਾਰ ਹੋ ਗਏ।
ਸÎਭ ਤੋਂ ਜ਼ਿਆਦਾ ਮਾਰ ਪਈ ਲਘੂ ਕੁਟੀਰ ਉਦਯੋਗ 'ਤੇ। ਚੂੜੀ, ਤਾਲੇ, ਚੱਪਲ, ਕੱਪ-ਪਲੇਟ ਅਤੇ ਬੈਲਟ ਬਣਾਉਣ ਵਾਲੇ ਹਜ਼ਾਰਾਂ ਛੋਟੇ ਕਾਰਖਾਨੇ ਬੰਦ ਹੋ ਗਏ ਅਤੇ ਇਨ੍ਹਾਂ ਵਿਚ ਕੰਮ ਕਰਨ ਵਾਲੇ 2 ਤੋਂ 3 ਲੱਖ ਲੋਕ ਬੇਰੋਜ਼ਗਾਰ ਹੋ ਗਏ। ਮੀਡੀਆ ਜਗਤ 'ਤੇ ਇਸ ਦੀ ਬੁਰੀ ਮਾਰ ਪਈ ਅਤੇ ਵੱਡੇ ਮੀਡੀਆ ਘਰਾਣਿਆਂ ਵਿਚ ਛਾਂਟੀ ਦਾ ਦੌਰ ਜਾਰੀ ਹੈ। ਕੁਲ ਮਿਲਾ ਕੇ ਹੁਣ ਤਕ ਲੱਖਾਂ ਲੋਕ ਆਪਣਾ ਰੋਜ਼ਗਾਰ ਗੁਆ ਚੁੱਕੇ ਹਨ ਅਤੇ ਹੁਣ ਤਕ ਜੀ. ਐੱਸ. ਟੀ. ਦੀ ਵਪਾਰ ਤੇ ਉਦਯੋਗ ਜਗਤ ਨੂੰ ਸਮਝ ਨਹੀਂ ਆ ਰਹੀ। ਕਈ ਛੋਟੇ ਉਦਯੋਗ ਬੰਦ ਹੋ ਚੁੱਕੇ ਹਨ ਤੇ ਕਈ ਬੰਦ ਹੋਣ ਦੀ ਕਗਾਰ 'ਤੇ ਹਨ। 2019 ਦੀਆਂ ਚੋਣਾਂ ਵਿਚ ਇਸ ਦਾ ਬੁਰਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਖਾਸ ਤੌਰ 'ਤੇ ਆਪਣਾ ਰੋਜ਼ਗਾਰ ਗੁਆ ਚੁੱਕੇ ਵਰਗ ਵਿਚ ਮੋਦੀ ਸਰਕਾਰ ਦੇ ਖਿਲਾਫ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।
ਗੱਲਾਂ 'ਚ ਮਸ਼ਰੂਫ ਤਿੰਨ ਲੜਕਿਆਂ ਨੂੰ ਨਹੀਂ ਸੁਣੇ ਟਰੇਨ ਦੇ ਹਾਰਨ, 2 ਦੀ ਮੌਤ
NEXT STORY