ਕੌਹਰੀਆਂ, (ਸ਼ਰਮਾ)— ਸੂਬੇ 'ਚ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਬਹੁਤ ਸਾਰੇ ਸੜਕੀ ਹਾਦਸੇ ਹੋਏ, ਜਿਸ ਵਿਚ ਕਈ ਸਕੂਲ ਵੈਨਾਂ ਵੀ ਹਾਦਸੇ ਦਾ ਸ਼ਿਕਾਰ ਹੋ ਗਈਆਂ, ਜਿਸ ਨੂੰ ਦੇਖਦਿਆਂ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ 3 ਦਿਨਾਂ ਲਈ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਪਰ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਅੱਜ ਵੀ ਸੰਘਣੀ ਧੁੰਦ 'ਚ ਇਲਾਕੇ ਦੇ ਜ਼ਿਆਦਾਤਰ ਸਕੂਲਾਂ ਦੀਆਂ ਵੈਨਾਂ ਬੱਚਿਆਂ ਨੂੰ ਲੈਣ ਲਈ ਪਿੰਡਾਂ 'ਚ ਘੁੰਮਦੀਆਂ ਵੇਖੀਆਂ ਗਈਆਂ।
ਲਹਿਰਾ ਨੇੜਲੇ ਇਕ ਨਿੱਜੀ ਸਕੂਲ ਦੀ ਵੈਨ ਤਾਂ ਇੰਨੀ ਧੁੰਦ ਵਿਚ 300 ਕਿਲੋਮੀਟਰ ਦੇ ਟੂਰ 'ਤੇ ਲਿਜਾਣ ਲਈ ਬੱਚੇ ਇਕੱਠੇ ਕਰਦੀ ਵੇਖੀ ਗਈ । ਪਾਤੜਾਂ ਦੇ ਇਕ ਸਕੂਲ ਨੇ ਬੱਚਿਆਂ ਤੋਂ ਬਕਾਇਆ ਫੀਸਾਂ ਲੈਣ ਲਈ ਸਕੂਲ ਖੋਲ੍ਹਿਆ । ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਖੁੱਲ੍ਹੇ ਹੋਏ ਸਕੂਲਾਂ 'ਤੇ ਕੀ ਕਾਰਵਾਈ ਕੀਤੀ ਜਾਵੇਗੀ ਜਾਂ ਨੰਨ੍ਹੇ-ਮੁੰਨੇ ਬੱਚਿਆਂ ਦੀ ਜਾਨ ਨਾਲ ਖੇਡਣ ਵਾਲੇ ਇਸ ਤਰ੍ਹਾਂ ਹੀ ਆਪਣੀ ਮਨਮਰਜ਼ੀ ਕਰਦੇ ਰਹਿਣਗੇ।
ਅਸੀਂ ਤਾਂ ਮੌਸਮ ਦੇ ਹਿਸਾਬ ਨਾਲ ਚਲਦੇ ਹਾਂ
ਜਦੋਂ ਬੱਚਿਆਂ ਨੂੰ ਟੂਰ 'ਤੇ ਲਿਜਾਣ ਵਾਲੇ ਉਕਤ ਸਕੂਲ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਤਾਂ ਮੌਸਮ ਦੇ ਹਿਸਾਬ ਨਾਲ ਚਲਦੇ ਹਾਂ। ਅੱਜ ਮੌਸਮ ਸਾਫ ਹੈ ਇਸ ਲਈ ਟੂਰ ਲੈ ਚੱਲੇ ਹਾਂ। ਜਦੋਂ ਉਨ੍ਹਾਂ ਨੂੰ ਸਰਕਾਰ ਵੱਲੋਂ ਕੀਤੀਆਂ ਛੁੱਟੀਆਂ ਅਤੇ ਸੰਘਣੀ ਧੁੰਦ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਅੱਗੋਂ ਫੋਨ ਕੱਟ ਦਿੱਤਾ।
ਬੱਚਿਆਂ ਤੋਂ ਬਕਾਇਆ ਫੀਸਾਂ ਲੈਣ ਲਈ ਖੋਲ੍ਹਿਆ ਸਕੂਲ
ਸਕੂਲ ਖੋਲ੍ਹਣ ਸੰਬੰਧੀ ਜਦੋਂ ਪਾਤੜਾਂ ਦੇ ਸਕੂਲ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਚਿਆਂ ਵੱਲ ਫੀਸਾਂ ਬਕਾਇਆ ਸਨ। ਇਸ ਲਈ ਸਕੂਲ ਖੋਲ੍ਹਿਆ ਹੈ। ਅੱਜ ਫੀਸਾਂ ਲੈ ਲਈਆਂ ਹਨ, ਕੱਲ ਤੋਂ ਛੁੱਟੀਆਂ ਕਰ ਦਿੱਤੀਆਂ ਜਾਣਗੀਆਂ।
ਕੀ ਕਹਿੰਦੇ ਡੀ. ਓ. ਹਰਕੰਵਲਜੀਤ ਕੌਰ?
ਜਦੋਂ ਇਸ ਸੰਬੰਧੀ ਜ਼ਿਲਾ ਸਿੱਖਿਆ ਅਧਿਕਾਰੀ ਮੈਡਮ ਹਰਕੰਵਲਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਖਰਾਬ ਮੌਸਮ 'ਚ ਬੱਚਿਆਂ ਨੂੰ ਟੂਰ 'ਤੇ ਨਹੀਂ ਲੈ ਕੇ ਜਾਣਾ ਚਾਹੀਦਾ। ਇਸ ਤੋਂ ਇਲਾਵਾ ਕੋਈ ਹੋਰ ਸਕੂਲ ਵੀ ਬੱਚਿਆਂ ਦਾ ਇਸ ਦੌਰਾਨ ਟੂਰ ਲੈ ਕੇ ਜਾਣ ਦਾ ਪ੍ਰੋਗਰਾਮ ਬਣਾਈ ਬੈਠਾ ਹੈ ਤਾਂ ਸਕੂਲ ਪ੍ਰਬੰਧਕਾਂ ਨੂੰ ਇਹ ਪ੍ਰੋਗਰਾਮ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨਿੱਜੀ ਸਕੂਲਾਂ 'ਚ ਬੱਚਿਆਂ ਨੂੰ ਛੁੱਟੀਆਂ ਕਰਨ ਦੇ ਬਾਵਜੂਦ ਅਧਿਆਪਕਾਂ ਨੂੰ ਸਕੂਲ ਵਿਚ ਬਲਾਉਣ ਸੰਬੰਧੀ ਪੁੱਛਣ 'ਤੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ।
ਮੌਸਮੀ ਮਿਜ਼ਾਜ ਅੱਗੇ ਬੇਵੱਸ ਹੋਇਆ ਕਿਸਾਨ
NEXT STORY