ਕਪੂਰਥਲਾ,(ਗੁਰਵਿੰਦਰ ਕੌਰ)- ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ 2 ਦਿਨਾਂ ਧਰਨੇ ਦੇ ਅੱਜ ਦੂਸਰੇ ਦਿਨ ਵੀ ਨਗਰ ਕੌਂਸਲ ਕਪੂਰਥਲਾ ਦੇ ਮੁਲਾਜ਼ਮਾਂ ਨੇ ਪੰਜਾਬ ਪ੍ਰਧਾਨ ਸਰਦਾਰੀ ਲਾਲ ਸ਼ਰਮਾ ਤੇ ਜ਼ਿਲਾ ਪ੍ਰਧਾਨ ਗੋਪਾਲ ਥਾਪਰ ਦੀ ਅਗਵਾਈ ’ਚ ਆਪਣੀਆਂ ਮੰਗਾਂ ਸਬੰਧੀ ਨਗਰ ਕੌਂਸਲ ਦਫਤਰ ਕਪੂਰਥਲਾ ਦੇ ਸਾਹਮਣੇ ਧਰਨਾ ਦਿੱਤਾ ਤੇ ਆਪਣੀਆਂ ਮੰਗਾਂ ਸਬੰਧੀ ਜਮ ਕੇ ਨਾਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਸਰਦਾਰੀ ਲਾਲ ਸ਼ਰਮਾ ਤੇ ਜ਼ਿਲਾ ਪ੍ਰਧਾਨ ਗੋਪਾਲ ਥਾਪਰ ਨੇ ਕਿਹਾ ਕਿ ਸਰਕਾਰ ਵਲੋਂ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸਬੰਧੀ ਲਾਰੇ ਦੀ ਨੀਤੀ ਅਪਨਾਈ ਜਾ ਰਹੀ ਹੈ, ਜਿਸ ਕਾਰਨ ਪੂਰੇ ਪੰਜਾਬ ’ਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਸਰਕਾਰ ਵਲੋਂ ਮੁਲਾਜ਼ਮਾਂ ਦੀ ਤਨਖਾਹ ’ਚੋਂ 200 ਰੁਪਏ ਕੱਟਣ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਵੀ ਕੀਤੀ। ਇਸ ਮੌਕੇ ਪੰਜਾਬ ਪ੍ਰਧਾਨ ਸਰਦਾਰੀ ਲਾਲ ਸ਼ਰਮਾ ਨੇ ਦਸਿਆ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪਿਛਲੇ ਲਗਭਗ 7-8 ਸਾਲਾਂ ਤੋਂ ਲਟਕ ਰਹੀਆਂ ਹਨ ਤੇ ਸਰਕਾਰਾਂ ਨੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਕੀਤਾ ਹੈ। ਉਨ੍ਹਾਂ ਦਸਿਆ ਕਿ ਪਹਿਲਾਂ ਅਕਾਲੀ ਭਾਜਪਾ ਸਰਕਾਰ ਤੇ ਹੁਣ ਪਿਛਲੇ ਕਰੀਬ ਡੇਢ ਸਾਲ ਤੋਂ ਕਾਂਗਰਸ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਉਹ ਮੰਗਾਂ ਸਬੰਧੀ ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ, ਸੈਕਟਰੀ ਆਦਿ ਨਾਲ ਮੀਟਿੰਗਾਂ ਕਰ ਚੁੱਕੇ ਹਨ ਤੇ ਉਨ੍ਹਾਂ ਨਾਲ ਵਾਅਦਾ ਵੀ ਕੀਤਾ ਗਿਆ ਸੀ ਪਰ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਅਜੇ ਤਕ ਲਮਕ ਰਹੀਆਂ ਹਨ ਜਿਸ ਕਾਰਨ ਸਮੂਹ ਕਰਮਚਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੰਦਿਅਾਂ ਕਿਹਾ ਕਿ ਜੇਕਰ ਇਸ ਦੋ ਦਿਨਾਂ ਹਡ਼ਤਾਲ ਦੌਰਾਨ ਵੀ ਉਨ੍ਹਾਂ ਦੀਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਅਣਮਿੱਥੇ ਸਮੇਂ ਲਈ ਹਡ਼ਤਾਲ ਕਰਨ ਲਈ ਮਜਬੂਰ ਹੋਣਗੇ, ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਜਨਰਲ ਸਕੱਤਰ ਮਨੋਜ ਰੱਤੀ, ਸੀਨੀਅਰ ਵਾਈਸ ਪ੍ਰਧਾਨ ਵਿਕਰਮ ਘਈ, ਚੇਅਰਮੈਨ ਰਾਜੇਸ਼ ਸਹੋਤਾ, ਵਾਈਸ ਚੇਅਰਮੈਨ ਨਰੇਸ਼ ਮੱਟੂ, ਵਾਈਸ ਪ੍ਰਧਾਨ ਨਰਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਦੀਪ ਸਿੰਘ, ਖਨਜ਼ਾਚੀ ਸੰਜੇ ਧੀਰ ਤੇ ਕੁਲਵੰਤ ਸਿੰਘ, ਹਰਭਜਨ ਸਿੰਘ, ਪਵਨ ਕੁਮਾਰ, ਪੁਨੀਤ ਧਵਨ, ਸਤਨਾਮ ਸਿੰਘ, ਅਸ਼ੋਕ ਕੁਮਾਰ, ਬਿਮਲਾ ਦੇਵੀ, ਸੰਜੀਵ ਕੁਮਾਰ, ਸੁਨੀਤਾ ਕੁਮਾਰੀ, ਰਾਜ ਰਾਣੀ, ਮੋਹਨੀ ਦੇਵੀ ਤੇ ਸਮੂਹ ਕਰਮਚਾਰੀ ਹਾਜ਼ਰ ਸਨ।
ਸੁਲਤਾਨਪੁਰ ਲੋਧੀ, (ਧੀਰ)-ਮਿਊਂਸਪਲ ਐਕਸ਼ਨ ਕਮੇਟੀ ਪੰਜਾਬ ਦੇ 2 ਦਿਨਾਂ ਹਡ਼ਤਾਲ ਦੇ ਸੱਦੇ ’ਤੇ ਅੱਜ ਦੂਸਰੇ ਦਿਨ ਵੀ ਸੁਲਤਾਨਪੁਰ ਲੋਧੀ ਮਿਊਂਸਪਲ ਇੰਪਲਾਈਜ਼ ਯੂਨੀਅਨ ਨੇ ਹਡ਼ਤਾਲ ਕੀਤੀ ਤੇ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਵੀ ਜ਼ਾਹਰ ਕੀਤਾ। ਇਸ ਮੌਕੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਬੋਧਨ ਕਰਦਿਆਂ ਮਿਊਂਸਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਦੋ ਦਿਨਾਂ ਹਡ਼ਤਾਲ ਦਾ ਪ੍ਰੋਗਰਾਮ ਮਿਊਂਸਪਲ ਐਕਸ਼ਨ ਕਮੇਟੀ ਦੇ ਸੱਦੇ ’ਤੇ ਉਲੀਕਿਆ ਗਿਆ ਸੀ, ਜਿਸ ਨੂੰ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਸ਼ਾਂਤਮਈ ਢੰਗ ਨਾਲ ਸਿਰੇ ਚਡ਼੍ਹਾਇਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਮੁਲਾਜ਼ਮਾਂ ਦੀਆਂ ਮੰਗਾਂ ਮੰਗਣ ਤੋਂ ਆਨਾਕਾਨੀ ਕਰ ਰਹੀ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਦਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਫਾਈ ਕਰਮਚਾਰੀ ਸਫਾਈ ਦੇ ਇਕ ਸੈਨਿਕ ਹਨ ਪਰ ਸਫਾਈ ਕਰਮਚਾਰੀਆਂ ਦੀ ਜੋ ਆਰਥਿਕ ਹਾਲਤ ਹੈ ਉਹ ਬਹੁਤ ਮਾਡ਼ੀ ਹੈ, ਸਭ ਤੋਂ ਘੱਟ ਤਨਖਾਹ ਸਫਾਈ ਕਰਮਚਾਰੀਆਂ ਦੀ ਹੈ। ਉਨ੍ਹਾਂ ਕਿਹਾ ਕਿ ਮਿਊਂਸਪਲ ਇੰਪਲਾਈਜ਼ ਯੂਨੀਅਨ ਸੁਲਤਾਨਪੁਰ ਲੋਧੀ ਸਫਾਈ ਸੇਵਕਾਂ ਦੀ ਸਰਵਿਸ ਨੂੰ ਰੈਗੂਲਰ ਕਰਵਾਉਣ ਲਈ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸਿਰਫ ਕਾਗਜ਼ੀ ਭਰੋਸਾ ਦਿਵਾ ਕੇ ਹੀ ਮਿਊਂਸਪਲ ਕਾਮਿਆਂ ਦੀਆਂ ਹੱਕੀ ਮੰਗਾਂ ਸਬੰਧੀ ਟਾਲ-ਮਟੋਲ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਿਊਂਸਪਲ ਇੰਪਲਾਈਜ਼ ਯੂਨੀਅਨ ਸੁਲਤਾਨਪੁਰ ਲੋਧੀ ਨੇ ਇਹ ਫੈਸਲਾ ਲਿਆ ਹੈ ਕਿ ਸੁਲਤਾਨਪੁਰ ਲੋਧੀ ਇਕਾਈ ਦੇ ਮੈਂਬਰ ਜਲਦੀ ਹੀ ਪੰਜਾਬ ਪੱਧਰ ’ਤੇ ਯੂਨੀਅਨ ’ਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਮਿਲ ਕੇ ਅਣਮਿੱਥੇ ਸਮੇਂ ਦੀ ਹਡ਼ਤਾਲ ਕਰਨ ਵਾਸਤੇ ਮਿਲੇਗੀ ਤੇ ਪੰਜਾਬ ਪੱਧਰ ’ਤੇ ਹੀ ਨਗਰ ਕੌਂਸਲਾਂ/ਨਗਰ ਪੰਚਾਇਤਾਂ ਵੱਲੋਂ ਸਾਰੀਆਂ ਸਹੂਲਤਾਂ ਜੋ ਆਮ ਆਦਮੀ ਨੂੰ ਦਿੱਤੀਆਂ ਜਾਂਦੀਆਂ ਹਨ ਨੂੰ ਬੰਦ ਕਰ ਕੇ ਇਸ ਸੁੱਤੀ ਹੋਈ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਏਗੀ ਤੇ ਆਪਣੀ ਹੱਕੀ ਮੰਗਾਂ ਮੰਨਵਾ ਕੇ ਹੀ ਰਹੇਗੀ।
ਇਸ ਮੌਕੇ ਕੁਲਦੀਪ ਸ਼ਰਮਾ, ਦਲਬੀਰ ਸਿੰਘ, ਰਾਜ ਕੁਮਾਰ, ਗੌਰਵ, ਸੰਜੀਵ ਕੁਮਾਰ, ਅਜੀਤ ਸਿੰਘ ਭੌਰ, ਕੁਲਦੀਪ ਚੌਹਾਨ, ਅਵਤਾਰ ਸਿੰਘ, ਰਵੀ ਕੁਮਾਰ, ਬੈਜ ਨਾਥ, ਸੂਬਾ ਸਿੰਘ, ਪ੍ਰਿਅੰਕਾ ਅਰੋਡ਼ਾ, ਅੰਮ੍ਰਿਤ ਕੌਰ, ਅਸ਼ੋਕ ਕੁਮਾਰ, ਸੁਰਿੰਦਰ ਪਾਲ, ਆਸ਼ਾ, ਬਲਬੀਰ ਚੰਦ, ਵੀਨਾ, ਬ੍ਰਿਜ ਮੋਹਣ ਬਿੱਟੂ, ਜੋਗਿੰਦਰ ਪਾਲ ਬਾਬਾ, ਆਸ਼ਾ ਰਾਣੀ ਤੇ ਕਿਰਨਾ ਆਦਿ ਹਾਜ਼ਰ ਸਨ।
ਭੁਲੱਥ, (ਰਜਿੰਦਰ)-ਪੰਜਾਬ ਮਿਊਸੀਂਪਲ ਐਕਸ਼ਨ ਕਮੇਟੀ ਦੇ ਸੱਦੇ ’ਤੇ ਨਗਰ ਪੰਚਾਇਤ ਭੁਲੱਥ ਦੇ ਮੁਲਾਜ਼ਮਾਂ ਵਲੋਂ ਅੱਜ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ, ਜਿਸ ਦੌਰਾਨ ਕੰਮਕਾਜ ਨੂੰ ਠੱਪ ਰੱਖਦੇ ਹੋਏ ਸਰਕਾਰ ਖਿਲਾਫ ਸਖਤ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮਿਊਸੀਂਪਲ ਇੰਪਲਾਇਜ਼ ਯੂਨੀਅਨ ਭੁਲੱਥ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਡੀਆਂ ਹੱਕੀ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ ਜਿਵੇਂ ਨਵੀਂ ਪੈਨਸ਼ਨ ਸਕੀਮ ਰੱਦ ਕਰ ਕੇ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਮੁਲਾਜ਼ਮਾਂ ਕੋਲੋਂ 200 ਰੁਪਏ ਪ੍ਰਤੀ ਮਹੀਨਾ ਨਵਾਂ ਟੈਕਸ ਲੈਣਾ ਬੰਦ ਕੀਤਾ ਜਾਵੇ ਤੇ ਐਕਸਾਈਜ਼ ਦੀ ਰਕਮ ਤੇ ਯੂ. ਡੀ. 8 ਸੀ ਦਾ ਹਿੱਸਾ ਨਗਰ ਕੌਂਸਲਾਂ ਨੂੰ ਜਾਰੀ ਕੀਤਾ ਜਾਵੇ। ਇਸ ਮੌਕੇ ਜਨਰਲ ਸਕੱਤਰ ਚੰਦਰ ਸ਼ੇਖਰ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੂਬੇ ਸਿੰਘ, ਕਸ਼ਮੀਰ ਕੌਰ, ਨਰਿੰਦਰਜੀਤ, ਸੁਖਵਿੰਦਰ ਕੌਰ, ਗੁਰਪ੍ਰੀਤ ਸਿੰਘ, ਕਮਲਪ੍ਰੀਤ, ਦਿਲਬਾਗ ਸਿੰਘ, ਰਾਜੇਸ਼ ਕੁਮਾਰ, ਓਮ ਪ੍ਰਕਾਸ਼ ਤੇ ਰਵੀ ਆਦਿ ਹਾਜ਼ਰ ਸਨ।
ਫਗਵਾੜਾ, (ਰੁਪਿੰਦਰ ਕੌਰ)- ਸਫਾਈ ਕਰਮਚਾਰੀ ਯੂਨੀਅਨ ਵਲੋਂ ਨਗਰ ਨਿਗਮ ਵਿਖੇ ਧਰਨਾ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਸਫਾਈ ਕਰਮਚਾਰੀ ਯੂਨੀਅਨ ਤੇ ਮੁਲਾਜ਼ਮ ਐੇਕਸ਼ਨ ਕਮੇਟੀ ਫਗਵਾੜਾ ਦੇ ਰੋਸ਼ਨ ਲਾਲ ਸੇਠੀ, ਰਾਜੇਸ਼ ਕੁਮਾਰ, ਸੁਦੇਸ਼ ਕੁਮਾਰ, ਰਾਮ ਮੂਰਤੀ ਸਰਵਟਾ, ਕੁਲਵੰਤ ਰਾਏ ਸੌਂਧੀ ਤੇ ਪਦਮ ਕੁਮਾਰ ਨੇ ਦੱਸਿਆ ਕਿ ਸਮੂਹ ਕਰਮਚਾਰੀਆਂ ਵਲੋਂ 3 ਤੋਂ 5 ਵਜੇ ਤੱਕ ਧਰਨਾ ਲਗਾਇਆ ਗਿਆ ਤੇ ਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਸਹਾਇਕ ਕਮਿਸ਼ਨਰ ਸੁਰਜੀਤ ਸਿੰਘ ਨੂੰ ਇਕ ਮੰਗ-ਪੱੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਨਾ ਮੰਨੀਅਾਂ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।ਇਸ ਲਈ ਸਾਨੂੰ ਹੜਤਾਲ ਵੀ ਕਰਨੀ ਪਈ ਤਾਂ ਜ਼ਰੂਰ ਕਰਾਂਗੇ। ਇਸ ਮੌਕੇ ਯੁਨੀਅਨ ਦੇ ਸਮੂਹ ਆਗੂ ਮੌਜੂਦ ਸਨ।
ਇਤਰਾਜ਼ਯੋਗ ਹਾਲਤ ’ਚ ਫਡ਼ੇ ਮੁਲਜ਼ਮਾਂ ਨੂੰ ਭੇਜਿਆ ਜੇਲ
NEXT STORY