ਜਲੰਧਰ, (ਪ੍ਰੀਤ)- ਸਪੋਰਟਸ ਐਂਡ ਸਰਜੀਕਲ ਕੰਪਲੈਕਸ ਦੇ ਪਾਰਕ ਵਿਚ ਮਾਰ ਕੇ ਸਾੜ ਦਿੱਤੀ ਗਈ ਕਵਿਤਾ ਦੀ ਹੱਤਿਆ ਮੰਗਲਵਾਰ ਸ਼ਾਮ ਨੂੰ ਹੀ ਵਿਸ਼ਾਲ ਨੇ ਕਰ ਦਿੱਤੀ ਸੀ। ਵਿਸ਼ਾਲ ਨੇ ਕਵਿਤਾ ਦੀ ਚੁੰਨੀ ਨਾਲ ਹੀ ਉਸਦਾ ਗਲਾ ਘੁੱਟ ਦਿੱਤਾ ਸੀ। ਰਾਤ ਵੇਲੇ ਵਿਸ਼ਾਲ ਨੇ ਆਪਣੇ ਸਕੇ ਭਰਾ ਤੇ ਮਾਮੇ ਨਾਲ ਮਿਲ ਕੇ ਪੈਟਰੋਲ ਪਾ ਕੇ ਕਵਿਤਾ ਦੀ ਲਾਸ਼ ਸਾੜ ਦਿੱਤੀ, ਤਾਂ ਜੋ ਕਵਿਤਾ ਦੀ ਪਛਾਣ ਨਾ ਹੋ ਸਕੇ। ਪੁਲਸ ਨੇ ਵਿਸ਼ਾਲ ਪੁੱਤਰ ਰਾਜ ਕੁਮਾਰ ਵਾਸੀ ਵਾਲਮੀਕਿ ਮੁਹੱਲਾ ਫਿਲੌਰ ਨਾਲ ਉਸਦੇ ਮਾਮਾ ਰਮਨ ਕੁਮਾਰ ਪੁੱਤਰ ਕਿਸ਼ਨ ਲਾਲ ਵਾਸੀ ਕੱਚਾ ਕੋਟ ਮੁਹੱਲਾ ਬਸਤੀ ਬਾਵਾ ਖੇਲ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਵਿਸ਼ਾਲ ਦੇ ਭਰਾ ਰਾਜਨ ਕੁਮਾਰ ਗੱਗੂ ਦੀ ਭਾਲ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ 6 ਦਸੰਬਰ ਨੂੰ ਸਵੇਰੇ ਸਪੋਰਟਸ ਐਂਡ ਸਰਜੀਕਲ ਪਾਰਕ ਵਿਚ ਇਕ ਲੜਕੀ ਦੀ ਸੜੀ ਹੋਈ ਲਾਸ਼ ਮਿਲੀ ਸੀ। ਜਾਂਚ ਤੋਂ ਬਾਅਦ ਅਗਲੇ ਦਿਨ ਮ੍ਰਿਤਕਾ ਦੀ ਲਾਸ਼ ਦੀ ਪਛਾਣ ਕਵਿਤਾ ਦੇ ਤੌਰ 'ਤੇ ਹੋਈ ਸੀ। ਕਵਿਤਾ ਦੀ ਮਾਂ ਬਬਲੀ ਦੇ ਭਰਾ ਰਵਿੰਦਰ ਨੇ ਦੱਸਿਆ ਕਿ ਕਵਿਤਾ ਨੂੰ ਵਿਸ਼ਾਲ ਵਾਸੀ ਫਿਲੌਰ ਭਜਾ ਕੇ ਲੈ ਗਿਆ ਸੀ। ਪੁਲਸ ਨੇ ਵਿਸ਼ਾਲ ਦੀ ਭਾਲ ਸ਼ੁਰੂ ਕੀਤੀ ਤੇ ਵਿਸ਼ਾਲ ਨੂੰ ਗ੍ਰਿਫਤਾਰ ਕਰ ਲਿਆ। ਵਿਸ਼ਾਲ ਕੋਲੋਂ ਸਖਤੀ ਨਾਲ ਪੁੱਛਗਿੱਛ ਕਰਨ ਉਪਰੰਤ ਸਨਸਨੀਖੇਜ਼ ਵਾਰਦਾਤ ਦੀ ਗੁੱਥੀ ਸੁਲਝ ਗਈ। ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਦੱਸਿਆ ਕਿ ਵਾਰਦਾਤ ਟ੍ਰੇਸ ਕਰਨ ਲਈ ਡੀ. ਸੀ. ਪੀ. ਰਾਜਿੰਦਰ ਸਿੰਘ ਦੀ ਅਗਵਾਈ ਵਿਚ ਏ. ਡੀ. ਸੀ. ਪੀ. ਸਿਟੀ -2 ਸੂਡਰਵਿਜੀ , ਏ. ਸੀ. ਪੀ. ਵੈਸਟ ਬਲਜਿੰਦਰ ਸਿੰਘ, ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਦੀ ਬਲਾਈਂਡ ਮਰਡਰ ਟ੍ਰੇਸ ਕਰਨ ਦੀ ਡਿਊਟੀ ਲਾਈ ਗਈ ਸੀ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਤੋਂ ਬਾਅਦ ਪੁਲਸ ਵਿਸ਼ਾਲ ਤਕ ਪਹੁੰਚੀ ਤੇ ਬਲਾਈਂਡ ਮਰਡਰ ਕੇਸ ਟ੍ਰੇਸ ਹੋ ਗਿਆ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਕਵਿਤਾ ਆਪਣੇ ਸਕੇ ਮਾਮੇ ਦੇ ਲੜਕੇ ਦੇ ਵਿਆਹ 'ਤੇ 27 ਨਵੰਬਰ ਨੂੰ ਫਿਲੌਰ ਗਈ ਸੀ। ਜਿੱਥੇ ਉਸਦਾ ਵਿਸ਼ਾਲ ਨਾਲ ਸੰਪਰਕ ਹੋਇਆ। ਵਿਆਹ ਤੋਂ ਅਗਲੇ ਦਿਨ ਵਿਸ਼ਾਲ ਤੇ ਕਵਿਤਾ ਦੋਵੇਂ ਕਿਤੇ ਚਲੇ ਗਏ। ਦੋਵਾਂ ਦੇ ਇਕੱਠੇ ਜਾਣ ਸਬੰਧੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਪਤਾ ਸੀ। ਕਰੀਬ 3-4 ਦਿਨਾਂ ਬਾਅਦ ਵਾਪਸ ਆ ਗਏ। ਪੁੱਛਗਿੱਛ ਵਿਚ ਵਿਸ਼ਾਲ ਨੇ ਦੱਸਿਆ ਕਿ ਉਸਨੇ ਕਵਿਤਾ ਨੂੰ ਉਸਦੇ ਘਰ ਛੱਡ ਦਿੱਤਾ ਸੀ, ਪਰ ਬਾਅਦ ਵਿਚ ਉਹ ਉਸਦੇ ਨਾਲ ਹੀ ਜਾਣ ਲਈ ਜ਼ੋਰ ਪਾ ਰਹੀ ਸੀ। ਪੁਲਸ ਕਮਿਸ਼ਨਰ ਨੇ ਦੱਸਿਆ ਕਿ 5 ਦਸੰਬਰ ਨੂੰ ਵਿਸ਼ਾਲ ਉਸਨੂੰ ਉਸਦੇ ਘਰੋਂ ਲੈ ਗਿਆ। ਉਸੇ ਦਿਨ ਸ਼ਾਮ ਨੂੰ ਵਿਸ਼ਾਲ ਕਵਿਤਾ ਨੂੰ ਬਹਿਲਾ ਫੁਸਲਾ ਕੇ ਸਪੋਰਟਸ ਐਂਡ ਸਰਜੀਕਲ ਕੰਪਲੈਕਸ ਦੇ ਪਾਰਕ ਵਿਚ ਲੈ ਗਿਆ ਤੇ ਸ਼ਾਮ ਕਰੀਬ 6.30 ਵਜੇ ਕਵਿਤਾ ਦੀ ਚੁੰਨੀ ਨਾਲ ਹੀ ਉਸਦਾ ਗਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ।
250 ਰੁਪਏ ਦੇ ਪੈਟਰੋਲ ਨਾਲ ਸਾੜੀ ਕਵਿਤਾ ਦੀ ਲਾਸ਼
ਕਵਿਤਾ ਦੀ ਹੱਤਿਆ ਤੋਂ ਤੁਰੰਤ ਬਾਅਦ ਵਿਸ਼ਾਲ ਆਪਣੇ ਮਾਮੇ ਰਮਨ ਕੋਲ ਪਹੁੰਚਿਆ ਤੇ ਘਟਨਾ ਦੀ ਜਾਣਕਾਰੀ ਦਿੱਤੀ। ਉਸਨੇ ਆਪਣੇ ਭਰਾ ਰਾਜਨ ਨੂੰ ਵੀ ਉਥੇ ਬੁਲਾ ਲਿਆ। ਤਿੰਨਾਂ ਨੇ ਸਲਾਹ ਬਣਾਈ ਕਿ ਕਵਿਤਾ ਦੀ ਲਾਸ਼ ਦੀ ਪਛਾਣ ਨਾ ਹੋ ਸਕੇ ਇਸ ਲਈ ਲਾਸ਼ ਸਾੜ ਦਿੱਤੀ ਜਾਵੇ। ਤਿੰਨੇ ਇਕੱਠੇ ਮੋਟਰਸਾਈਕਲ 'ਤੇ ਗਏ ਤੇ 250 ਰੁਪਏ ਦਾ ਪੈਟਰੋਲ ਲਿਆ ਤੇ ਵਾਪਸ ਪਾਰਕ ਵਿਚ ਆ ਗਏ। ਜਿੱਥੇ ਕਵਿਤਾ ਦੀ ਲਾਸ਼ 'ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਇਕ ਸਵਾਲ ਦੇ ਜਵਾਬ ਵਿਚ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੇ ਦੱਸਿਆ ਕਿ ਪੁਲਸ ਨੇ ਵਿਸ਼ਾਲ ਦੇ ਕਹੇ ਮੁਤਾਬਿਕ ਕਰਾਸ ਵੈਰੀਫਿਕੇਸ਼ਨ ਕਰ ਲਈ ਹੈ। ਜਿਸ ਪੈਟਰੋਲ ਪੰਪ ਤੋਂ ਤਿੰਨਾਂ ਨੇ ਪੈਟਰੋਲ ਲਿਆ ਉਥੇ ਵੀ ਵੈਰੀਫਾਈ ਕਰ ਲਿਆ ਗਿਆ ਹੈ। ਫਰਾਰ ਮੁਲਜ਼ਮ ਰਾਜਨ ਕੁਮਾਰ ਗੁੱਗੂ ਦੀ ਭਾਲ ਕੀਤੀ ਜਾ ਰਹੀ ਹੈ।
ਕਵਿਤਾ ਦੀ ਲਾਸ਼ ਦਾ ਹੋਵੇਗਾ ਡੀ. ਐੱਨ. ਏ. ਟੈਸਟ
ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੇ ਦੱਸਿਆ ਕਿ ਕਿਉਂਕਿ ਕਵਿਤਾ ਦੀ ਲਾਸ਼ ਬੁਰੀ ਤਰ੍ਹਾਂ ਸਾੜ ਦਿੱਤੀ ਗਈ ਸੀ ਪਰ ਉਸਦੀ ਸ਼ਨਾਖਤ ਪੰਜਾਬੀ ਜੁੱਤੀ ਤੋਂ ਹੋਈ। ਭਾਵੇਂ ਪੁਲਸ ਕੋਲ ਕੇਸ ਵਿਚ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਪੁਖਤਾ ਸਬੂਤ ਹਨ ਪਰ ਇਸਦੇ ਬਾਵਜੂਦ ਪੁਲਸ ਕਵਿਤਾ ਦੀ ਲਾਸ਼ ਦਾ ਡੀ. ਐੱਨ. ਏ. ਟੈਸਟ ਕਰਵਾਏਗੀ ਤਾਂ ਜੋ ਪੁਲਸ ਕੋਲ ਐਵੀਡੈਂਸ ਹੋਰ ਮਜ਼ਬੂਤ ਹੋਣ। ਇਕ ਸਵਾਲ ਦੇ ਜਵਾਬ ਵਿਚ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੇ ਦੱਸਿਆ ਕਿ ਮ੍ਰਿਤਕਾ ਕਵਿਤਾ ਦੇ ਹੱਥ ਪੂਰੀ ਤਰ੍ਹਾਂ ਸੜੇ ਨਹੀਂ, ਉਸ ਦੇ ਹੱਥਾਂ ਵਿਚ 'ਫੌਰਨ ਪਾਰਟੀਕਲ' ਮਿਲੇ ਹਨ। ਸ਼ਾਇਦ ਉਕਤ ਨਿਸ਼ਾਨ ਕਤਲ ਦੇ ਮੁਲਜ਼ਮ ਵਿਸ਼ਾਲ ਦੇ ਸਨ, ਜਿਸ ਤੋਂ ਸਪੱਸ਼ਟ ਹੈ ਕਿ ਜਦੋਂ ਵਿਸ਼ਾਲ ਨੇ ਚੂੰਨੀ ਨਾਲ ਕਵਿਤਾ ਦਾ ਗਲਾ ਘੁੱਟਿਆ ਤਾਂ ਕਵਿਤਾ ਨੇ ਵਿਰੋਧ ਕੀਤਾ ਤੇ ਉਸਦੇ ਹੱਥਾਂ ਵਿਚ ਮੁਲਜ਼ਮ ਦੇ ਸਰੀਰ ਦਾ ਮਾਸ, ਵਾਲ ਆਦਿ ਫਸ ਗਏ। ਇਸ ਸਬੰਧੀ ਸਾਇੰਟੀਫਿਕ ਜਾਂਚ ਕਰਵਾਈ ਜਾਵੇਗੀ ਜੋ ਕਿ ਪੁਲਸ ਲਈ ਇਕ ਹੋਰ ਸਟ੍ਰਾਂਗ ਐਵੀਡੈਂਸ ਹੋਵੇਗੀ।
3 ਘੰਟੇ ਪਾਰਕ 'ਚ ਪਈ ਰਹੀ ਲਾਸ਼, ਹਨੇਰਾ ਹੋਣ ਕਾਰਨ ਪਤਾ ਨਹੀਂ ਲੱਗਾ
ਮੌਕੇ 'ਤੇ ਜਾਂਚ ਦੌਰਾਨ ਪਤਾ ਲੱਗਾ ਰਾਤ ਕਰੀਬ 8.30 ਵਜੇ ਡੇ ਸ਼ਿਫਟ ਖਤਮ ਤੇ ਨਾਈਟ ਸ਼ਿਫਟ ਸ਼ੁਰੂ ਹੋਣ ਕਾਰਨ ਮਜ਼ਦੂਰਾਂ ਦੀ ਭੀੜ ਰਹਿੰਦੀ ਹੈ ਪਰ 6.30 ਵਜੇ ਤੋਂ ਲੈ ਕੇ 9 ਵਜੇ ਤੱਕ ਲਾਸ਼ ਪਾਰਕ ਵਿਚ ਪਈ ਰਹੀ ਪਰ ਕਿਸੇ ਦੀ ਨਜ਼ਰ ਨਹੀਂ ਪਈ। ਹੈਰਾਨੀਜਨਕ ਤੱਥ ਇਕ ਹੋਰ ਹੈ ਕਿ ਜਦੋਂ ਖੁੱਲ੍ਹੇਆਮ ਪਾਰਕ ਵਿਚ ਕਵਿਤਾ ਦੀ ਲਾਸ਼ ਸਾੜੀ ਗਈ ਤਾਂ ਨੇੜੇ-ਤੇੜੇ ਦੇ ਕਿਸੇ ਵੀ ਵਿਅਕਤੀ ਨੇ ਧਿਆਨ ਨਹੀਂ ਦਿੱਤਾ।
ਵਿਸ਼ਾਲ 'ਤੇ ਹੈ ਹੱਤਿਆ ਦੀ ਕੋਸ਼ਿਸ਼ ਤੇ ਰਮਨ 'ਤੇ ਹੈ ਦੇਹ ਵਪਾਰ ਦਾ ਕੇਸ
ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਵਾਰਦਾਤ ਦੇ ਮੁੱਖ ਦੋਸ਼ੀ ਵਿਸ਼ਾਲ ਕੁਮਾਰ ਖਿਲਾਫ ਥਾਣਾ ਫਿਲੌਰ ਵਿਚ 16 ਅਕਤੂਬਰ ਨੂੰ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਸਬੰਧੀ ਕੇਸ ਦਰਜ ਹੋਇਆ ਸੀ, ਜਦੋਂਕਿ ਉਸਦੇ ਮਾਮਾ ਰਮਨ ਖਿਲਾਫ ਮਈ 2016 ਵਿਚ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਵਿਚ ਥਾਣਾ ਨੰਬਰ 5 ਜਲੰਧਰ ਵਿਚ ਕੇਸ ਦਰਜ ਹੈ।
ਕਾਰ-ਐਕਟਿਵਾ ਟੱਕਰ 'ਚ ਬਜ਼ੁਰਗ ਦੀ ਮੌਤ
NEXT STORY