ਜਲੰਧਰ/ਹੁਸ਼ਿਆਰਪੁਰ, (ਅਸ਼ਵਨੀ)- ਪੁਲਸ ਨੇ 28 ਜੁਲਾਈ ਨੂੰ ਮਾਲ ਰੋਡ 'ਤੇ ਜ਼ਿਲਾ ਪੁਲਸ ਮੁਖੀ ਦੀ ਰਿਹਾਇਸ਼ ਨੇੜੇ ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਮੰਜੂ ਸ਼ਰਮਾ ਦੇ ਕਤਲ ਦਾ ਸੁਰਾਗ ਲਾਉਣ 'ਚ ਸਫ਼ਲਤਾ ਪ੍ਰਾਪਤ ਕਰ ਕੇ ਦੋਸ਼ੀ ਡਾ. ਮੰਜੂ ਦੇ ਭਤੀਜੇ ਅਮਿਤ ਸ਼ਰਮਾ ਉਰਫ ਜਿੰਮੀ ਪੁੱਤਰ ਵਿਨੈ ਸ਼ਰਮਾ ਵਾਸੀ ਮੁਹੱਲਾ ਗੋਬਿੰਦ ਨਗਰ, ਥਾਣਾ ਬਾਰਾਦਰੀ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਲੰਧਰ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਜ਼ੋਨਲ ਅਰਪਿਤ ਸ਼ੁਕਲਾ ਅਤੇ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਦੱਸਿਆ ਕਿ ਡਾ. ਮੰਜੂ ਸ਼ਰਮਾ ਦੇ ਕਤਲ ਦੀ ਜਾਂਚ 2 ਦਿਨ ਸਾਇੰਟੀਫਿਕ ਢੰਗ ਨਾਲ ਕੀਤੇ ਜਾਣ ਤੋਂ ਬਾਅਦ ਪੁਲਸ ਦੀ ਜਾਂਚ ਦੀ ਸੂਈ ਡਾ. ਮੰਜੂ ਸ਼ਰਮਾ ਦੇ ਭਤੀਜੇ ਦੁਆਲੇ ਘੁੰਮਣ ਲੱਗੀ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਚਕਾਰ ਪਾਸ਼ ਏਰੀਏ ਵਿਚ ਹੋਏ ਇਸ ਸਨਸਨੀਖੇਜ਼ ਕਤਲ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ. ਐੱਸ. ਪੀ. ਨੇ ਮਾਮਲੇ ਦੀ ਜਾਂਚ ਲਈ ਐੱਸ. ਪੀ. ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਦੀ ਅਗਵਾਈ 'ਚ ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ, ਥਾਣਾ ਸਿਟੀ ਦੇ ਇੰਚਾਰਜ ਸਬ-ਇੰਸਪੈਕਟਰ ਕਮਲਜੀਤ ਸਿੰਘ ਅਤੇ ਸੀ.² ਆਈ. ਏ. ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਸੁਖਵਿੰਦਰ ਸਿੰਘ 'ਤੇ ਆਧਾਰਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਨੇ ਕਤਲ ਦੀ ਗੁੱਥੀ ਸੁਲਝਾਉਣ ਲਈ ਦਿਨ-ਰਾਤ ਸਖ਼ਤ ਮਿਹਨਤ ਕੀਤੀ ਅਤੇ ਕਾਤਲ ਤੱਕ ਪਹੁੰਚੀ।
2 ਹਜ਼ਾਰ ਰੁਪਏ ਦੇ ਅਸ਼ਟਾਮ ਪੇਪਰ 'ਤੇ ਕਰਵਾਏ ਸਨ ਡਾ. ਮੰਜੂ ਦੇ ਦਸਤਖ਼ਤ-ਆਈ. ਜੀ. ਤੇ ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀ ਅਮਿਤ ਸ਼ਰਮਾ ਦੀ ਨਜ਼ਰ ਆਪਣੀ ਭੂਆ ਦੀ ਜਾਇਦਾਦ 'ਤੇ ਵੀ ਸੀ। ਉਸ ਨੇ 23 ਜੂਨ ਨੂੰ 2 ਹਜ਼ਾਰ ਰੁਪਏ ਦੇ ਅਸ਼ਟਾਮ ਪੇਪਰ ਖਰੀਦ ਕੇ 24 ਜੂਨ ਨੂੰ ਖਾਲੀ ਅਸ਼ਟਾਮ ਪੇਪਰ 'ਤੇ ਕਈ ਥਾਂ 'ਤੇ ਆਪਣੀ ਭੂਆ ਦੇ ਦਸਤਖ਼ਤ ਕਰਵਾ ਲਏ ਸਨ। ਉਸ ਦਾ ਇਰਾਦਾ ਭੂਆ ਦੀ ਸੰਪਤੀ ਆਪਣੇ ਨਾਂ ਕਰਵਾਉਣ ਦਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਜਦੋਂ ਉਹ ਅਸ਼ਟਾਮ ਪੇਪਰ ਲੈ ਕੇ ਵਸੀਕਾ ਨਵੀਸ ਕੋਲ ਗਿਆ ਤਾਂ ਉਸ ਨੇ ਇਹ ਕਹਿ ਕੇ ਉਸ 'ਤੇ ਕੁਝ ਵੀ ਲਿਖਣ ਤੋਂ ਇਨਕਾਰ ਕਰ ਦਿੱਤਾ ਕਿ ਇਸ 'ਤੇ ਕਿਸੇ ਸੰਪਤੀ ਦਾ ਵੇਰਵਾ ਜਾਂ ਖਸਰਾ ਨੰਬਰ ਆਦਿ ਨਹੀਂ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਕੋਲੋਂ ਹੋਰ ਪੁੱਛਗਿੱਛ ਕਰਨ ਲਈ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ।
ਡੀ. ਜੀ. ਪੀ. ਨੇ ਕੀਤੀ ਜਾਂਚ ਦਲ ਦੀ ਸ਼ਲਾਘਾ-ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਨੇ ਇਸ ਕੇਸ ਦੀ ਗੁੱਥੀ ਜਲਦ ਸੁਲਝਾਉਣ ਲਈ ਜਾਂਚ ਦਲ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਡੀ. ਜੀ. ਪੀ. ਡਿਸਕ ਤੇ ਪ੍ਰਮਾਣ ਪੱਤਰ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਮੌਕੇ ਡੀ. ਐੱਸ. ਪੀ. ਹੈੱਡਕੁਆਰਟਰ ਜੰਗ ਬਹਾਦਰ ਸ਼ਰਮਾ, ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ, ਡੀ. ਐੱਸ. ਪੀ. ਇਨਵੈਸਟੀਗੇਸ਼ਨ ਗੁਰਜੀਤਪਾਲ ਸਿੰਘ, ਐੱਸ. ਐੱਚ. ਓ. ਸਿਟੀ ਕਮਲਜੀਤ ਸਿੰਘ ਅਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਖਵਿੰਦਰ ਸਿੰਘ ਵੀ ਮੌਜੂਦ ਸਨ।
ਪੇਂਡੂ ਮਜ਼ਦੂਰਾਂ ਨੇ ਵਰ੍ਹਦੇ ਮੀਂਹ 'ਚ ਕੱਢਿਆ ਜਥਾ ਮਾਰਚ
NEXT STORY