ਚੰਡੀਗੜ੍ਹ (ਅਰਚਨਾ)- ਨਵੇਂ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦਿਨੋ-ਦਿਨ ਜ਼ੋਰ ਫੜ੍ਹਦਾ ਜਾ ਰਿਹਾ ਹੈ। ਦਿੱਲੀ ਨਾਲ ਲੱਗਦੇ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਕਿਸਾਨ ਔਰਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਦੋ ਹਜ਼ਾਰ ਮਹਿਲਾ ਕਿਸਾਨ ਨੇਤਾਵਾਂ ਵਲੋਂ ਬਾਰਡਰ ’ਤੇ ਸ਼ੁਰੂ ਕੀਤੇ ਗਏ ਅੰਦੋਲਨ ਵਿਚ 60 ਹਜ਼ਾਰ ਤੋਂ ਜ਼ਿਆਦਾ ਔਰਤਾਂ ਵਲੋਂ ਕਿਸਾਨਾਂ ਨੂੰ ਜੋੜਣ ਲਈ ਹਰਿਆਣਾ ਅਤੇ ਪੰਜਾਬ ਦੇ ਪਿੰਡਾਂ ਵਿਚ ਮੁਹਿੰਮ ਚਲਾਈ ਜਾ ਰਹੀ ਹੈ। ਘਰ-ਘਰ ਜਾ ਕੇ ਔਰਤਾਂ ਹੀ ਔਰਤਾਂ ਨੂੰ ਸੰਘਰਸ਼ ਲਈ ਇਕੱਠਾ ਕਰ ਰਹੀਆਂ ਹਨ। ਉਹ ਟਰੈਕਟਰਾਂ ਦੀ ਮਦਦ ਨਾਲ ਪਿੰਡਾਂ ਵਿਚ ਰੈਲੀਆਂ ਕੱਢ ਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਇਸ ਅੰਦੋਲਨ ਨਾਲ ਜੋੜਨ ਵਿਚ ਲੱਗੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਕਿਸਾਨ ਮੋਰਚਾ: 10 ਗੈਸ ਸਿਲੰਡਰ ਅਤੇ 2500 ਰੁਪਏ ਦਾ ਡੀਜ਼ਲ ਲੱਗਦਾ ਹੈ ਰੋਜ਼ਾਨਾ
ਦਿੱਲੀ ਬਾਰਡਰ ’ਤੇ ਬੈਠੀਆਂ ਕਿਸਾਨ ਔਰਤਾਂ ਦੀ ਜ਼ਿੰਮੇਵਾਰੀ ਸਿਰਫ ਰੋਟੀ-ਸਬਜ਼ੀ ਬਣਾਉਣਾ, ਕੱਪੜੇ ਧੋਣਾ ਅਤੇ ਬੱਚਿਆਂ ਦੀ ਦੇਖਭਾਲ ਕਰਨਾ ਹੀ ਨਹੀਂ, ਸਗੋਂ ਸੰਘਰਸ਼ ਨੂੰ ਤੇਜ਼ ਕਰਨ ਲਈ ਬੈਠਕਾਂ ਕਰਨਾ, ਭਾਸ਼ਣ ਦੇਣਾ ਅਤੇ ਨੌਜਵਾਨਾਂ ਨੂੰ ਕਈ ਜ਼ਿੰਮੇਵਾਰੀਆਂ ਦੇਣਾ ਵੀ ਹੈ। ਇਹੀ ਨਹੀਂ, ਅੰਦੋਲਨ ਵਿਚ ਸੱਤ ਮਹੀਨਿਆਂ ਤੋਂ ਲੈ ਕੇ 7 ਸਾਲ ਤਕ ਦੇ ਬੱਚੇ ਵੀ ਆਪਣੀਆਂ ਮਾਂਵਾਂ ਨਾਲ ਟਰੈਕਟਰਾਂ ’ਤੇ ਬੈਠੇ ਹੋਏ ਹਨ। 13 ਸਾਲ ਦੇ ਬੱਚੇ ਕਾਨੂੰਨ ਖਿਲਾਫ ਭਾਸ਼ਣ ਦੇਣ ਦਾ ਕੰਮ ਵੀ ਸੰਭਾਲ ਰਹੇ ਹਨ। ਮਾਂ ਵਲੋਂ ਦੱਸੇ ਗਏ ਭਾਸ਼ਣਾਂ ਨਾਲ ਉਹ ਕਿਸਾਨਾਂ ਨੂੰ ਸੰਘਰਸ਼ ਨਾਲ ਜੋੜਨ ਵਿਚ ਲੱਗੇ ਹੋਏ ਹਨ। ਬੱਚਿਆਂ ਦੇ ਖੇਡਣ ਲਈ ਵੀ ਇੰਤਜ਼ਾਮ ਕੀਤੇ ਗਏ ਹਨ। ਮਹਿਲਾ ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਔਰਤਾਂ ਦੀ ਟਰੈਕਟਰ ਯਾਤਰਾ ਸਰਕਾਰ ਨੂੰ ਸੁਨੇਹੇ ਦੇ ਰਹੀ ਹੈ ਕਿ ਉਹ ਬੱਚਿਆਂ ਅਤੇ ਪਰਿਵਾਰ ਦੇ ਨਾਲ ਮੈਦਾਨ ਵਿਚ ਪਹੁੰਚ ਚੁੱਕੀਆਂ ਹਨ। ਜਦੋਂ ਔਰਤਾਂ ਕਿਸੇ ਅੰਦੋਲਨ ਨਾਲ ਜੁੜਦੀਆਂ ਹਨ ਤਾਂ ਹਾਰ ਨਹੀਂ ਮੰਨਦੀਆਂ, ਸਗੋਂ ਜਿੱਤ ਕੇ ਹੀ ਦਮ ਲੈਂਦੀਆਂ ਹਨ।
ਇਹ ਵੀ ਪੜ੍ਹੋ : ਅੰਦੋਲਨ ’ਚ ਗਿਆਨ ਦਾ ਪ੍ਰਵਾਹ, ਕਿਤੇ ਚੱਲ ਰਹੀ ਲਾਇਬ੍ਰੇਰੀ ਤਾਂ ਕਿਤੇ ਬੱਚਿਆਂ ਨੂੰ ਪੜ੍ਹਾ ਰਹੇ ਵਾਲੰਟੀਅਰ
ਇਹ ਵੀ ਪੜ੍ਹੋ : 5 ਸਾਲ ਦੀ ਉਮਰ ’ਚ ਬਰਾਂਡ ਅੰਬੈਸਡਰ ਬਣੀ ਧੋਨੀ ਦੀ ਧੀ ਜੀਵਾ, ਇਸ ਵਿਗਿਆਪਨ ’ਚ ਆਵੇਗੀ ਨਜ਼ਰ, ਵੇਖੋ ਵੀਡੀਓ
‘ਹਾਰਾਂਗੇ ਨਹੀਂ, ਚਾਹੇ ਸੰਘਰਸ਼ ਸਾਲ ਭਰ ਕਿਉਂ ਨਾ ਚੱਲੇ, ਇਸੇ ਤਰ੍ਹਾਂ ਬਾਰਡਰ ’ਤੇ ਡਟੇ ਰਹਾਂਗੇ : ਬਿੰਦੂ’
ਭਾਰਤੀ ਕਿਸਾਨ ਯੂਨੀਅਨ ਮਹਿਲਾ ਵਿੰਗ ਦੀ ਨੇਤਾ ਹਰਿੰਦਰ ਕੌਰ ਬਿੰਦੂ ਦਾ ਕਹਿਣਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਖਿਲਾਫ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਔਰਤਾਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰ ਰਹੀਆਂ ਹਨ। ਔਰਤਾਂ ਨੇ ਸੰਘਰਸ਼ ਨੂੰ ਤੇਜ਼ ਕਰਨ ਦੀ ਕਮਾਨ ਸੰਭਾਲੀ ਹੋਈ ਹੈ। ਆਉਣ ਵਾਲੇ ਦਿਨਾ ਵਿਚ ਜਦੋਂ ਲੱਖਾਂ ਲੋਕ ਬਾਰਡਰ ’ਤੇ ਪਹੁੰਚ ਜਾਣਗੇ ਤਾਂ ਸਰਕਾਰ ਨੂੰ ਸਮਝ ਆ ਜਾਵੇਗਾ ਕਿ ਕਿਸਾਨ ਸਿਰਫ ਭੋਲਾ ਹੀ ਨਹੀਂ, ਸਗੋਂ ਪੂਰੀ ਦੁਨੀਆ ਨੂੰ ਹਿਲਾਉਣ ਦੀ ਤਾਕਤ ਵੀ ਰੱਖਦਾ ਹੈ। ਕੜਾਕੇ ਦੀ ਠੰਡ ਵਿਚ ਔਰਤਾਂ ਘਰ ਛੱਡ ਕੇ ਬਾਰਡਰ ’ਤੇ ਗਈਆਂ ਹਨ ਤਾਂ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਾਨੂੰਨਾਂ ਵਿਚ ਸਿਰਫ ਸੋਧ ਨਾਲ ਕੰਮ ਨਹੀਂ ਚੱਲੇਗਾ, ਸਗੋਂ ਇਨ੍ਹਾਂ ਨੂੰ ਰੱਦ ਕਰਨਾ ਹੀ ਪਵੇਗਾ। ਅਸੀ ਹਾਰਾਂਗੇ ਨਹੀਂ, ਚਾਹੇ ਸੰਘਰਸ਼ ਸਾਲ ਭਰ ਕਿਉਂ ਨਾ ਚੱਲੇ, ਇਸੇ ਤਰ੍ਹਾਂ ਬਾਰਡਰ ’ਤੇ ਡਟੇ ਰਹਾਂਗੇ। ਬਿੰਦੂ ਨੇ ਕਿਹਾ ਕਿ ਕੁਝ ਮੰਤਰੀ ਕਹਿ ਰਹੇ ਹਨ ਕਿ ਕਿਸਾਨ ਬਾਰਡਰ ’ਤੇ ਪਿਕਨਿਕ ਮਨਾ ਰਹੇ ਹਨ, ਉਨ੍ਹਾਂ ਨੂੰ ਇਹ ਪਿਕਨਿਕ ਲੱਗ ਰਿਹਾ ਹੈ ਤਾਂ ਉਹ ਵੀ ਹਿੱਸਾ ਲੈ ਲੈਣ ਪਰ ਕੁਝ ਕਾਰਪੋਰੇਟ ਘਰਾਣਿਆਂ ਦੀਆਂ ਜੇਬਾਂ ਭਰਨ ਲਈ ਕਿਸਾਨਾਂ ਦੇ ਅਧਿਕਾਰਾਂ ਨੂੰ ਖਾਣ ਦਾ ਕੰਮ ਨਾ ਕਰਨ।
‘ਲੋਹੜੀ ਵੀ ਸ਼ਾਇਦ ਬਾਰਡਰ ’ਤੇ ਹੀ ਮਣਾਉਣੀ ਪਵੇਗੀ’
ਮਹਿਲਾ ਕਿਸਾਨ ਨੇਤਾ ਪਰਮਜੀਤ ਪੰਮੀ ਪੀਥੋ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨੇ ਨਵੇਂ ਖੇਤੀ ਕਾਨੂੰਨ ਕਿਸਾਨਾਂ ਨੂੰ ਤਬਾਹ ਕਰ ਦੇਣਗੇ। ਕਿਸਾਨ ਆਪਣੀ ਜ਼ਮੀਨ ’ਤੇ ਹੀ ਮਜ਼ਦੂਰ ਬਣ ਜਾਵੇਗਾ। ਇਨ੍ਹਾਂ ਤਿੰਨੇ ਕਾਨੂੰਨਾਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਚਾਹੀਦਾ ਹੈ ਤਾਂ ਉਨ੍ਹਾਂ ਨਾਲ ਅੰਦੋਲਨ ਵਿਚ ਵੀ ਬਰਾਬਰ ਦੀ ਹਿੱਸੇਦਾਰੀ ਨਿਭਾਉਣੀ ਹੋਵੇਗੀ। ਮਹਿਲਾ ਕਿਸਾਨ ਹਰ ਰੋਜ਼ ਮਰਦਾਂ ਦੇ ਬਰਾਬਰ ਭਾਸ਼ਣ ਵੀ ਦੇ ਰਹੀਆਂ ਹਨ। ਸਰਕਾਰ ਦੀਆਂ ਕਾਲੀਆਂ ਨੀਤੀਆਂ ਦਾ ਵਿਰੋਧ ਕਰ ਰਹੀਆਂ ਹਨ। ਬਹੁਤ ਦੂਰੋਂ ਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਦੇਖਭਾਲ ਵੀ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਅੰਦੋਲਨ ਕੋਈ ਆਮ ਸੰਘਰਸ਼ ਨਹੀਂ ਹੈ, ਸਗੋਂ ਇਹ ਅਜਿਹਾ ਅੰਦੋਲਨ ਬਣ ਚੁੱਕਿਆ ਹੈ, ਜਿਸ ਨੂੰ ਪੂਰੀ ਦੁਨੀਆ ਦਾ ਸਾਥ ਮਿਲ ਰਿਹਾ ਹੈ। ਸਰਕਾਰ ਆਪਣੀ ਜ਼ਿੱਦ ਛੱਡਣ ਦਾ ਨਾਂ ਨਹੀਂ ਲੈ ਰਹੀ ਤਾਂ ਅਸੀਂ ਵੀ ਸੰਘਰਸ਼ ਛੱਡਣ ਵਾਲੇ ਨਹੀਂ ਹਾਂ। ਹੁਣ ਲੋਹੜੀ ਵੀ ਸ਼ਾਇਦ ਬਾਰਡਰ ’ਤੇ ਹੀ ਮਨਾਉਣੀ ਪਵੇਗੀ। ਕਿਸਾਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ 23 ਵਾਰ ਦੇ ਵਿਸ਼ਵ ਬਿਲੀਅਰਡਜ਼ ਚੈਂਪੀਅਨ ਪੰਕਜ ਅਡਵਾਨੀ, ਵੇਖੋ ਤਸਵੀਰਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਖੇਤੀ ਕਾਨੂੰਨਾਂ ਨੂੰ ਲੈ ਕੇ ਹਰਸਿਮਰਤ ਨੇ ਕੈਪਟਨ ਨੂੰ ਲਿਆ ਨਿਸ਼ਾਨੇ ’ਤੇ, ਦੋਹਰੀ ਚਾਲ ਨਾ ਚੱਲਣ ਦੀ ਕਹੀ ਗੱਲ
NEXT STORY