ਅੰਮ੍ਰਿਤਸਰ, (ਨੀਰਜ)- ਬਲਿਊ ਵ੍ਹੇਲ ਚੈਲੇਂਜ ਗੇਮ ਨੇ ਪੂਰੇ ਸੰਸਾਰ 'ਚ ਹੜਕੰਪ ਮਚਾ ਰੱਖਿਆ ਹੈ, ਜਿਸ ਨੇ ਕਈ ਮਾਸੂਮ ਬੱਚਿਆਂ ਦੀ ਜਾਨ ਲੈ ਲਈ ਹੈ ਅਤੇ ਪੰਜਾਬ ਵਿਚ ਵੀ ਇਸ ਤੋਂ ਪੀੜਤ ਬੱਚੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਨੇ ਪਹਿਲਾਂ ਤੋਂ ਹੀ ਇਸ ਨਾਲ ਨਿੱਬੜਨ ਦੀ ਤਿਆਰੀ ਕਰ ਲਈ ਹੈ ਤਾਂ ਕਿ ਕਿਸੇ ਮਾਸੂਮ ਬੱਚੇ ਦੀ ਜਾਨ ਨਾ ਜਾ ਸਕੇ। ਅੱਜ ਡੀ. ਸੀ. ਕਮਲਦੀਪ ਸਿੰਘ ਸੰਘਾ ਨੇ ਜ਼ਿਲੇ ਦੀਆਂ ਸਮੂਹ ਸਿੱਖਿਆ ਸੰਸਥਾਵਾਂ ਜਿਨ੍ਹਾਂ 'ਚ ਸਕੂਲਾਂ ਤੇ ਕਾਲਜਾਂ ਨੂੰ ਨੋਟਿਸ ਜਾਰੀ ਕਰ ਕੇ ਸਕੂਲ ਪ੍ਰਬੰਧਕਾਂ ਨੂੰ ਇਸ ਖਤਰਨਾਕ ਗੇਮ ਸਬੰਧੀ ਬੱਚਿਆਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਹਨ, ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੂੰ ਵੀ ਨਿਰਦੇਸ਼ ਦਿੱਤਾ ਹੈ ਕਿ ਸਾਰੇ ਸਕੂਲ ਮੁਖੀਆਂ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਬਲਿਊ ਵ੍ਹੇਲ ਚੈਲੇਂਜ ਗੇਮ ਦੇ ਖਤਰਨਾਕ ਨਤੀਜਿਆ ਸਬੰਧੀ ਜਾਣੂ ਕਰਵਾਇਆ ਜਾਵੇ।
ਡੀ. ਸੀ. ਨੇ ਕਿਹਾ ਕਿ ਅੱਜ ਜਿਥੇ ਇੰਟਰਨੈੱਟ ਨੇ ਪੂਰੀ ਦੁਨੀਆ ਨੂੰ ਛੋਟਾ ਕਰ ਦਿੱਤਾ ਹੈ ਅਤੇ ਇਸ ਤੋਂ ਭਾਰੀ ਗਿਆਨ ਵੀ ਪ੍ਰਾਪਤ ਹੁੰਦਾ ਹੈ, ਉਥੇ ਹੀ ਬਲਿਊ ਵ੍ਹੇਲ ਵਰਗੀਆਂ ਗੇਮਾਂ ਤੋਂ ਬੱਚੇ ਆਪਣੀ ਜਾਨ ਗਵਾ ਰਹੇ ਹਨ, ਜੋ ਨਹੀਂ ਹੋਣਾ ਚਾਹੀਦਾ। ਜੋ ਬੱਚੇ ਆਪਣੇ ਸਕੂਲ ਅਤੇ ਘਰਾਂ ਵਿਚ ਇੰਟਰਨੈੱਟ ਚਲਾਉਂਦੇ ਹਨ ਉਨ੍ਹਾਂ 'ਤੇ ਖਾਸ ਧਿਆਨ ਦੇਣ ਦੀ ਲੋੜ ਹੈ ਤੇ ਜੋ ਬੱਚੇ ਮੋਬਾਇਲ ਫੋਨ 'ਤੇ ਗੇਮ ਖੇਡਦੇ ਹਨ ਉਨ੍ਹਾਂ ਨੂੰ ਇਸ ਖਤਰਨਾਕ ਗੇਮ ਤੋਂ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਬੱਚਾ ਇਕੱਲਾ ਰਹਿਣ ਦੀ ਕੋਸ਼ਿਸ਼ ਕਰੇ ਅਤੇ ਰਾਤ ਨੂੰ ਜਾਗਣਾ ਸ਼ੁਰੂ ਕਰ ਦੇਵੇ, ਇਸ ਤੋਂ ਇਲਾਵਾ ਅਜੀਬ ਹਰਕਤਾਂ ਕਰੇ ਤਾਂ ਉਸ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਗੇਮ ਵਿਚ ਸ਼ਾਮਿਲ ਹੋਣ ਵਾਲੇ ਬੱਚੇ ਮਾਨਸਿਕ ਰੂਪ 'ਚ ਗੁੰਮਰਾਹ ਹੋ ਜਾਂਦੇ ਹਨ।
ਉਹ ਆਮ ਤੌਰ 'ਤੇ ਬੇਚੈਨ ਰਹਿੰਦੇ ਹਨ ਅਤੇ ਇਕੱਲੇ ਘੁੰਮਦੇ ਹਨ, ਉੱਚੀਆਂ ਇਮਾਰਤਾਂ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ ਅਤੇ ਅਜਿਹੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਉਨ੍ਹਾਂ ਦੀ ਉਮਰ ਨਾਲ ਮੇਲ ਨਾ ਖਾਂਦੇ ਹੋਣ। ਜਦੋਂ ਬੱਚਾ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦੇਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਬਲਿਊ ਵ੍ਹੇਲ ਗੇਮ ਦੀ ਗ੍ਰਿਫਤ ਵਿਚ ਆ ਚੁੱਕਾ ਹੈ। ਮਾਪਿਆਂ ਨੂੰ ਆਪਣੇ ਘਰਾਂ ਵਿਚ ਬੱਚਿਆਂ ਨੂੰ ਇਸ ਗੇਮ ਦੇ ਭੈੜੇ ਨਤੀਜਿਆਂ ਸਬੰਧੀ ਜਾਗਰੂਕ ਕਰਨ ਦੀ ਲੋੜ ਹੈ।
ਕੀ ਹੈ ਬਲਿਊ ਵ੍ਹੇਲ ਗੇਮ ਚੈਲੇਂਜ- ਬਲਿਊ ਵ੍ਹੇਲ ਗੇਮ ਚੈਲੇਂਜ ਵਿਚ ਜੋ ਬੱਚਾ ਫਸਦਾ ਹੈ ਉਸ ਨੂੰ ਗੇਮ ਐਡਮਿਨ ਵੱਲੋਂ ਅਜਿਹੇ ਟਾਸਕ ਪੂਰੇ ਕਰਨ ਲਈ ਦਿੱਤੇ ਜਾਂਦੇ ਹਨ ਜੋ ਬਹੁਤ ਖਤਰਨਾਕ ਹੁੰਦੇ ਹਨ। ਰਾਤ ਨੂੰ 12 ਵਜੇ ਤੋਂ ਬਾਅਦ ਇਹ ਗੇਮ ਸ਼ੁਰੂ ਹੁੰਦੀ ਹੈ, ਜੋ ਬੱਚਾ ਇਸ ਗੇਮ ਨੂੰ ਛੱਡਣ ਦੀ ਕੋਸ਼ਿਸ਼ ਕਰਦਾ ਹੈ ਤਾਂ ਐਡਮਿਨ ਵੱਲੋਂ ਉਸ ਨੂੰ ਮਾਰਨ ਜਾਂ ਉਸ ਦੇ ਘਰਵਾਲਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਜਾਂਦੀ ਹੈ। ਹਾਲਾਂਕਿ ਇਹ ਧਮਕੀਆਂ ਸਿਰਫ ਬੋਗਸ ਹੁੰਦੀਆਂ ਹਨ, ਇਨ੍ਹਾਂ ਵਿਚ ਕੋਈ ਅਸਲੀਅਤ ਨਹੀਂ ਹੁੰਦੀ ਪਰ ਜ਼ਿਆਦਾਤਰ ਬੱਚੇ ਇਸ ਸਟੇਜ 'ਤੇ ਪੁੱਜਦੇ-ਪੁੱਜਦੇ ਮਾਨਸਿਕ ਰੂਪ 'ਚ ਇੰਨਾ ਡੁੱਬ ਜਾਂਦੇ ਹਨ ਕਿ ਉਹ ਆਤਮ-ਹੱਤਿਆ ਤੱਕ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਅੱਜ ਲੋੜ ਹੈ ਸਾਨੂੰ ਆਪਣੇ ਬੱਚਿਆਂ 'ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਸਮਝਾਉਣ ਦੀ ਕਿ ਇੰਟਰਨੈੱਟ ਦੀ ਦੁਨੀਆ ਅਤੇ ਅਸਲੀਅਤ ਵਿਚ ਜ਼ਮੀਨ-ਆਸਮਾਨ ਦਾ ਫਰਕ ਹੈ।
ਪੁਰਾਤਨ ਤੇ ਆਊਟਡੋਰ ਖੇਡਾਂ ਲੁਪਤ ਹੋਣ ਨਾਲ ਬਣੇ ਹਾਲਾਤ- ਕਦੇ ਜ਼ਮਾਨਾ ਸੀ ਜਦੋਂ ਬੱਚੇ ਆਪਣੇ ਗਲੀ-ਮੁਹੱਲੇ ਵਿਚ ਇਕੱਠੇ ਹੋ ਕੇ ਛੁਪਣ-ਛੁਪਾਈ, ਲੁਕਣਮੀਚੀ, ਸਟਾਪੂ, ਗੁੱਲੀ ਡੰਡਾ, ਰੱਸਾਕਸ਼ੀ, ਰੱਸੀ ਟੱਪਣਾ ਵਰਗੀਆਂ ਪੁਰਾਤਨ ਖੇਡਾਂ ਖੇਡਦੇ ਸਨ, ਜਿਸ ਨਾਲ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਸੀ ਪਰ ਅੱਜ ਇਹ ਪ੍ਰੰਪਰਾਗਤ ਖੇਡਾਂ ਲੁਪਤ ਹੋ ਚੁੱਕੀਆਂ ਹਨ।
ਸਮਾਜਿਕ ਮਾਹੌਲ ਅਤੇ ਕ੍ਰਾਈਮ ਇੰਨਾ ਵੱਧ ਚੁੱਕਾ ਹੈ ਕਿ ਬੱਚੇ ਘਰੋਂ ਬਾਹਰ ਨਿਕਲਣ ਲਈ ਡਰਦੇ ਹਨ। ਇਥੋਂ ਤੱਕ ਕਿ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਗੁਆਂਢੀ ਦੇ ਘਰ ਤੱਕ ਨਹੀਂ ਜਾਣ ਦਿੰਦੇ, ਅਜਿਹੇ 'ਚ ਬੱਚਿਆਂ ਦਾ ਗਲੀ-ਮੁਹੱਲੇ ਵਿਚ ਪ੍ਰੰਪਰਾਗਤ ਖੇਡ ਖੇਡਣਾ ਬੰਦ ਹੋ ਗਿਆ ਹੈ।
ਇਸ ਤੋਂ ਬਿਲਕੁਲ ਉਲਟ ਇੰਡੋਰ ਗੇਮਸ ਹਾਵੀ ਹੋ ਚੁੱਕੀਆਂ ਹਨ, ਜਿਸ ਵਿਚ ਬੱਚੇ ਟੀ. ਵੀ. 'ਤੇ ਕਾਰਟੂਨ ਚੈਨਲਸ ਦੇਖਦੇ ਹਨ। ਮੋਬਾਇਲ 'ਤੇ ਇੰਟਰਨੈੱਟ ਜ਼ਰੀਏ ਗੇਮਸ ਖੇਡਦੇ ਹਨ, ਜਿਸ ਦੇ ਪਾਜ਼ੇਟਿਵ ਰਿਜ਼ਲਟਸ ਦੇ ਨਾਲ-ਨਾਲ ਨੈਗੇਟਿਵ ਰਿਜ਼ਲਟਸ ਵੀ ਹਨ। ਆਪਣੇ ਇਕੱਲੇਪਣ ਨੂੰ ਦੂਰ ਕਰਨ ਅਤੇ ਮਨੋਰੰਜਨ ਲਈ ਬੱਚੇ ਕੁਝ ਅਜਿਹੀਆਂ ਇੰਟਰਨੈੱਟ ਸਾਈਟਾਂ ਦੇ ਚੱਕਰ ਵਿਚ ਫਸ ਜਾਂਦੇ ਹਨ, ਜਿਸ 'ਚੋਂ ਉਹ ਕਦੇ ਨਹੀਂ ਨਿਕਲ ਸਕਦੇ। ਇਕ ਅਜਿਹੀ ਹੀ ਨੈਗੇਟਿਵ ਸਾਈਟ ਹੈ ਬਲਿਊ ਵ੍ਹੇਲ ਚੈਲੇਂਜ ਗੇਮ, ਜਿਸ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਇੰਟਰਨੈੱਟ ਦੀ ਦੁਨੀਆ 'ਚੋਂ ਕੱਢ ਕੇ ਬੱਚਿਆ ਨੂੰ ਅਸਲ ਜ਼ਿੰਦਗੀ ਵਿਚ ਲਿਆਉਣ ਦੀ ਲੋੜ ਹੈ।
ਗੱਲ ਕੀਤੀ ਜਾਣੀ ਚਾਹੀਦੀ ਹੈ ਬਲਿਊ ਵ੍ਹੇਲ ਗੇਮ ਦੀ- ਸਮਾਜ ਸੇਵਕ ਸੰਜੇ ਗੁਪਤਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਬਲਿਊ ਵ੍ਹੇਲ ਗੇਮ ਦੀ ਗੱਲ ਕਰਨੀ ਚਾਹੀਦੀ ਹੈ ਅਤੇ ਇਸ ਦੇ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਕਰ ਕੇ ਗ੍ਰਿਫਤਾਰ ਕਰਨਾ ਚਾਹੀਦਾ ਹੈ। ਚਾਹੇ ਜਿਸ ਵੀ ਦੇਸ਼ ਤੋਂ ਇਹ ਗੇਮ ਸ਼ੁਰੂ ਕੀਤੀ ਗਈ ਹੈ ਉਸ ਖਿਲਾਫ ਅੰਤਰਰਾਸ਼ਟਰੀ ਪੱਧਰ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਮਾਸੂਮ ਬੱਚਿਆਂ ਦੀ ਜਾਨ ਬਚਾਈ ਜਾ ਸਕੇ।
ਪੁਲਸ ਨੇ ਸਰਕਾਰੀ ਕਾਲਜ ਕੈਂਪਸ ਅੰਦਰ ਘੁੰਮਦੇ ਆਊਟ ਸਾਈਡਰਾਂ ਨੂੰ ਪਾਈਆਂ ਭਾਜੜਾਂ
NEXT STORY