ਅੰਮ੍ਰਿਤਸਰ, (ਦਲਜੀਤ)- ਸਰਕਾਰੀ ਹਸਪਤਾਲਾਂ 'ਚ ਨਵਜੰਮੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਲਈ ਹੁਣ ਮਾਪਿਆਂ ਨੂੰ ਇਧਰ-ਉਧਰ ਨਹੀਂ ਭਟਕਣਾ ਪਵੇਗਾ। ਸਿਹਤ ਵਿਭਾਗ ਵੱਲੋਂ ਮਾਪਿਆਂ ਦੀ ਸਹੂਲਤ ਲਈ ਸਿਵਲ ਹਸਪਤਾਲਾਂ 'ਚ ਬੱਚਿਆਂ ਦੇ ਜਨਮ ਉਪਰੰਤ ਆਧਾਰ ਕਾਰਡ ਬਣਾ ਕੇ ਘਰ ਤੱਕ ਪਹੁੰਚਾਉਣ ਦੀ ਵਿਸ਼ੇਸ਼ ਯੋਜਨਾ ਬਣਾਈ ਗਈ ਹੈ, ਜੋ ਪੰਜਾਬ ਦੇ ਸਾਰੇ ਜ਼ਿਲਾ ਪੱਧਰੀ ਸਿਵਲ ਹਸਪਤਾਲਾਂ ਵਿਚ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਭਵਿੱਖ ਵਿਚ ਮਾਪਿਆਂ ਨੂੰ ਇਸ ਯੋਜਨਾ ਦਾ ਕਾਫ਼ੀ ਲਾਭ ਹੋਵੇਗਾ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਪੰਜਾਬ ਦੇ ਧਿਆਨ ਵਿਚ ਆਇਆ ਸੀ ਕਿ ਨਵਜੰਮੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਲਈ ਮਾਪਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਬੱਚਿਆਂ ਦੇ ਤਾਂ ਵੱਡੇ ਹੋਣ ਤੱਕ ਵੀ ਆਧਾਰ ਕਾਰਡ ਨਹੀਂ ਬਣਦੇ। ਵਿਭਾਗ ਵੱਲੋਂ ਵਿਸ਼ੇਸ਼ ਯੋਜਨਾ ਤਹਿਤ ਰਾਜ ਦੇ ਜ਼ਿਲਾ ਪੱਧਰੀ ਸਿਵਲ ਹਸਪਤਾਲਾਂ ਦੇ ਕਰਮਚਾਰੀਆਂ ਨੂੰ ਇਸ ਸਬੰਧੀ ਟ੍ਰੇਨਿੰਗ ਦੇ ਕੇ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਟੈਬਲੇਟ ਮੁਹੱਈਆ ਕਰਵਾ ਦਿੱਤੇ ਗਏ ਹਨ। ਸਿਵਲ ਹਸਪਤਾਲ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਜਨਮ ਅਤੇ ਮੌਤ ਵਿਭਾਗ ਵਿਚ ਤਾਇਨਾਤ ਸਟਾਫ ਨਰਸ ਨੂੰ ਨਵਜੰਮੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਡਲਿਵਰੀ ਤੋਂ ਬਾਅਦ ਬੱਚੇ ਦੇ ਮਾਤਾ ਜਾਂ ਪਿਤਾ ਜਿਸ ਦੇ ਕੋਲ ਆਧਾਰ ਕਾਰਡ ਹੋਵੇਗਾ, ਉਸ ਦੇ ਅੰਗੂਠੇ ਦੇ ਨਿਸ਼ਾਨ ਮਸ਼ੀਨ 'ਤੇ ਲਏ ਜਾਣਗੇ ਅਤੇ ਨਾਲ ਹੀ ਨਵਜੰਮੇ ਬੱਚੇ ਦੀ ਫੋਟੋ ਖਿੱਚੀ ਜਾਵੇਗੀ। ਪ੍ਰਕਿਰਿਆ ਪੂਰੀ ਹੋਣ 'ਤੇ 10 ਦਿਨ ਦੇ ਅੰਦਰ ਰਜਿਸਟਰੀ ਰਾਹੀਂ ਆਧਾਰ ਕਾਰਡ ਬੱਚੇ ਦੇ ਘਰ ਪਹੁੰਚ ਜਾਵੇਗਾ।
ਹਸਪਤਾਲ 'ਚ ਅੱਜ ਯੋਜਨਾ ਦਾ ਸ਼ੁਭ ਆਰੰਭ ਡਿਪਟੀ ਮੈਡੀਕਲ ਕਮਿਸ਼ਨਰ ਮੈਡਮ ਡਾ. ਪ੍ਰਭਦੀਪ ਕੌਰ ਜੌਹਲ ਤੇ ਸਿਵਲ ਹਸਪਤਾਲ ਦੇ ਇੰਚਾਰਜ ਡਾ. ਚਰਨਜੀਤ ਵੱਲੋਂ ਕੀਤਾ ਗਿਆ। ਡਾ. ਚਰਨਜੀਤ ਨੇ ਦੱਸਿਆ ਕਿ ਪ੍ਰਤੀ ਮਹੀਨਾ ਹਸਪਤਾਲ ਵਿਚ 300 ਤੋਂ ਵੱਧ ਡਲਿਵਰੀਆਂ ਹੁੰਦੀਆਂ ਹਨ। ਮਰੀਜ਼ ਜਦੋਂ ਤੱਕ ਹਸਪਤਾਲ ਵਿਚ ਦਾਖਲ ਰਹੇਗਾ ਉਸੇ ਸਮੇਂ ਵਿਚ ਨਵਜੰਮੇ ਬੱਚੇ ਦਾ ਆਧਾਰ ਕਾਰਡ ਬਣਾਉਣ ਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਮਾਪਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਸਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਮਾਪਿਆਂ ਨੂੰ ਇਸ ਯੋਜਨਾ ਦਾ ਲਾਭ ਹੋਵੇਗਾ। ਇਸ ਮੌਕੇ ਅਪਥੈਲੇਮਿਕ ਅਧਿਕਾਰੀ ਪੰ. ਰਾਕੇਸ਼ ਸ਼ਰਮਾ ਤੇ ਲੋਕੇਸ਼ ਸ਼ਰਮਾ ਵੀ ਮੌਜੂਦ ਸਨ।
ਕਿਤੇ ਅਧੂਰਾ ਨਾ ਰਹਿ ਜਾਵੇ ਪ੍ਰਧਾਨ ਮੰਤਰੀ ਦਾ ਬਾਪੂ ਗਾਂਧੀ ਨੂੰ ਸ਼ਰਧਾਂਜਲੀ ਦੇਣ ਦਾ ਸੁਪਨਾ
NEXT STORY