ਚੰਡੀਗੜ੍ਹ : ਅੰਮ੍ਰਿਤਸਰ 'ਚ ਖੇਤਰੀ ਪਾਸਪੋਰਟ ਦਫਤਰ (ਆਰ. ਪੀ. ਓ.) ਨੇ ਇੱਥੋਂ ਦੇ ਇਕ ਕਾਰੋਬਾਰੀ ਪਰਿਵਾਰ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ ਕਿਉਂਕਿ ਇਸ ਪਰਿਵਾਰ ਦੀ ਫਰਮ 'ਤੇ 250 ਕਰੋੜ ਰੁਪਏ ਦਾ ਬੈਂਕ ਕਰਜ਼ਾ ਹੈ। ਦੇਸ਼ 'ਚ ਸ਼ਾਇਦ ਇਹ ਪਹਿਲੀ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ਦੇ ਮੁੱਖ ਲੈਂਡਰ ਕੈਨਰਾ ਬੈਂਕ ਨੇ ਪਾਸਪੋਰਟ ਦਫਤਰ ਨਾਲ ਸੰਪਰਕ ਕੀਤਾ ਸੀ ਕਿ ਕੁਲਵਿੰਦਰ ਸਿੰਘ ਮਖਾਣੀ ਅਤੇ ਉਸ ਦੀ ਪਤਨੀ ਜਸਮੀਤ ਕੌਰ ਦੇਸ਼ ਛੱਡ ਕੇ ਭੱਜ ਸਕਦੇ ਹਨ। ਮਖਾਣੀ ਰਾਈਸ ਮਿੱਲਰ ਤੇ ਬਰਾਮਦਕਾਰ ਹੈ। ਇਹ ਫੈਸਲਾ ਅਜਿਹੇ ਸਮੇਂ 'ਚ ਲਿਆ ਗਿਆ ਹੈ, ਜਦੋਂ ਵਿਜੇ ਮਾਲਿਆ ਤੇ ਨੀਰਵ ਮੋਦੀ ਵਰਗੇ ਹਾਈ ਪ੍ਰੋਫਾਈਲ ਕਾਰੋਬਾਰੀ ਡਿਫਾਲਟਰ ਹੋਣ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਏ ਹਨ। ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਉਸ ਸਮੇਂ ਪੁੱਜਿਆ, ਜਦੋਂ ਜਸਮੀਤ ਕੌਰ ਨੇ ਪਾਸਪੋਰਟ ਦਫਤਰ ਦੇ 13 ਅਗਸਤ ਦੇ ਫੈਸਲੇ ਨੂੰ ਅਦਾਲਤ 'ਚ ਚੁਣੌਤੀ ਦਿੱਤੀ, ਜਿਸ ਤੋਂ ਬਾਅਦ ਅਦਾਲਤ ਨੇ ਪਾਸਪੋਰਟ ਦਫਤਰ ਨੂੰ 27 ਸਤੰਬਰ ਤੱਕ ਇਸ ਮਾਮਲੇ ਦੀ ਵਿਸਥਾਰ ਸਹਿਤ ਜਾਣਕਾਰੀ ਦੇਣ ਲਈ ਕਿਹਾ ਹੈ। ਅਦਾਲਤ ਨੇ ਪਾਸਪੋਰਟ ਦਫਤਰ ਨੂੰ ਇਕ ਮਹੀਨੇ ਅੰਦਰ ਇਸ ਮਾਮਲੇ 'ਤੇ ਫੈਸਲਾ ਦੇਣ ਲਈ ਕਿਹਾ ਹੈ।
ਕੈਨੇਡਾ ਜਾਣਾ ਚਾਹੁੰਦੇ ਹੈ ਮਖਾਣੀ ਪਰਿਵਾਰ
ਅਸਲ 'ਚ ਜਸਮੀਤ ਕੌਰ ਮਖਾਣੀ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ 22 ਸਤੰਬਰ ਨੂੰ ਇਕ ਸਮਾਰੋਹ 'ਚ ਸ਼ਾਮਲ ਹੋਣ ਲਈ ਕੈਨੇਡਾ ਜਾਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਕਰਜ਼ੇ ਦੇ ਆਮ ਜਿਹੇ ਮਾਮਲੇ ਨੂੰ ਪਾਸਪੋਰਟ ਦਫਤਰ ਨੇ ਅਪਰਾਧਿਕ ਢੰਗ ਨਾਲ ਪੇਸ਼ ਕੀਤਾ ਹੈ, ਜੋ ਕਿ ਗਲਤ ਹੈ।
ਪਟਿਆਲਾ: ਵੱਡੀ ਗਿਣਤੀ 'ਚ ਵੋਟਾਂ ਪਾਉਣ ਪੁੱਜੇ ਲੋਕ
NEXT STORY