ਮਲੋਟ, (ਜੁਨੇਜਾ)- ਸ਼ਹਿਰ ਅੰਦਰ ਜਲ ਸਪਲਾਈ ਦੇ ਮਾੜੇ ਪ੍ਰਬੰਧਕਾਂ ਕਾਰਨ ਲੋਕ ਸੀਵਰੇਜ ਯੁਕਤ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਸ਼ਹਿਰ ਦੀ ਸਭ ਤੋਂ ਹਾਈਪ੍ਰੋਫਾਈਲ ਆਬਾਦੀ ਵਾਲੀ ਕੱਚੀ ਮੰਡੀ 'ਚ ਵਾਟਰ ਸਪਲਾਈ ਦੀਆਂ ਟੂਟੀਆਂ 'ਚੋਂ ਅਜੇ ਵੀ ਸੀਵਰੇਜ ਦਾ ਗੰਦਾ ਪਾਣੀ ਨਿਕਲਦਾ ਹੈ। ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀ ਇਸ ਨੂੰ ਵਕਤੀ ਸਮੱਸਿਆ ਦੱਸ ਰਹੇ ਹਨ ।
ਕੱਚੀ ਮੰਡੀ ਵਾਸੀਆਂ ਰਕੇਸ਼ ਗੋਇਲ, ਰਜਿੰਦਰ ਮੀਚੂ ਤੇ ਸੁਰੇਸ਼ ਕੁਮਾਰ ਨੇ ਦੱਸਿਆ ਪਿਛਲੇ 5-6 ਦਿਨਾਂ ਤੋਂ ਵਾਟਰ ਵਰਕਸ ਦੀਆਂ ਟੂਟੀਆਂ 'ਚ ਕਾਲਾ ਪਾਣੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹੋਰ ਭਾਗਾਂ ਅਤੇ ਖਾਸ ਕਰ ਕੇ ਬਾਹਰੀ ਇਲਾਕਿਆਂ 'ਚ ਵੀ ਲੋਕਾਂ ਨੂੰ ਇਸ ਸਮੱਸਿਆ ਕਾਰਨ ਅਨੇਕਾਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸੀ. ਪੀ. ਆਈ. ਐੱਮ. ਆਗੂ ਗਿਆਨ ਚੰਦ ਤੇ ਸਮਾਜਿਕ ਕਾਰਕੁੰਨ ਕੁਲਵੰਤ ਸਿੰਘ ਮੱਕੜ ਸਮੇਤ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਾਬਕਾ ਗਠਜੋੜ ਸਰਕਾਰ ਦੇ ਬਹੁ ਕਰੋੜੀ ਵਿਕਾਸ ਪ੍ਰਾਜੈਕਟਾਂ ਦੇ ਬਾਵਜੂਦ ਵੀ ਇਸ ਸਮੱਸਿਆ ਨੇ ਪਹਿਲਾਂ ਪਾਰਲੀਮੈਂਟ ਤੇ ਬਾਅਦ 'ਚ ਵਿਧਾਨ ਸਭਾ ਚੋਣਾਂ ਮੌਕੇ ਸ਼ਹਿਰੀ ਇਲਾਕੇ 'ਚ ਉਸ ਵੇਲੇ ਦੇ ਹੁਕਮਰਾਨ ਧਿਰ ਦੇ ਉਮੀਦਵਾਰਾਂ ਦੀ ਸੀਪ ਲਵਾ ਦਿੱਤੀ ਸੀ ਪਰ ਹੁਣ ਸਰਕਾਰ ਬਦਲਣ ਪਿੱਛੋਂ ਵੀ ਲੋਕਾਂ ਨੂੰ ਇਸ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ, ਜਿਸ ਤੋਂ ਜ਼ਾਹਿਰ ਹੈ ਕਿ ਸਿਆਸੀ ਨੁਮਾਇੰਦਿਆਂ ਨਾਲੋਂ ਵਾਟਰ ਸਪਲਾਈ ਮਹਿਕਮੇ ਅੰਦਰ ਦਹਾਕਿਆਂ ਤੋਂ ਕਾਬਜ਼ ਹੋਏ ਅਧਿਕਾਰੀਆਂ ਨੂੰ ਬਦਲਣ ਦੀ ਲੋੜ ਹੈ।
ਆਗੂਆਂ ਦਾ ਕਹਿਣਾ ਹੈ ਕਿ ਪਿਛਲੇ 15 ਸਾਲਾਂ 'ਚ ਸ਼ਹਿਰ ਅੰਦਰ ਜਲ ਸਪਲਾਈ ਤੇ ਸੀਵਰੇਜ ਬੋਰਡ ਲਈ ਕਈ ਕਰੋੜ ਰੁਪਏ ਦੀ ਗ੍ਰਾਂਟ ਆਈ ਸੀ ਪਰ ਵਿਭਾਗ 'ਚ ਦਹਾਕਿਆਂ ਤੋਂ ਤਾਇਨਾਤ ਅਫ਼ਸਰਾਂ ਦੇ ਭ੍ਰਿਸ਼ਟਾਚਾਰ ਕਾਰਨ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਨਹੀਂ ਮਿਲਿਆ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਲੰਬੇ ਸਮੇਂ ਤੋਂ ਤਾਇਨਾਤ ਅਧਿਕਾਰੀਆਂ ਦੀ ਦੂਰ-ਦੁਰਾਡੇ ਬਦਲੀ ਕਰ ਕੇ ਸਾਰੀਆਂ ਸਕੀਮਾਂ ਦੀ ਵਿਜੀਲੈਂਸ ਤੋਂ ਜਾਂਚ ਕਰਾਏ ਤਾਂ ਜੋ ਲੋਕਾਂ ਨੂੰ ਲਾਭ ਮਿਲੇ।
ਕੀ ਕਹਿਣਾ ਹੈ ਐੱਸ. ਡੀ. ਓ. ਦਾ
ਇਸ ਸਮੱਸਿਆ ਬਾਰੇ ਜਦੋਂ ਐੱਸ. ਡੀ. ਓ. ਰਕੇਸ਼ ਮੋਹਨ ਮੱਕੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੀਰਖਾਨੇ ਦੀਵਾਨ ਕਾਰਨ ਸੀਵਰੇਜ ਦੀ ਪਾਈਪ ਟੁੱਟਣ ਨਾਲ ਇਹ ਸਮੱਸਿਆ ਆਈ ਸੀ, ਜਿਸ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ ।
ਦੋਹਰੇ ਕਤਲ ਦੀ ਗੁੱਥੀ ਹੱਲ, 3 ਕਾਬੂ (ਵੀਡੀਓ)
NEXT STORY