ਅੰਮ੍ਰਿਤਸਰ, (ਜ. ਬ.)- ਸਾਲ 1959 ਦੇ ਅਕਤੂਬਰ ਮਹੀਨੇ ਲੇਹ ਲੱਦਾਖ ਬਾਰਡਰ 'ਤੇ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ 20 ਜਵਾਨਾਂ ਦੀ ਯਾਦ ਨੂੰ ਸਮਰਪਿਤ ਕਮਿਸ਼ਨਰੇਟ ਪੁਲਸ ਵੱਲੋਂ ਅੱਜ ਸਵੇਰੇ ਇਕ ਮੈਰਾਥਨ ਦੌੜ ਕਰਵਾਈ ਗਈ। ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋਈ ਇਸ ਦੌੜ ਦੀ ਰਸਮੀ ਸ਼ੁਰੂਆਤ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਝੰਡੀ ਦਿਖਾ ਕੇ ਸ਼ੁਰੂ ਕੀਤੀ ਗਈ। ਇਸ ਮੌਕੇ ਪੁਲਸ ਦੇ ਸਮੂਹ ਅਫਸਰਾਂ ਜਵਾਨਾਂ ਤੋਂ ਇਲਾਵਾ ਸਾਬਕਾ ਮੰਤਰੀ ਮੈਡਮ ਲਕਸ਼ਮੀ ਕਾਂਤਾ ਚਾਵਲਾ, ਮੇਅਰ ਬਖਸ਼ੀ ਰਾਮ ਅਰੋੜਾ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਜੁਗਲ ਕਿਸ਼ੋਰ ਸ਼ਰਮਾ ਆਦਿ ਨੇ ਵੀ ਸ਼ਮੂਲੀਅਤ ਕੀਤੀ। ਸਵੇਰੇ 7.15 ਵਜੇ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋਈ ਇਸ ਮੈਰਾਥਨ ਦੌੜ (5 ਕਿਲੋਮੀਟਰ ਅਤੇ 10 ਕਿਲੋਮੀਟਰ) ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ, ਖਿਡਾਰੀਆਂ, ਸ਼ਹਿਰ ਵਾਸੀਆਂ, ਖੇਡ ਪ੍ਰੇਮੀਆਂ ਸਮੇਤ ਕਰੀਬ 7 ਹਜ਼ਾਰ ਔਰਤਾਂ-ਪੁਰਸ਼ਾਂ ਨੇ ਹਿੱਸਾ ਲਿਆ। ਇਨ੍ਹਾਂ ਨੂੰ ਟੀ-ਸ਼ਰਟ ਮੁਹੱਈਆ ਕਰਵਾਈ ਗਈ ਸੀ। ਦੋਵੇਂ ਕੈਟਾਗਰੀਆਂ ਵਿਚ ਜੇਤੂ ਰਹੇ ਪਹਿਲੇ 5 ਖਿਡਾਰੀਆਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਕਰਵਾਏ ਗਏ ਇਕ ਵਿਸ਼ੇਸ਼ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਸਮਰਪਿਤ ਨੁੱਕੜ ਨਾਟਕ ਤੇ ਦੇਸ਼ ਭਗਤੀ ਨਾਲ ਭਰਪੂਰ ਗੀਤਾਂ ਰਾਹੀਂ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ। 5 ਕਿਲੋਮੀਟਰ ਦੀ ਇਹ ਯਾਦਗਾਰੀ ਦੌੜ ਜੋ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਟੇਲਰ ਰੋਡ ਦੋਆਬਾ ਆਟੋ ਮੋਬਾਇਲ ਚੌਕ, ਕ੍ਰਿਸਟਲ ਚੌਕ, ਭੰਡਾਰੀ ਪੁਲ, ਹਾਲ ਗੇਟ, ਮੁੜ ਭੰਡਾਰੀ ਪੁਲ ਸਰਕਟ ਹਾਊਸ ਸੈਮਨ ਚੌਕ ਤੇ ਨਾਵਲਟੀ ਚੌਕ ਤੋਂ ਹੁੰਦੀ ਹੋਈ ਮੁੜ ਗੁਰੂ ਨਾਨਕ ਸਟੇਡੀਅਮ ਪੁੱਜੀ, ਇਸੇ ਤਰ੍ਹਾਂ 10 ਕਿਲੋਮੀਟਰ ਕੈਟਾਗਰੀ ਦੀ ਦੌੜ ਜੋ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਟੇਲਰ ਰੋਡ, ਦੋਆਬਾ ਆਟੋ ਮੋਬਾਇਲਜ਼, ਕ੍ਰਿਸਟਲ ਚੌਕ, ਭੰਡਾਰੀ ਪੁਲ, ਸਰਕਟ ਹਾਊਸ ਚੌਕ, ਹਰਤੇਜ ਹਸਪਤਾਲ ਮੋੜ ਤੋਂ ਹੁੰਦੀ ਹੋਈ ਫਲਾਈਓਵਰ ਕਚਹਿਰੀ ਚੌਕ, ਸਰਕਟ ਹਾਊਸ, ਨਾਵਲਟੀ ਚੌਕ, ਮਦਨ ਮੋਹਨ ਮਾਲਵੀਆ ਰੋਡ ਤੋਂ ਮੁੜ ਗੁਰੂ ਨਾਨਕ ਸਟੇਡੀਅਮ ਵਾਪਸ ਪੁੱਜੀ।

ਅਪਾਹਜ ਬੱਚਿਆਂ ਵੀ ਮੁੱਢਲੀ ਦੌੜ 'ਚ ਵਿਖਾਈ ਰੁਚੀ : ਮਹਿਕਮਾ ਪੁਲਸ ਵੱਲੋਂ ਕਰਵਾਈ ਗਈ ਮੈਰਾਥਨ ਦੌੜ 'ਚ ਜਿਥੇ ਵੱਖ-ਵੱਖ ਖਿਡਾਰੀਆਂ ਖੇਡ ਪ੍ਰੇਮੀਆਂ ਪੁਲਸ ਅਫਸਰਾਂ ਜਵਾਨਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਸ਼ਿਰਕਤ ਕੀਤੀ ਗਈ, ਉਥੇ ਨਾਲ ਹੀ ਕਰੀਬ ਦੋ ਦਰਜਨ ਅਪਾਹਜ ਬੱਚਿਆਂ ਵੱਲੋਂ ਦੇਸ਼ ਪ੍ਰੇਮ ਅਤੇ ਸ਼ਹੀਦ ਜਵਾਨਾਂ ਦੀ ਯਾਦ ਨੂੰ ਤਰੋਤਾਜ਼ਾ ਕਰਦਿਆਂ ਵੀਲ੍ਹਚੇਅਰ ਦੌੜ ਰਾਹੀਂ ਆਪਣੇ ਦਿਲੀ ਪ੍ਰੇਮ ਨੂੰ ਜਗਜ਼ਾਹਿਰ ਕੀਤਾ ਗਿਆ।
ਪੁਲਸ ਵੱਲੋਂ ਕੀਤਾ ਗਿਆ ਉਪਰਾਲਾ ਬੇਹੱਦ ਸ਼ਲਾਘਾਯੋਗ : ਸਿੱਧੂ : ਇਸ ਮੌਕੇ ਪੁੱਜੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸ਼ਹੀਦ ਜਵਾਨਾਂ ਦੀ ਯਾਦ ਨੂੰ ਸਮਰਪਿਤ ਕਮਿਸ਼ਨਰੇਟ ਪੁਲਸ ਵੱਲੋਂ ਕਰਵਾਈ ਗਈ ਮੈਰਾਥਨ ਦੌੜ ਇਕ ਸ਼ਲਾਘਾਯੋਗ ਕਦਮ ਹੈ ਅਤੇ ਲੋਕਾਂ ਦੀ ਭਾਰੀ ਸ਼ਮੂਲੀਅਤ ਉਨ੍ਹਾਂ ਦੇ ਜਜ਼ਬੇ ਨੂੰ ਭਲੀਭਾਂਤੀ ਬਿਆਨ ਕਰ ਰਹੀ ਹੈ। ਨੌਜਵਾਨ ਪੀੜ੍ਹੀ ਵਿਚ ਦੇਸ਼ ਭਗਤੀ ਦੀ ਭਾਵਨਾ ਤੋਂ ਇਲਾਵਾ ਨਰੋਏ ਸਰੀਰ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਕਮਿਸ਼ਨਰ ਪੁਲਸ ਐੱਸ. ਐੱਸ. ਸ਼੍ਰੀਵਾਸਤਵ ਵੱਲੋਂ ਕੀਤਾ ਗਿਆ ਇਹ ਹੀਲਾ ਪ੍ਰਸ਼ੰਸਾ ਦਾ ਪਾਤਰ ਹੈ।
ਚੋਰੀ ਦੀ ਕਾਰ ਸਣੇ 2 ਗ੍ਰਿਫਤਾਰ
NEXT STORY