ਗਿੱਦੜਬਾਹਾ (ਸੰਧਿਆ) - ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਦਿੱਤੇ ਹੁਕਮਾਂ 'ਤੇ ਭਾਵੇਂ ਜ਼ਿਲਾ ਪ੍ਰਸ਼ਾਸਨ ਵੱਲੋਂ ਕਈ ਥਾਵਾਂ 'ਤੇ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਫਿਰ ਵੀ ਬਹੁਤ ਸਾਰੇ ਕਿਸਾਨ ਪ੍ਰਸ਼ਾਸਨ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਪਰਾਲੀ ਸਾੜ ਰਹੇ ਹਨ। ਪਰਾਲੀ ਸਾੜਨ ਤੋਂ ਪੈਦਾ ਹੋਣ ਵਾਲਾ ਧੂੰਆਂ ਮਨੁੱਖੀ ਸਿਹਤ ਲਈ ਤਾਂ ਹਾਨੀਕਾਰਕ ਸਾਬਿਤ ਹੋ ਹੀ ਰਿਹਾ ਹੈ, ਨਾਲ ਹੀ ਕਿਸਾਨਾਂ ਦੀ ਆਪਣੀ ਫਸਲ ਲਈ ਵੀ ਨੁਕਸਾਨਦੇਹ ਸਾਬਿਤ ਹੋਵੇਗਾ।
ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸਮਝਦਾਰੀ ਨਾਲ ਕੰਮ ਲੈਂਦੇ ਹੋਏ ਪਰਾਲੀ ਨੂੰ ਨਾ ਤਾਂ ਆਪ ਅੱਗ ਲਾਉਣ ਤੇ ਦੂਜਿਆਂ ਨੂੰ ਵੀ ਅੱਗ ਲਾਉਣ ਤੋਂ ਰੋਕਣ ਤਾਂ ਜੋ ਇਸ ਤੋਂ ਪੈਦਾ ਹੋਣ ਵਾਲੇ ਨੁਕਸਾਨਦਾਇਕ ਧੂੰਏਂ ਤੋਂ ਮਨੁੱਖ ਨੂੰ ਹੋਣ ਵਾਲੀਆਂ ਬੀਮਾਰੀਆਂ ਤੇ ਫਸਲਾਂ ਦੇ ਹੋਣ ਵਾਲੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ।
ਮਿੱਟੀ ਦੀ ਉਪਜਾਊ ਸ਼ਕਤੀ 'ਤੇ ਪੈਂਦਾ ਪ੍ਰਭਾਵ
ਡਾ. ਕੇ. ਕੇ. ਸਿੰਗਲਾ ਨੇ ਕਿਹਾ ਕਿ ਪੰਜਾਬ 'ਚ ਥਾਂ-ਥਾਂ 'ਤੇ ਫਸਲ ਕੱਟ ਲੈਣ ਤੋਂ ਬਾਅਦ ਉਸ ਦੀ ਰਹਿੰਦ-ਖੂੰਹਦ (ਪਰਾਲੀ) ਨੂੰ ਕਿਸਾਨਾਂ ਵੱਲੋਂ ਅਗਨੀ ਭੇਟ ਚੜ੍ਹਾ ਦਿੱਤਾ ਜਾਂਦਾ ਹੈ, ਜਿਸ ਨਾਲ ਕਿ ਉਨ੍ਹਾਂ ਦੇ ਖੇਤਾਂ ਵਿਚਲੇ ਮਿੱਤਰ ਕੀੜੇ ਮਰ ਜਾਂਦੇ ਹਨ ਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ।
ਜ਼ਹਿਰੀਲੀਆਂ ਗੈਸਾਂ ਬਣਦੀਆਂ ਨੇ ਬੀਮਾਰੀਆਂ ਦਾ ਕਾਰਨ
ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਪ੍ਰਦੀਪ ਸਚਦੇਵਾ ਨੇ ਦੱਸਿਆ ਕਿ ਪਰਾਲੀ ਨੂੰ ਸਾੜਨ 'ਤੇ ਪੈਦਾ ਹੋਣ ਵਾਲਾ ਧੂੰਆਂ ਹਵਾ ਰਾਹੀਂ ਸਾਡੇ ਸਰੀਰ ਵਿਚ ਦਾਖਲ ਹੋ ਕੇ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਕੈਂਸਰ ਜਿਹੀ ਭਿਆਨਕ ਬੀਮਾਰੀ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਗਰਭਵਤੀ ਔਰਤਾਂ ਲਈ ਨੁਕਸਾਨਦਾਇਕ
ਡਾ. ਸਵਰਨ ਲਤਾ ਸਿੰਗਲਾ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਅੱਗ ਦੇ ਭੇਟ ਚੜ੍ਹਾਈ ਪਰਾਲੀ ਨਾਲ ਨੰਨ੍ਹੇ-ਮੁੰਨੇ ਬੱਚਿਆਂ ਤੇ ਗਰਭਵਤੀ ਔਰਤਾਂ 'ਤੇ ਵੀ ਬੁਰਾ ਅਸਰ ਪੈਂਦਾ ਹੈ। ਸੜੀ ਹੋਈ ਪਰਾਲੀ ਤੋਂ ਨਿਕਲਿਆ ਧੂੰਆਂ ਜਦੋਂ ਗਰਭਵਤੀ ਔਰਤ ਦੇ ਅੰਦਰ ਪ੍ਰਵੇਸ਼ ਕਰਦਾ ਹੈ ਤਾਂ ਉਸ ਨਾਲ ਬੱਚੇ ਤੇ ਮਾਂ 'ਤੇ ਬੁਰਾ ਅਸਰ ਹੁੰਦਾ ਹੈ।
ਚੰਡੀਗੜ੍ਹ ਦੇ ਮਸ਼ਹੂਰ 'ਰਾਕ ਗਾਰਡਨ' 'ਚ ਸ਼ੁਰੂ ਹੋਵੇਗਾ ਫਲੈਪ ਬੈਰੀਅਰ, ਬਿਨ੍ਹਾਂ ਟੋਕਨ ਦੇ ਨਹੀਂ ਹੋ ਸਕੇਗੀ ਐਂਟਰੀ
NEXT STORY