ਪਟਿਆਲਾ (ਜੋਸਨ) : ਪੋਲੀਥੀਨ ਦੀ ਵਰਤੋਂ ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਬਰਸਾਤੀ ਮੌਸਮ ਸ਼ੁਰੂ ਹੋਣ ਵਾਲਾ ਹੈ ਅਤੇ ਪੋਲੀਥੀਨ ਸ਼ਹਿਰ 'ਚ ਪਾਣੀ ਦੇ ਨਿਕਾਸ ਨੂੰ ਰੋਕਣ 'ਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਪਿਛਲੇ ਸਾਲ ਦੀ ਸਥਿਤੀ ਨੂੰ ਦੁਹਰਾਉਣ ਤੋਂ ਰੋਕਣ ਲਈ ਇਸ ਸਾਲ ਬੇਸ਼ੱਕ ਨਿਗਮ ਨੇ ਜ਼ਰੂਰੀ ਤਿਆਰੀ ਤਾਂ ਕਰ ਲਈ ਹੈ ਪਰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਰੁਕਣ ਕਰ ਕੇ ਨਾਲਿਆਂ, ਸੀਵਰੇਜ਼ ਅਤੇ ਨਾਲੀਆਂ 'ਚ ਪਾਣੀ ਦਾ ਵਹਾ ਰੁਕ ਕਰਦਾ ਹੈ। ਅਸੀਂ ਬਰਸਾਤੀ ਮੌਸਮ ਦੌਰਾਨ ਕਿਸੇ ਮੁਸ਼ਕਲ 'ਚ ਨਾਂ ਫਸ ਜਾਈਏ, ਇਸ ਲਈ਼ ਜ਼ਰੂਰੀ ਹੈ ਕਿ ਸ਼ਹਿਰ ਦੇ ਲੋਕ ਪੋਲੀਥੀਨ ਦੀ ਵਰਤੋਂ ਤੁਰੰਤ ਬੰਦ ਕਰਨ। ਇਲਾਕਾ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਮੇਅਰ ਸੰਜੀਵ ਸ਼ਰਮਾ ਬਿੱਟੂ ਸ਼ੁੱਕਰਵਾਰ ਨੂੰ ਸਨੌਰ ਰੋੜ ਸਥਿਤ ਸਬਜ਼ੀ ਮੰਡੀ ਪਹੁੰਚੇ ਅਤੇ ਐਸੋਸੀਏਸ਼ਨ ਦੇ ਮੁਖੀ ਵਿਵੇਕ ਮਲਹੋਤਰਾ ਸਮੇਤ ਦੁਕਾਨਦਾਰਾਂ ਤੋਂ ਪੋਲੀਥੀਨ ਦੀ ਵਰਤੋਂ ਨਾ ਕਰਨ ਲਈ ਸਹਿਯੋਗ ਮੰਗਿਆ। ਇਸ ਸਮੇਂ ਮੇਅਰ ਦੇ ਨਾਲ ਚੀਫ਼ ਸੈਨੇਟਰੀ ਇੰਸਪੈਕਟਰ ਭਗਵੰਤ ਸ਼ਰਮਾ ਅਤੇ ਸੈਨੇਟਰੀ ਇੰਸਪੈਕਟਰਾਂ ਦੀ ਟੀਮ ਵੀ ਮੌਜੂਦ ਸੀ।
ਡੇਂਗੂ ਦੇ ਲਾਰਵੇ ਦਾ ਕਾਰਨ ਵੀ ਬਣ ਸਕਦੇ ਪੋਲੀਥੀਨ ਬੈਗ
ਮੇਅਰ ਨੇ ਕਿਹਾ ਕਿ ਬਰਸਾਤੀ ਦਿਨਾਂ ਦੌਰਾਨ ਇਥੇ ਕੂੜੇਦਾਨ 'ਚ ਸੁੱਟੇ ਪੋਲੀਥੀਨ 'ਚ ਪਾਣੀ ਭਰ ਸਕਦਾ ਹੈ ਅਤੇ ਇਸ 'ਚ ਡੇਂਗੂ ਦਾ ਲਾਰਵਾ ਆਸਾਨੀ ਨਾਲ ਪੈਦਾ ਹੋ ਸਕਦਾ ਹੈ। ਬਾਰਸ਼ਾਂ ਦੌਰਾਨ ਕਿਸੇ ਵੀ ਹਿੱਸੇ 'ਚ ਜਲ ਭੰਡਾਰ ਡੇਂਗੂ ਦੇ ਲਾਰਵੇ ਨੂੰ ਵਧਾਉਣ ਲਈ ਕਾਫ਼ੀ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ 'ਚ ਲਾਰਵਾ ਬੋਤਲ ਦੇ ਇਕ ਢੱਕਣ 'ਚ ਪੈਦਾ ਹੋ ਸਕਦਾ ਹੈ, ਤਾਂ ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਨੂੰ ਬਾਰਸ਼ਾਂ ਦੌਰਾਨ ਕਿੰਨਾ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਵਾਤਾਵਰਣ ਨੂੰ ਬਚਾਉਣ ਲਈ ਪੋਲੀਥੀਨ ਦੀ ਵਰਤੋਂ ਨੂੰ ਰੋਕਣਾ ਵੀ ਬਹੁਤ ਜ਼ਰੂਰੀ ਹੈ।
ਦੁਕਾਨਦਾਰਾਂ ਨੇ ਮੇਅਰ ਨੂੰ ਦਿੱਤਾ ਸਮਰਥਨ
ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਗੱਲ ਸੁਣ ਕੇ ਸਬਜ਼ੀ ਮੰਡੀ ਦੇ ਸਾਰੇ ਦੁਕਾਨਦਾਰਾਂ ਨੇ ਹੱਥ ਖੜ੍ਹੇ ਕਰ ਕੇ ਆਪਣਾ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਗੁਪਤ ਰੂਪ 'ਚ ਮੰਡੀ 'ਚ ਪੋਲੀਥੀਨ ਬੈਗ ਵੇਚਣ ਲਈ ਆਉਣਗੇ, ਉਹ ਇਸ ਦੀ ਜਾਣਕਾਰੀ ਨਿਗਮ ਅਧਿਕਾਰਿਆਂ ਨੂੰ ਜ਼ਰੂਰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਦੁਕਾਨਦਾਰਾਂ ਨੂੰ ਜਾਗਰੂਕ ਕਰਨਗੇ ਤਾਂ ਜੋ ਉਹ ਤੁਰੰਤ ਪੋਲੀਥੀਨ ਬੈਗ ਦੀ ਵਰਤੋਂ ਬੰਦ ਕਰ ਦੇਣ। ਕੁਝ ਦੁਕਾਨਦਾਰਾਂ ਨੇ ਮੇਅਰ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਨੂੰ ਸਬਜ਼ੀਆਂ ਕੱਪੜੇ ਦੇ ਥੈਲੇ 'ਚ ਹੀ ਦੇਣਗੇ ਅਤੇ ਲੋੜ ਪੈਣ ’ਤੇ ਹੀ ਪੋਲੀਥੀਨ ਬੈਗ ਦੀ ਵਰਤੋਂ ਕਰਨਗੇ। ਪੋਲੀਥੀਨ ਬੈਗ ਵੇਚਣ ਵਾਲੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨਗੇ।
ਲੁਧਿਆਣਾ ਸਿਵਲ ਹਸਪਤਾਲ ’ਚ ਸ਼ੁਰੂ ਹੋਏ 'ਡੋਪ ਟੈਸਟ'
NEXT STORY