ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪਾਵਰਕਾਮ ਕਾਰਪੋਰੇਸ਼ਨ ਵਲੋਂ ਅੱਜ ਆਪਣੀ ਪਾਵਰ ਦੀ ਵਰਤੋਂ ਕਰਦਿਆਂ ਮਾਛੀਵਾੜਾ ਥਾਣਾ ਦਾ ਬਿਜਲੀ ਕੁਨੈਕਸ਼ਨ ਕੱਟ ਪੁਲਸ ਨੂੰ ਝਟਕਾ ਦਿੱਤਾ ਹੈ ਜਿਸ ਤੋਂ ਹੁਣ ਬਿੱਲ ਦੀ ਅਦਾਇਗੀ ਨਾ ਕਰਨ ਵਾਲੇ ਲੋਕ ਵੀ ਸੁਚੇਤ ਹੋ ਜਾਣ ਕਿ ਜੇਕਰ ਪਾਵਰਕਾਮ ਨੇ ਪੁਲਸ ਨਹੀਂ ਬਖ਼ਸ਼ੀ ਤਾਂ ਆਮ ਲੋਕਾਂ ਦੇ ਬਿਜਲੀ ਕੁਨੈਕਸ਼ਨ ਵੀ ਹੁਣ ਜਲਦ ਕੱਟੇ ਜਾ ਸਕਦੇ ਹਨ। ਮਾਛੀਵਾੜਾ ਪਾਵਰਕਾਮ ਦੇ ਐੱਸ. ਡੀ. ਓ. ਅਮਨ ਗੁਪਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਛੀਵਾੜਾ ਪੁਲਸ ਥਾਣਾ ਦਾ 9 ਲੱਖ ਰੁਪਏ ਬਿਜਲੀ ਦਾ ਬਿੱਲ ਅਦਾਇਗੀ ਲਈ ਬਕਾਇਆ ਸੀ ਅਤੇ ਕਈ ਵਾਰ ਨੋਟਿਸ ਕੱਢਣ ਦੇ ਬਾਵਜੂਦ ਵੀ ਪੁਲਸ ਵਿਭਾਗ ਨੇ ਅਦਾਇਗੀ ਨਾ ਕੀਤੀ ਤਾਂ ਅੱਜ ਮਜ਼ਬੂਰਨ ਥਾਣੇ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ।
ਬਿਜਲੀ ਕੁਨੈਕਸ਼ਨ ਕੱਟਣ ਤੋਂ ਬਾਅਦ ਮਾਛੀਵਾੜਾ ਥਾਣਾ ਹਨ੍ਹੇਰੇ ਵਿਚ ਡੁੱਬਦਾ ਦਿਖਾਈ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮਾਛੀਵਾੜਾ ਸਬ-ਤਹਿਸੀਲ ਦਾ ਕਰੀਬ 1.50 ਲੱਖ ਰੁਪਏ ਬਿਜਲੀ ਬਿੱਲ ਬਕਾਇਆ ਸੀ ਜਿਸ ਦੀ ਅਦਾਇਗੀ ਨਾ ਹੋਣ ਕਾਰਨ ਉਸਦਾ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ ਹੈ। ਅਧਿਕਾਰੀ ਅਮਨ ਗੁਪਤਾ ਅਨੁਸਾਰ ਮਾਛੀਵਾੜਾ ਦੇ ਮੁੱਢਲੇ ਸਿਹਤ ਕੇਂਦਰ ਤੋਂ ਇਲਾਵਾ ਪਿੰਡਾਂ 'ਚ ਵਾਟਰ ਸਪਲਾਈ ਦੀਆਂ ਮੋਟਰਾਂ ਵੱਲ ਕਰੀਬ 1.50 ਕਰੋੜ ਰੁਪਏ ਬਿਜਲੀ ਦਾ ਬਿੱਲ ਬਕਾਇਆ ਹੈ ਜਿਸ ਦੀ ਰਿਕਵਰੀ ਲਈ ਨੋਟਿਸ ਕੱਢੇ ਜਾ ਰਹੇ ਹਨ ਅਤੇ ਜੇਕਰ ਫਿਰ ਵੀ ਅਦਾਇਗੀ ਨਾ ਹੋਈ ਤਾਂ ਇਨ੍ਹਾਂ ਸਰਕਾਰੀ ਵਿਭਾਗਾਂ ਦੇ ਕੁਨੈਕਸ਼ਨ ਕੱਟਣ ਦੀ ਪ੍ਰਕਿਰਿਆ ਆਰੰਭੀ ਜਾਵੇਗੀ।
ਉਨ੍ਹਾਂ ਆਮ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਬਿਜਲੀ ਬਿੱਲ ਦੀ ਅਦਾਇਗੀ ਨਾ ਕਰਨ ਵਾਲੇ ਲੋਕਾਂ ਖਿਲਾਫ਼ ਸਖਤ ਕਦਮ ਉਠਾਏ ਜਾ ਰਹੇ ਹਨ ਅਤੇ ਜੇਕਰ ਕਿਸੇ ਦਾ ਵੀ ਬਿਜਲੀ ਬਿੱਲ ਬਕਾਇਆ ਹੈ ਤਾਂ ਉਹ ਤੁਰੰਤ ਅਦਾ ਕਰੇ ਨਹੀਂ ਤਾਂ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ ਅਤੇ ਉਸਦੇ ਜੋ ਚਾਰਜਰ ਹੋਣਗੇ ਉਹ ਖਪਤਕਾਰ ਨੂੰ ਭੁਗਤਨੇ ਪੈਣਗੇ।
ਅੰਮ੍ਰਿਤਸਰ 'ਚ ਮੁਸਲਿਮ ਭਾਈਚਾਰੇ ਵਲੋਂ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ
NEXT STORY