ਭੁੱਚੋ ਮੰਡੀ (ਨਾਗਪਾਲ)-ਪਿਛਲੇ ਤਿੰਨ ਮਹੀਨਿਆਂ ਤੋਂ ਪਾਵਰਕਾਮ ਦੀ ਸਬ-ਡਵੀਜ਼ਨ ਭੁੱਚੋ ਵਿਖੇ ਠੇਕੇਦਾਰੀ ਸਿਸਟਮ ਤਹਿਤ ਸ਼ਿਕਾਇਤ ਘਰ ਵਿਖੇ ਕੰਮ ਕਰਦੇ ਬਿਜਲੀ ਕਾਮਿਆਂ ਨੂੰ ਤਨਖਾਹ ਨਾ ਮਿਲਣ ਕਰਕੇ ਉਨ੍ਹਾਂ ਨੇ ਕਾਲੇ ਬਿੱਲੇ ਲਾ ਕੇ ਠੇਕੇਦਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਵਾਰ-ਵਾਰ ਬੇਨਤੀ ਕਰਨ 'ਤੇ ਵੀ ਉਸ ਨੇ ਤਨਖਾਹ ਨਹੀਂ ਦਿੱਤੀ, ਜਦੋਂਕਿ ਪਾਵਰਕਾਮ ਦੇ ਸਾਰੇ ਮੁਲਾਜ਼ਮਾਂ ਨੂੰ ਤਨਖਾਹ ਮਿਲ ਚੁੱਕੀ ਹੈ ਅਤੇ ਉਹ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਹੇ ਹਨ ਪਰ ਠੇਕੇਦਾਰ ਦੀ ਗਲਤੀ ਕਾਰਨ ਸਾਡੀ ਦੀਵਾਲੀ ਬਿਲਕੁਲ ਫਿੱਕੀ ਰਹੀ ਹੈ ਅਤੇ ਤਨਖਾਹ ਨਾ ਮਿਲਣ ਕਰਕੇ ਸਾਡੇ ਬੱਚੇ ਦੀਵਾਲੀ ਮਨਾਉਣ ਨੂੰ ਤਰਸ ਰਹੇ ਹਨ।
ਬਿਜਲੀ ਕਾਮਿਆਂ ਕੁਲਵਿੰਦਰ ਸਿੰਘ, ਲਖਵੀਰ ਸਿੰਘ, ਬਰਜੇਸ਼ਵਰ, ਹਰਮੇਲ ਸਿੰਘ, ਕੁਲਵੰਤ ਸਿੰਘ ਅਤੇ ਲਖਵੀਰ ਸਿੰਘ ਨੇ ਦੱਸਿਆ ਕਿ ਪੈਸੇ ਨਾ ਹੋਣ ਕਰਕੇ ਦੀਵਾਲੀ ਦੀ ਖਰੀਦਦਾਰੀ ਵੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੇ ਇੰਚਾਰਜ ਜੇ. ਈ. ਚਮਕੌਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਹਰ ਮਹੀਨੇ ਦੀ 30 ਤਰੀਕ ਨੂੰ ਤਨਖਾਹ ਦੇ ਬਿੱਲ ਬਣਾ ਕੇ ਭੇਜ ਦਿੰਦੇ ਹਾਂ, ਸਾਡੇ ਵਲੋਂ ਕੋਈ ਕਮੀ ਨਹੀਂ ਹੈ। ਠੇਕੇਦਾਰ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਫੋਨ ਨਹੀ ਚੁੱਕਿਆ।
ਪੰਚਾਇਤੀ ਜ਼ਮੀਨ ਦਾ ਬਗੈਰ ਮਨਜ਼ੂਰੀ ਪਟਾ ਕਰਨ 'ਤੇ ਅਕਾਲੀ ਸਰਪੰਚ ਗ੍ਰਿਫਤਾਰ
NEXT STORY