ਤਲਵੰਡੀ ਸਾਬੋ(ਮੁਨੀਸ਼)-ਸਥਾਨਕ ਬਾਰ ਐਸੋਸੀਏਸ਼ਨ ਵੱਲੋਂ ਬਾਰ ਦੇ ਇਕ ਸੀਨੀਅਰ ਵਕੀਲ 'ਤੇ ਰਾਜਨੀਤਕ ਦਬਾਅ ਹੇਠ ਮਾਮਲਾ ਦਰਜ ਕੀਤੇ ਜਾਣ ਦੇ ਰੋਸ ਵਜੋਂ ਇਕ ਦਿਨ ਦੀ ਹੜਤਾਲ ਕੀਤੀ ਗਈ। ਇਸ ਤੋਂ ਇਲਾਵਾ ਹਾਦਸੇ ਦੌਰਾਨ ਮਾਰੇ ਗਏ ਵਕੀਲ ਦਾ ਵੀ ਸ਼ੋਕ ਮਤਾ ਪਾਸ ਕੀਤਾ ਗਿਆ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਲਹਿਰੀ ਨੇ ਦੱਸਿਆ ਕਿ ਬਾਰ ਦੇ ਸੀਨੀਅਰ ਵਕੀਲ ਜਗਜੀਤ ਸਿੰਘ ਧਾਲੀਵਾਲ ਖਿਲਾਫ ਭਗਤਾ ਭਾਈਕਾ ਥਾਣੇ ਵਿਚ ਰਾਜਨੀਤਕ ਦਬਾਅ ਹੇਠ ਮਾਮਲਾ ਦਰਜ ਕੀਤਾ ਗਿਆ ਹੈ ਜੋ ਕਿ ਸਾਰਾ ਮਾਮਲਾ ਝੂਠਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਉਹ ਜ਼ਿਲਾ ਪੁਲਸ ਮੁਖੀ ਨੂੰ ਵੀ ਮਿਲੇ ਸਨ ਭਾਵੇਂ ਕਿ ਉਨ੍ਹਾਂ ਨੇ ਪੜਤਾਲ ਕਰਵਾਉਣ ਦੇ ਹੁਕਮ ਦਿੱਤੇ ਸਨ ਪਰ ਅਜੇ ਤੱਕ ਉਸ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਵਕੀਲ ਵਿਰੁੱਧ ਦਰਜ ਮਾਮਲੇ ਨੂੰ ਖਾਰਜ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਕੀਲ ਖਿਲਾਫ ਦਰਜ ਮਾਮਲਾ ਖਾਰਜ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬਾਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਬਾਰ ਐਸੋਸੀਏਸ਼ਨ ਦੇ ਮੈਂਬਰ ਐਡਵੋਕੇਟ ਵਿਸ਼ਾਲ ਗੋਇਲ ਦੀ ਸੜਕੀ ਹਾਦਸੇ ਵਿਚ ਮੌਤ 'ਤੇ ਸ਼ੋਕ ਮਤਾ ਪਾਸ ਕਰ ਕੇ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ 2 ਮਿੰਟ ਦਾ ਮੌਨ ਰੱਖਿਆ ਗਿਆ ਜਦੋਂਕਿ ਹਾਦਸੇ ਦੌਰਾਨ ਜ਼ਖਮੀ ਹੋਏ ਅਸ਼ੋਕ ਗੋਇਲ ਦੇ ਜਲਦੀ ਠੀਕ ਹੋਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ। ਮੀਟਿੰਗ ਵਿਚ ਉਕਤ ਦੋਵੇਂ ਮਾਮਲਿਆਂ ਨੂੰ ਲੈ ਕੇ ਇਕ ਦਿਨ ਲਈ ਕੰਮ ਬੰਦ ਕਰ ਕੇ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਸੀ।
ਲੁੱਟ-ਖੋਹ ਦੇ ਦੋਸ਼ 'ਚ ਕੇਸ ਦਰਜ
NEXT STORY