ਸੰਗਰੂਰ(ਵਿਵੇਕ ਸਿੰਧਵਾਨੀ, ਯਾਦਵਿੰਦਰ)— ਪਟਿਆਲਾ ਵਿਖੇ ਧਰਨੇ 'ਤੇ ਬੈਠੀਆਂ ਆਂਗਣਵਾੜੀ ਮੁਲਾਜ਼ਮਾਂ ਨੂੰ ਪਟਿਆਲਾ ਪੁਲਸ ਵੱਲੋਂ ਬੀਤੀ ਅੱਧੀ ਰਾਤ ਨੂੰ ਖੇਦੜਨ ਦੇ ਰੋਸ ਵਜੋਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀਆਂ ਸੈਂਕੜੇ ਵਰਕਰਾਂ ਨੇ ਮੰਗਲਵਾਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਫੂਕੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਗੁਰਮੇਲ ਕੌਰ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀਆਂ ਵਰਕਰਾਂ ਪਟਿਆਲਾ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ, ਜਿਨ੍ਹਾਂ ਨਾਲ ਪਟਿਆਲਾ ਪੁਲਸ ਨੇ ਬੀਤੀ ਅੱਧੀ ਰਾਤ ਧੱਕਾ ਮੁਕੀ ਕੀਤੀ ਅਤੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੀਆਂ ਵਰਕਰਾਂ ਵਿਚ ਪ੍ਰਧਾਨ ਊਸ਼ਾ ਰਾਣੀ, ਗੁਰਦੀਪ ਕੌਰ, ਚਰਨਜੀਤ ਕੌਰ ਮਾਨਸਾ, ਭਿੰਦਰ ਕੌਰ ਡੇਹਲੋਂ, ਚਰਨਜੀਤ ਕੌਰ ਨਾਭਾ, ਪਰਮਜੀਤ ਕੌਰ ਨਾਭਾ, ਹੈਲਪਰ ਦਰਸ਼ਨ ਕੌਰ ਤੇ ਪਰਮਜੀਤ ਕੌਰ ਸਰਹਿੰਦ ਸ਼ਾਮਲ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਗ੍ਰਿਫਤਾਰ ਵਰਕਰਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜ਼ਿਲੇ ਭਰ 'ਚੋਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਸੈਂਕੜੇ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਸਮਾਂ ਆਉਣ 'ਤੇ ਦਿਖਾ ਦਿਆਂਗੇ ਤਾਕਤ : ਧਨੋਆ
NEXT STORY