ਅੰਮ੍ਰਿਤਸਰ (ਛੀਨਾ) - ਸ਼੍ਰੋਮਣੀ ਕਮੇਟੀ 'ਚੋਂ ਨਿਯਮਾਂ ਦੇ ਉਲਟ ਭਰਤੀ ਦਾ ਬਹਾਨਾ ਬਣਾ ਕੇ ਫਾਰਗ ਕੀਤੇ ਗਏ ਮੁਲਾਜ਼ਮਾਂ ਨੇ ਅੱਜ ਅੰਮ੍ਰਿਤਸਰ ਵਿਖੇ ਇਕੱਠ ਕਰ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਨਿਊ ਫਲਾਵਰਜ਼ ਐਜੂਕੇਸ਼ਨ ਸੋਸਾਇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂ. ਕੇ. ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਾ ਨੂੰ ਧਿਆਨ 'ਚ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਦਫਤਰ ਦੇ ਬਾਹਰ ਭੁੱਖ ਹੜਤਾਲ ਤੇ ਰੋਸ ਪ੍ਰਦਰਸ਼ਨ ਦੇ ਉਲੀਕੇ ਗਏ ਪ੍ਰੋਗਰਾਮ ਨੂੰ ਰੱਦ ਕਰ ਕੇ ਹੁਣ ਸ਼੍ਰੋਮਣੀ ਕਮੇਟੀ ਨਾਲ ਕਾਨੂੰਨੀ ਲੜਾਈ ਲੜਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ -ਵਿਦੇਸ਼ ਤੋਂ ਰੋਜ਼ਾਨਾ ਇਕ ਲੱਖ ਤੋਂ ਵੀ ਵਧੇਰੇ ਸ਼ਰਧਾਲੂ ਆਉਂਦੇ ਹਨ ਤੇ ਸ਼੍ਰੋਮਣੀ ਕਮੇਟੀ ਦੇ ਦਫਤਰ ਬਾਹਰ ਰੌਲਾ-ਰੱਪਾ ਪੈਂਦਾ ਦੇਖ ਕੇ ਉਨ੍ਹਾਂ 'ਤੇ ਬੇਹੱਦ ਬੁਰਾ ਪ੍ਰਭਾਵ ਪਵੇਗਾ ਜਿਸ ਕਾਰਨ ਸਮੂਹ ਫਾਰਗ ਮੁਲਾਜ਼ਮਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਸਾਥੀ ਅਹੁਦੇਦਾਰਾਂ ਦਾ ਵੱਖ-ਵੱਖ ਸ਼ਹਿਰਾਂ 'ਚ ਪਹੁੰਚਣ 'ਤੇ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਵਿਰੋਧ ਵੀ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਬਾਕੀ ਅਹੁਦੇਦਾਰਾਂ ਨੇ ਤਾਂ ਇਨ੍ਹਾਂ ਮੁਲਾਜ਼ਮਾਂ ਦੇ ਮੂੰਹ 'ਚੋਂ ਬੁਰਕੀ ਖੋਹਣ ਵੇਲੇ ਸ਼੍ਰੋਮਣੀ ਕਮੇਟੀ ਦੀ ਇੱਜ਼ਤ ਦਾ ਖਿਆਲ ਨਹੀਂ ਕੀਤਾ ਪਰ ਇਨ੍ਹਾਂ ਮੁਲਾਜ਼ਮਾਂ ਨੇ ਡਿਊਟੀ ਤੋਂ ਫਾਰਗ ਹੋਣ ਦੇ ਬਾਵਜੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਾ ਨੂੰ ਧਿਆਨ 'ਚ ਰੱਖਦਿਆਂ ਜੋ ਫੈਸਲਾ ਲਿਆ ਹੈ ਉਹ ਕਾਬਿਲ-ਏ-ਤਾਰੀਫ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਹੁਣ ਤੱਕ ਕਿਹੜੇ-ਕਿਹੜੇ ਕਾਰੇ ਕੀਤੇ ਹਨ ਉਨ੍ਹਾਂ ਦੇ ਸਭ ਕਾਲੇ ਚਿੱਠੇ ਮਾਣਯੋਗ ਹਾਈ ਕੋਰਟ 'ਚ ਖੋਲ੍ਹਾਂਗੇ ਜਿਥੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਜਵਾਬ ਦੇਣੇ ਔਖੇ ਹੋ ਜਾਣਗੇ।
ਮਿਆਲ ਇਲਾਕੇ 'ਚ 2 ਵਰਦੀਧਾਰੀ ਤੇ ਹਥਿਆਰਾਂ ਨਾਲ ਲੈਸ ਸ਼ੱਕੀ ਵੇਖੇ
NEXT STORY