ਮਲੋਟ (ਕਾਠਪਾਲ, ਜੁਨੇਜਾ) - ਅੱਜ 33 ਕੇ. ਵੀ. ਕਾਲੋਨੀ ਵਿਖੇ ਟੈਕਨੀਕਲ ਬਿਜਲੀ ਮੁਲਾਜ਼ਮਾਂ ਵੱਲੋਂ ਕਾਲੇ ਬਿੱਲੇ ਲਾ ਕੇ ਇਕ ਰੋਸ ਰੈਲੀ ਕੱਢੀ ਗਈ। ਰੈਲੀ ਦੌਰਾਨ ਇਨ੍ਹਾਂ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਮੇਂ ਸਕੱਤਰ ਜਸਕੌਰ ਸਿੰਘ, ਡਵੀਜ਼ਨ ਪ੍ਰਧਾਨ ਭੁਪਿੰਦਰ ਸਿੰਘ, ਮੀਤ ਪ੍ਰਧਾਨ ਗੁਰਮੀਤ ਸਿੰਘ ਮੀਤ, ਸਕੱਤਰ ਦਿਹਾਤੀ ਸ/ਡ ਜਗਤੇਜ ਸਿੰਘ, ਪ੍ਰਧਾਨ ਸ਼ਹਿਰੀ ਸ/ਡ ਦਰਸ਼ਨ ਸਿੰਘ ਅਤੇ ਪ੍ਰਧਾਨ ਠੇਕਾ ਮੁਲਾਜ਼ਮ ਯੂਨੀਅਨ ਚੌਧਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ 16-04-2010 ਨੂੰ ਬਿਜਲੀ ਬੋਰਡ ਤੋੜ ਕੇ ਇਸ ਨੂੰ ਦੋ ਕਾਰਪੋਰੇਸ਼ਨਾਂ ਵਿਚ ਵੰਡ ਦੇਣ ਦੇ ਰੋਸ ਵਜੋਂ ਬਿਜਲੀ ਮੁਲਾਜ਼ਮ ਕਾਲੇ ਬਿੱਲੇ ਲਾ ਕੇ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਉਂਦੇ ਹੋਏ ਰੋਸ ਦਾ ਪ੍ਰਗਟਾਵਾ ਕਰਦੇ ਹਨ।
ਬੁਲਾਰਿਆਂਨੇ ਕਿਹਾ ਕਿ ਬੋਰਡ ਟੁੱਟਣ ਤੋਂ ਬਾਅਦ ਕੰਪਨੀਆਂ ਤਹਿਤ ਮਹਿਕਮੇ ਨੂੰ ਵੱਡਾ ਘਾਟਾ ਪੈ ਰਿਹਾ ਹੈ। ਕਰਜ਼ਾ ਦਿਨ-ਬ-ਦਿਨ ਵੱਧ ਰਿਹਾ ਅਤੇ ਨਵੀਂ ਤੇ ਪੱਕੀ ਭਰਤੀ 'ਤੇ ਪਾਬੰਦੀ ਲਾਈ ਹੋਈ ਹੈ। ਸੇਵਾ ਸ਼ਰਤਾਂ ਆਏ ਦਿਨ ਬਦਲੀਆਂ ਜਾ ਰਹੀਆਂ ਹਨ। ਸਰਕਾਰੀ ਥਰਮਲਾਂ ਨੂੰ ਤੋੜ ਕੇ ਨਿੱਜੀ ਥਰਮਲਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਠੇਕੇਦਾਰੀ ਅਤੇ ਆਊਟ ਸੋਰਸਿੰਗ ਨੀਤੀ ਨੂੰ ਪਹਿਲ ਦਿੱਤੀ ਜਾ ਰਹੀ ਹੈ। ਠੇਕਾ ਮੁਲਾਜ਼ਮਾਂ ਦੀ ਲਗਾਤਾਰ ਛਾਂਟੀ ਕੀਤੀ ਜਾ ਰਹੀ ਹੈ ਅਤੇ ਪੇ-ਬੈਂਡ ਤੇ ਹੋਰ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ।
ਆਗੂਆਂ ਨੇ ਕਿਹਾ ਕਿ ਪਿਛਲੇ 8 ਸਾਲਾਂ ਦੌਰਾਨ ਬਿਜਲੀ ਸਰਪਲੱਸ ਹੋਣ ਦੀ ਬਜਾਏੇ, ਘੱਟ ਰਹੀ ਹੈ। ਅਣਐਲਾਨੇ ਕੱਟਾਂ ਨੇ ਲੋਕਾਂ ਅਤੇ ਕਿਸਾਨਾਂ ਦਾ ਜਿਊਣ ਦੁੱਭਰ ਕੀਤਾ ਹੋਇਆ ਹੈ। ਆਗੂਆਂ ਨੇ ਬਿਜਲੀ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਉਹ ਮੰਗਾਂ ਦਾ ਹੱਲ ਕਰਵਾਉਣ ਲਈ ਸਾਂਝੇ ਅਤੇ ਲੰਮੇ ਸੰਘਰਸ਼ਾਂ ਦੇ ਰਸਤੇ ਪੈਣ। ਰੈਲੀ ਦੌਰਾਨ ਸਾਥੀ ਜਗਰੂਪ ਸਿੰਘ ਬਾਜਵਾ ਅਤੇ ਹੋਰ ਵੱਡੀ ਗਿਣਤੀ ਵਿਚ ਬਿਜਲੀ ਮੁਲਾਜ਼ਮ ਮੌਜੂਦ ਸਨ।
ਕੋਟਭਾਈ ਦੀ ਦਾਣਾ ਮੰਡੀ 'ਚ ਨਹੀਂ ਹੋਈ ਬੋਲੀ
NEXT STORY