ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰੀ ਹਵਾਬਾਜ਼ੀ ਖੇਤਰ 'ਚ ਸੂਬੇ ਦੇ ਇਤਿਹਾਸ ਨੂੰ ਦਰਸਾਉਣ ਦੇ ਮਕਸਦ ਨਾਲ ਪਟਿਆਲਾ ਵਿਖੇ ‘ਪੰਜਾਬ ਐਵੀਏਸ਼ਨ ਮਿਊਜ਼ੀਅਮ’ ਸਥਾਪਿਤ ਕਰਨ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਵੱਲੋਂ ਇਸ ਸਬੰਧੀ ਫ਼ੈਸਲਾ ਪੰਜਾਬ ਰਾਜ ਸਿਵਲ ਐਵੀਏਸ਼ਨ ਕੌਂਸਲ ਦੀ ਤਜਵੀਜ਼ 'ਤੇ ਲਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਖੇਤਰ 'ਚ ਪੰਜਾਬ ਦਾ ਇਕ ਸਦੀ ਪੁਰਾਣਾ ਇਤਿਹਾਸ ਹੈ, ਜਿਸ ਬਾਰੇ ਸਹੀ ਤਰੀਕੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਪਟਿਆਲਾ 'ਚ ਸਿਵਲ ਏਅਰੋਡਰੋਮ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਮਿਲੀ ਵੱਡੀ ਰਾਹਤ, 'ਥਾਣੇਦਾਰ ਦੀ ਪੈਂਟ ਗਿੱਲੀ' ਬਿਆਨ ਵਾਲਾ ਕੇਸ ਅਦਾਲਤ ਨੇ ਕੀਤਾ ਰੱਦ
ਉਨ੍ਹਾਂ ਕਿਹਾ ਕਿ ਇਸ ਮਿਊਜ਼ੀਅਮ 'ਚ ਸੂਬੇ ਦੇ ਹਵਾਬਾਜ਼ੀ ਖੇਤਰ ਦੇ ਇਤਿਹਾਸ ਤੇ ਕਲਾਕ੍ਰਿਤਾਂ ਨੂੰ ਜ਼ਰੂਰ ਦਰਸਾਇਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਹਵਾਈ ਜਹਾਜ਼ਾਂ ਦੇ ਮਾਡਲ, ਤਸਵੀਰਾਂ, ਨਕਸ਼ੇ, ਮਾਡਲਾਂ ਦੀ ਐਨੀਮੇਸ਼ਨ ਰਾਹੀਂ ਪੇਸ਼ਕਾਰੀ, ਪਾਇਲਟਾਂ ਤੇ ਹੋਰ ਸਟਾਫ਼ ਦੇ ਕੱਪੜੇ ਤੇ ਉਪਕਰਨ ਵੀ ਇਸ ਮਿਊਜ਼ੀਅਮ 'ਚ ਦਰਸਾਏ ਜਾ ਸਕਦੇ ਹਨ। ਭਗਵੰਤ ਮਾਨ ਨੇ ਇਹ ਵੀ ਆਖਿਆ ਕਿ ਇਸ ਮਿਊਜ਼ੀਅਮ 'ਚ ਰਸਾਲੇ, ਤਕਨੀਕੀ ਨਿਯਮਾਂਵਲੀ, ਤਸਵੀਰਾਂ ਤੇ ਨਿੱਜੀ ਪੁਰਾਲੇਖ ਵੀ ਦਰਸਾਏ ਜਾਣ, ਜੋ ਅਕਸਰ ਹਵਾਬਾਜ਼ੀ ਖੇਤਰ ਦੇ ਖੋਜਾਰਥੀਆਂ ਨੂੰ ਲੇਖ ਜਾਂ ਕਿਤਾਬਾਂ ਲਿਖਣ ਜਾਂ ਪੁਰਾਣੇ ਹਵਾਈ ਜਹਾਜ਼ਾਂ ਨੂੰ ਠੀਕ ਕਰਨ ਲਈ ਤਕਨੀਸ਼ੀਅਨਾਂ ਦੇ ਕੰਮ ਆਉਂਦੇ ਹਨ।
ਇਹ ਵੀ ਪੜ੍ਹੋ : ਪਲਾਸਟਿਕ ਡੋਰ ਨੇ ਘੁੰਮਣ ਨਿਕਲੇ ਪਰਿਵਾਰ ਦੀਆਂ ਖੋਹੀਆਂ ਖੁਸ਼ੀਆਂ, ਮਾਸੂਮ ਦੀ ਗਲਾ ਵੱਢੇ ਜਾਣ ਕਾਰਨ ਮੌਤ
ਉਨ੍ਹਾਂ ਦੱਸਿਆ ਕਿ 350 ਏਕੜ ਜਗ੍ਹਾ 'ਚ ਫੈਲਿਆ ‘ਪਟਿਆਲਾ ਐਵੀਏਸ਼ਨ ਕੰਪਲੈਕਸ’ ਇਕ ਵਿਰਾਸਤੀ ਸੰਸਥਾ ਹੈ, ਜੋ 20ਵੀਂ ਸਦੀ ਦੇ ਪਹਿਲੇ ਦਹਾਕੇ 'ਚ ਸਥਾਪਿਤ ਕੀਤੀ ਗਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕਲੱਬ 'ਚ ਸਿੱਖਿਆਰਥੀਆਂ ਨੂੰ ਮੈਦਾਨੀ ਸਿਖਲਾਈ ਲਈ ਪੂਰੀਆਂ ਸਹੂਲਤਾਂ ਨਾਲ ਲੈਸ ਲਾਇਬ੍ਰੇਰੀ, ਆਧੁਨਿਕ ਸਾਜ਼ੋ-ਸਮਾਨ ਤੇ ਕਲਾਸ ਰੂਮਾਂ ਦੇ ਨਾਲ-ਨਾਲ ਉਡਾਣ ਦੀ ਸਿਖਲਾਈ ਦੇਣ ਲਈ ਇਕ ਇੰਜਣ ਵਾਲੇ ਸੈਸਨਾ 172 ਜਹਾਜ਼ ਦੇ ਗਲਾਸ ਕੌਕਪਿਟ ਦਾ ਸਿਮੂਲੇਟਰ ਪਹਿਲਾਂ ਹੀ ਮੌਜੂਦ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਨਵੇਂ ਮਿਊਜ਼ੀਅਮ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਵਾਬਾਜ਼ੀ ਖੇਤਰ 'ਚ ਸੂਬੇ ਦੇ ਇਤਿਹਾਸ ਨੂੰ ਜਾਨਣ 'ਚ ਮਦਦ ਮਿਲੇਗੀ। ਭਗਵੰਤ ਮਾਨ ਨੇ ਲੋਕ ਨਿਰਮਾਣ ਮਹਿਕਮੇ ਨੂੰ ਨਿਰਦੇਸ਼ ਦਿੱਤਾ ਕਿ ਇਸ ਸਮੁੱਚੇ ਪ੍ਰਾਜੈਕਟ ਦਾ ਕੰਮ ਸਮਾਂਬੱਧ ਢੰਗ ਨਾਲ ਸੁਚਾਰੂ ਤਰੀਕੇ ਰਾਹੀਂ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਏ.ਟੀ.ਐਮ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਪੁਲਸ ਨੇ 15 ਘੰਟਿਆਂ 'ਚ ਦਬੋਚੇ
NEXT STORY