ਸ੍ਰੀ ਨਨਕਾਣਾ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿੱਥੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੀ। ਇਸ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਕਰਕੇ ਵੀ ਜਾਣਿਆ ਜਾਂਦਾ ਹੈ। ਨਨਕਾਣਾ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ 21 ਫਰਵਰੀ 1921 ਨੂੰ ਇਸ ਸਥਾਨ 'ਤੇ ਇੱਕ ਬਹੁਤ ਹੀ ਖ਼ੂਨੀ ਸਾਕਾ ਹੋਇਆ ਜਿਸ ਨੂੰ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਕਿਹਾ ਜਾਂਦਾ ਹੈ।
ਜਿਸ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਮੱਸਾ ਰੰਘੜ ਨੇ ਬਹੁਤ ਕੁਕਰਮ ਕੀਤੇ ਸਨ ਉਸੇ ਤਰ੍ਹਾਂ ਦੇ ਹਾਲਾਤ ਨਰਾਇਣੂ ਮਹੰਤ ਨੇ ਸ੍ਰੀ ਨਨਕਾਣਾ ਸਾਹਿਬ ਵਿਖੇ ਬਣਾ ਦਿੱਤੇ ਸਨ। ਨਰੈਣ ਦਾਸ ਸਾਰੀ ਮਹੰਤ ਸ਼੍ਰੇਣੀ ਵਿਚੋਂ ਅਤਿ ਦਰਜੇ ਦਾ ਸ਼ਰਾਬੀ ਅਤੇ ਭੈੜੇ ਆਚਰਣ ਵਾਲਾ ਸੀ। ਉਸ ਨੇ ਪਵਿੱਤਰ ਗੁਰਧਾਮ ਨੂੰ ਅੱਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ। ਉਸ ਨੇ 1917 ਈ. ਵਿੱਚ ਗੁਰਦੁਆਰੇ ਦੀ ਹਦੂਦ ਅੰਦਰ ਵੇਸਵਾ ਦਾ ਨਾਚ ਕਰਾਇਆ। ਇੱਥੇ ਹੀ ਬੱਸ ਨਹੀਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਲਈ ਜਾਣ ਵਾਲੀਆਂ ਬੀਬੀਆਂ ਦੀ ਇੱਜ਼ਤ ਵੀ ਮਹਿਫ਼ੂਜ਼ ਨਹੀਂ ਸੀ ਮੰਨੀ ਜਾਂਦੀ। ਸੰਨ 1918 ਨੂੰ ਇੱਕ ਰਿਟਾਇਰਡ ਸਿੰਧੀ ਅਫ਼ਸਰ ਆਪਣੇ ਪਰਿਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਤਾਂ ਰਾਤ ਸਮੇਂ ਮਹੰਤ ਦੇ ਇੱਕ ਚੇਲੇ ਨੇ ਉਸ ਦੀ 13 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਕੀਤਾ। ਉਸੇ ਸਾਲ ਹੀ ਪੂਰਨਮਾਸ਼ੀ ਨੂੰ ਜ਼ਿਲ੍ਹਾ ਲਾਇਲਪੁਰ ਦੇ ਜੜ੍ਹਾਂ ਵਾਲੇ ਇਲਾਕੇ ਦੀਆਂ ਛੇ ਬੀਬੀਆਂ ਗੁਰਦੁਆਰੇ ਦੇ ਦਰਸ਼ਨਾਂ ਨੂੰ ਆਈਆਂ ਤਾਂ ਮਹੰਤ ਦੇ ਚੇਲਿਆਂ ਨੇ ਉਨ੍ਹਾਂ ਦਾ ਵੀ ਇਹੋ ਹਸ਼ਰ ਕੀਤਾ। ਜਦ ਕੁਝ ਸਿੱਖਾਂ ਨੇ ਮਹੰਤ ਕੋਲ ਇਸ ਗੱਲ ਦਾ ਰੋਸ ਕੀਤਾ ਤਾਂ ਅੱਗੋਂ ਉਸ ਨੇ ਇਹ ਕਿਹਾ ਕਿ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਹੈ, ਇਥੇ ਤੁਸੀਂ ਆਪਣੀਆਂ ਇਸਤਰੀਆਂ ਨੂੰ ਨਾ ਭੇਜਿਆ ਕਰੋ।
ਜਦੋਂ ਪਾਣੀ ਸਿਰ ਉੱਪਰ ਦੀ ਲੰਘ ਗਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 26 ਜਨਵਰੀ 1921 ਨੂੰ ਜਨਰਲ ਇਜਲਾਸ ਬੁਲਾ ਕੇ ਇੱਕ ਵਿਸ਼ੇਸ਼ ਮਤਾ ਪਾਸ ਕੀਤਾ ਕਿ 4, 5 ਅਤੇ 6 ਮਾਰਚ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਇਕ ਵਿਸ਼ਾਲ ਇਕੱਤਰਤਾ ਕੀਤੀ ਜਾਵੇ। ਸਮੁੱਚੀਆਂ ਸੰਗਤਾਂ ਨੂੰ ਉੱਥੇ ਬੁਲਾਇਆ ਜਾਵੇ। ਇਸ ਕਾਨਫਰੰਸ ਬੁਲਾਉਣ ਦਾ ਮਕਸਦ ਇਹ ਸੀ ਕਿ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਿਸ ਤਰ੍ਹਾਂ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਇਆ ਜਾ ਸਕੇ ਅਤੇ ਮਹੰਤ ਨਰਾਇਣ ਦਾਸ ਵਰਗਿਆਂ ਵੱਲੋਂ ਕੀਤੇ ਜਾ ਰਹੇ ਕੁਕਰਮਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕੇ। ਮੁੱਖ ਮੁੱਦਾ ਗੁਰਦੁਆਰਾ ਸਾਹਿਬਾਨ ਦੀ ਪਵਿੱਤਰਤਾ ਨੂੰ ਕਾਇਮ ਕਰਨਾ ਸੀ।
ਮਹੰਤ ਨਰੈਣ ਦਾਸ ਦੇ ਜਸੂਸਾਂ ਨੇ ਉਸ ਨੂੰ ਇਸ ਹੋਣ ਵਾਲੀ ਕਾਨਫਰੰਸ ਬਾਰੇ ਦੱਸ ਦਿੱਤਾ ਅਤੇ ਇਹ ਵੀ ਸਮਝਾ ਦਿੱਤਾ ਕਿ ਜੇਕਰ ਇਹ ਕਾਨਫਰੰਸ ਸਫ਼ਲ ਹੋ ਗਈ ਤਾਂ ਤੇਰੇ ਹੱਥੋਂ ਇਹ ਗੁਰਦੁਆਰਾ ਸਾਹਿਬ ਹਮੇਸ਼ਾ ਲਈ ਨਿਕਲ ਜਾਵੇਗਾ। ਮਹੰਤ ਨਰੈਣੂ ਨੇ ਵੀ ਆਪਣਾ ਬਚਾਅ ਕਰਨ ਲਈ ਇੱਕ ਸਨਾਤਨ ਸਿੱਖ ਕਾਨਫਰੰਸ ਲਾਹੌਰ ਵਿਖੇ 19, 20 ਅਤੇ 21 ਫਰਵਰੀ ਨੂੰ ਬਾਬਾ ਕਰਤਾਰ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਸੱਦ ਲਈ। ਇਸ ਵਿੱਚ ਸ਼ਾਮਲ ਹੋਣ ਲਈ ਬਹੁਤ ਸਾਰੇ ਗੁਰਦੁਆਰਿਆਂ ਦੇ ਮਹੰਤਾਂ ਅਤੇ ਸਰਬਰਾਹਾਂ ਨੂੰ ਸੱਦਾ ਦਿੱਤਾ ਗਿਆ ਤੇ ਕਿਹਾ ਗਿਆ ਕਿ ਇਨ੍ਹਾਂ ਅਕਾਲੀ ਸੁਧਾਰਕਾਂ ਦਾ ਡਟ ਕੇ ਮੁਕਾਬਲਾ ਕਿਸ ਤਰ੍ਹਾਂ ਕੀਤਾ ਜਾਵੇ।
ਇੱਕ ਪਾਸੇ ਇਹ ਕਹਿ ਰਿਹਾ ਸੀ ਕਿ ਮੈਂ ਸ਼੍ਰੋਮਣੀ ਕਮੇਟੀ ਦੀ ਹਰ ਸ਼ਰਤ ਮੰਨਣ ਲਈ ਤਿਆਰ ਹਾਂ, ਦੂਸਰੇ ਪਾਸੇ ਉਸ ਨੇ ਇਲਾਕੇ ਦੇ ਰਾਂਝੇ ਅਤੇ ਰੀਹਾਨੇ ਵਰਗੇ ਚੋਟੀ ਦੇ ਬਦਮਾਸ਼ਾਂ, ਗੁੰਡਿਆਂ ਨੂੰ ਨੂੰ ਇਕੱਤਰ ਕਰ ਲਿਆ। ਉਸਨੇ ਇਹ ਗੋਂਦ ਗੁੰਦੀ ਕਿ 4, 5 ਅਤੇ 6 ਮਾਰਚ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਇਕੱਠੇ ਹੋਏ ਪੰਥਕ ਆਗੂਆਂ ਨੂੰ ਹਮਲਾ ਕਰਕੇ ਖ਼ਤਮ ਕਰ ਦੇਣਾ ਹੈ। ਇਸ ਲਈ ਉਸ ਨੇ ਕਈ ਪਠਾਣਾਂ ਨੂੰ ਨੌਕਰ ਵੀ ਰੱਖ ਲਿਆ ਅਤੇ ਭਾਰੀ ਗਿਣਤੀ ਵਿੱਚ ਗੋਲ਼ੀ ਸਿੱਕਾ, ਮਿੱਟੀ ਦਾ ਤੇਲ ਅਤੇ ਲੱਕੜਾਂ ਦਾ ਜਖ਼ੀਰਾ ਜਮ੍ਹਾਂ ਕਰ ਲਿਆ।
ਉੱਧਰ ਸਿੱਖ ਕੌਮ ਨੂੰ ਵੀ ਨਰਾਇਣ ਦਾਸ ਦੇ ਇਸ ਕੁਕਰਮ ਬਾਰੇ ਪਤਾ ਲੱਗ ਗਿਆ। ਭਾਈ ਕਰਤਾਰ ਸਿੰਘ ਝੱਬਰ ਨੇ ਭਾਈ ਵਰਿਆਮ ਸਿੰਘ ਨੂੰ ਆਪਣੇ ਸੂਹੀਏ ਦੇ ਤੌਰ ’ਤੇ ਮਹੰਤ ਕੋਲ ਛੱਡਿਆ ਹੋਇਆ ਸੀ। ਜਦੋਂ ਭਾਈ ਝੱਬਰ ਨੂੰ ਮਹੰਤ ਨਰਾਇਣ ਦਾਸ ਜੀ ਇਸ ਸਾਜ਼ਿਸ਼ ਬਾਰੇ ਪਤਾ ਲੱਗਾ ਕਿ ਉਹ ਪੰਥਕ ਆਗੂਆਂ ਨੂੰ ਮਰਵਾ ਦੇਵੇਗਾ ਤਾਂ ਉਨ੍ਹਾਂ ਇਲਾਕੇ ਦੇ ਮੁਖੀ ਸਿੰਘਾਂ ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਬੂਟਾ ਸਿੰਘ ਲਾਇਲਪੁਰੀ ਨਾਲ ਸਲਾਹ ਕੀਤੀ ਕਿ ਮਾਰਚ ਮਹੀਨੇ ਹੋਣ ਵਾਲੀ ਸਿੱਖ ਕਾਨਫਰੰਸ ਤੋਂ ਪਹਿਲਾਂ ਪਹਿਲਾਂ ਹੀ ਮਹੰਤ ਨਾਲ ਸਿੱਝ ਲਿਆ ਜਾਵੇ। ਉਨ੍ਹਾਂ ਦਾ ਵਿਚਾਰ ਸੀ ਕਿ ਜਦੋਂ ਮਹੰਤ ਲਾਹੌਰ ਵਿਖੇ ਹੋ ਰਹੀ ਸਨਾਤਨ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਗਿਆ ਹੋਇਆ ਹੋਵੇਗਾ ਉਸ ਵੇਲੇ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰ ਲਿਆ ਜਾਵੇਗਾ। ਇਸ ਸਬੰਧ ਵਿਚ 17 ਫਰਵਰੀ 1921 ਨੂੰ ਗੁਰਦੁਆਰਾ ਖਰਾ ਸੌਦਾ ਚੂਹੜਕਾਣਾ ਸਾਹਿਬ ਵਿਖੇ ਇੱਕ ਮੀਟਿੰਗ ਬੁਲਾ ਕੇ ਇਹਨਾਂ ਗੁਰਸਿੱਖਾਂ ਨੇ ਫ਼ੈਸਲਾ ਕਰ ਲਿਆ ਕਿ 19 ਫਰਵਰੀ ਦੀ ਸ਼ਾਮ ਨੂੰ ਭਾਈ ਲਛਮਣ ਸਿੰਘ ਤੇ ਭਾਈ ਕਰਤਾਰ ਸਿੰਘ ਝੱਬਰ ਪਿੰਡਾਂ ਵਿਚੋਂ ਸਿੰਘਾਂ ਨੂੰ ਇਕੱਤਰ ਕਰਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚ ਜਾਣ। ਇਹ ਸਾਰੀ ਖ਼ਬਰ ਪੰਥਕ ਆਗੂਆਂ ਤੋਂ ਵੀ ਗੁਪਤ ਰੱਖੀ ਗਈ ਤਾਂ ਜੋ ਕਿਧਰੇ ਇਸ ਦੀ ਸੂਹ ਕਿਸੇ ਤਰੀਕੇ ਨਾਲ ਨਰਾਇਣ ਦਾਸ ਤੱਕ ਨਾ ਪਹੁੰਚ ਸਕੇ। ਭਾਈ ਕਰਤਾਰ ਸਿੰਘ ਝੱਬਰ ਨੇ ਗੁਰਦੁਆਰਾ ਖਰਾ ਸੌਦਾ ਵਿਖੇ 2200 ਸਿੰਘਾਂ ਦਾ ਜਥਾ ਇਕੱਠਾ ਕਰ ਲਿਆ ਸੀ। ਦੂਜੇ ਪਾਸੇ ਭਾਈ ਲਛਮਣ ਸਿੰਘ ਵੀ 150 ਸਿੰਘਾਂ ਦੇ ਜਥੇ ਨੂੰ ਲੈ ਕੇ ਸ੍ਰੀ ਨਨਕਾਣਾ ਸਾਹਿਬ ਜਾਣ ਲਈ ਤਿਆਰ ਹੋ ਗਏ।
19 ਫਰਵਰੀ ਨੂੰ ਹੀ ਲਾਹੌਰ ਵਿਖੇ ਅਕਾਲੀ ਅਖ਼ਬਾਰ ਦੇ ਦਫ਼ਤਰ ਵਿਚ ਪੰਥਕ ਮੁਖੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋ ਰਹੀ ਸੀ। ਇਸ ਮੀਟਿੰਗ ਵਿਚ ਮਾਸਟਰ ਤਾਰਾ ਸਿੰਘ, ਤੇਜਾ ਸਿੰਘ ਸਮੁੰਦਰੀ, ਹਰਚਰਨ ਸਿੰਘ, ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਜਸਵੰਤ ਸਿੰਘ ਝਬਾਲ ਅਤੇ ਭਾਈ ਦਲੀਪ ਸਿੰਘ ਵੀ ਹਾਜ਼ਰ ਸਨ। ਇੱਥੇ ਇਨ੍ਹਾਂ ਪੰਥਕ ਮੁਖੀਆਂ ਨੂੰ ਭਾਈ ਕਰਤਾਰ ਸਿੰਘ ਝੱਬਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਫ਼ੈਸਲੇ ਬਾਰੇ ਪਤਾ ਲੱਗਾ ਉਹ ਬਹੁਤ ਚਿੰਤਤ ਹੋਏ ਅਤੇ ਉਹਨਾਂ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਤੋਂ ਤਹਿ ਕੀਤੇ ਗਏ ਮਾਰਚ ਮਹੀਨੇ ਪਹਿਲਾਂ ਵਾਲੇ ਐਕਸ਼ਨ ਤੋਂ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਵਿਖੇ ਕੋਈ ਵੀ ਜਥਾ ਨਾ ਭੇਜਿਆ ਜਾਵੇ।
ਭਾਈ ਕਰਤਾਰ ਸਿੰਘ ਝੱਬਰ ਅਤੇ ਭਾਈ ਲਛਮਣ ਸਿੰਘ ਨੂੰ ਰੋਕਣ ਲਈ ਦੋ ਆਦਮੀ ਭੇਜੇ, ਜਿਹੜੇ ਭਾਈ ਕਰਤਾਰ ਸਿੰਘ ਝੱਬਰ ਨੂੰ ਗੁਰਦੁਆਰਾ ਖਰਾ ਸੌਦਾ ਜਾ ਕੇ ਮਿਲੇ ਅਤੇ ਪੰਥਕ ਆਗੂਆਂ ਦੇ ਫ਼ੈਸਲੇ ਬਾਰੇ ਦੱਸ ਕੇ ਉਨ੍ਹਾਂ ਨੂੰ ਸ੍ਰੀ ਨਨਕਾਣਾ ਸਾਹਿਬ ਨਾ ਜਾਣ ਲਈ ਮਨਾ ਲਿਆ ਪਰ ਝੱਬਰ ਨੇ ਕਿਹਾ ਕਿ ਜੇ ਹੋਰ ਜਥੇ ਸ੍ਰੀ ਨਨਕਾਣਾ ਸਾਹਿਬ ਪੁੱਜ ਗਏ ਤਾਂ ਉਨ੍ਹਾਂ ਦੇ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਵੇਗਾ ਤਾਂ ਉਨ੍ਹਾਂ ਜਥਿਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਭਾਈ ਦਲੀਪ ਸਿੰਘ ਸਾਹੋਵਾਲ ਨੇ ਆਪਣੇ ਸਿਰ ਲਈ। ਉਨ੍ਹਾਂ ਨੇ ਆਪਣੇ ਕੁਝ ਆਦਮੀ ਸ੍ਰੀ ਨਨਕਾਣਾ ਸਾਹਿਬ ਨੂੰ ਆਉਂਦੇ ਰਾਹਾਂ ਵੱਲ ਤੋਰ ਦਿੱਤੇ ਤਾਂ ਜੋ ਆਉਣ ਵਾਲੇ ਜਥਿਆਂ ਨੂੰ ਪੰਥਕ ਆਗੂਆਂ ਦੇ ਫ਼ੈਸਲੇ ਬਾਰੇ ਦੱਸਿਆ ਜਾ ਸਕੇ। ਆਪ ਭਾਈ ਦਲੀਪ ਸਿੰਘ, ਭਾਈ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਲਈ ਚੰਦਰਕੋਟ ਦੀ ਝਾਲ 'ਤੇ ਪਹੁੰਚੇ ਤਾਂ ਉਥੇ ਭਾਈ ਲਛਮਣ ਸਿੰਘ ਦਾ ਜਥਾ ਨਾ ਮਿਲਿਆ। ਭਾਈ ਦਲੀਪ ਸਿੰਘ ਨੇ ਸੋਚਿਆ ਕਿ ਹੋ ਸਕਦਾ ਹੈ, ਉਨ੍ਹਾਂ ਨੂੰ ਸੁਨੇਹਾ ਮਿਲ ਗਿਆ ਹੋਵੇ ਅਤੇ ਉਹ ਵਾਪਸ ਮੁੜ ਗਏ ਹੋਣ। ਫਿਰ ਵੀ ਉਨ੍ਹਾਂ ਨੇ ਭਾਈ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਦੀ ਡਿਊਟੀ ਭਾਈ ਵਰਿਆਮ ਸਿੰਘ ਦੀ ਲਾਈ ਅਤੇ ਆਪ ਉਤਮ ਸਿੰਘ ਦੇ ਕਾਰਖਾਨੇ ਵਿੱਚ ਆ ਗਏ। ਭਾਈ ਲਛਮਣ ਸਿੰਘ ਦੇ ਜਥੇ ਨੇ ਅਰਦਾਸਾ ਸੋਧ ਕੇ ਸ੍ਰੀ ਨਨਕਾਣਾ ਸਾਹਿਬ ਵੱਲ ਚਾਲੇ ਪਾ ਦਿੱਤੇ ਸਨ ਅਤੇ ਰਸਤੇ ਵਿੱਚ ਉਨ੍ਹਾਂ ਦਾ ਮੇਲ ਭਾਈ ਵਰਿਆਮ ਸਿੰਘ ਨਾਲ ਹੋਇਆ। ਉਸ ਨੇ ਭਾਈ ਲਛਮਣ ਸਿੰਘ ਦੇ ਜਥੇ ਨੂੰ ਪੰਥਕ ਆਗੂਆਂ ਦੇ ਫ਼ੈਸਲੇ ਦੀ ਚਿੱਠੀ ਦਿਖਾ ਕੇ ਅਤੇ ਮਹੰਤ ਦੀ ਘਿਨੌਣੀ ਸਾਜ਼ਿਸ਼ ਦੱਸ ਕੇ ਵਾਪਸ ਮੁੜਨ ਦੀ ਬੇਨਤੀ ਕੀਤੀ। ਭਾਈ ਲਛਮਣ ਸਿੰਘ ਹੋਰੀਂ ਨਾ ਮੰਨੇ, ਉਹ ਕਹਿਣ ਲੱਗੇ ਅਸੀਂ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤ ਕੋਲੋਂ ਅਜ਼ਾਦ ਕਰਾਉਣ ਲਈ ਅਰਦਾਸਾ ਸੋਧ ਕੇ ਤੁਰੇ ਹਾਂ, ਇਸ ਲਈ ਸਿੱਟਾ ਭਾਵੇਂ ਕੁਝ ਵੀ ਹੋਵੇ ਪਰ ਹੁਣ ਵਾਪਸ ਨਹੀਂ ਮੁੜ ਸਕਦੇ।
20 ਫਰਵਰੀ ਨੂੰ ਸਵੇਰੇ 6 ਵਜੇ ਭਾਈ ਲਛਮਣ ਸਿੰਘ ਦੀ ਅਗਵਾਈ ਵਿੱਚ ਸਿੰਘਾਂ ਦਾ ਜਥਾ ਸ਼ਾਂਤਮਈ ਤਰੀਕੇ ਨਾਲ ਗੁਰਦੁਆਰਾ ਸਾਹਿਬ ਵਿਖੇ ਦਾਖ਼ਲ ਹੋਇਆ। ਉਹਨਾਂ ਨੇ ਦਰਬਾਰ ਸਾਹਿਬ ਵਿੱਚ ਜਾ ਕੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਖ਼ੁਦ ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਚੌਰ ਕਰਨ ਲੱਗ ਪਏ।
ਉਸੇ ਵੇਲੇ ਮਹੰਤ ਨਰੈਣ ਦਾਸ ਆਪਣੇ ਗੁੰਡਿਆਂ ਸਮੇਤ ਸ਼ਰਾਬੀ ਹਾਲਤ ਵਿੱਚ ਦਰਬਾਰ ਸਾਹਿਬ ਦੇ ਅੰਦਰ ਹੀ ਆ ਗਿਆ। ਮਹੰਤ ਦੇ ਗੁੰਡਿਆਂ ਨੇ ਸ਼ਾਂਤਮਈ ਬੈਠੇ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਸਿੰਘਾਂ ’ਤੇ ਗੋਲ਼ੀਆਂ ਦਾ ਮੀਂਹ ਵਰਸਾ ਦਿੱਤਾ। ਭਾਈ ਲਛਮਣ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਿਆਂ ਕਈ ਗੋਲ਼ੀਆਂ ਲੱਗੀਆਂ। ਕਈ ਗੋਲ਼ੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਲੱਗੀਆਂ। ਗੋਲ਼ੀਆਂ ਵੱਜਣ ਕਰਕੇ ਭਾਈ ਲਛਮਣ ਸਿੰਘ ਉਥੇ ਹੀ ਢੇਰੀ ਹੋ ਗਏ। ਨਰੈਣ ਦਾਸ ਦੇ ਗੁੰਡਿਆਂ ਨੇ ਇਥੇ ਹੀ ਬੱਸ ਨਹੀਂ ਕੀਤੀ ਬਲਕਿ ਇਕੱਲੇ ਇਕੱਲੇ ਸਿੰਘ ਨੂੰ ਬਾਹਰ ਕੱਢ ਕੇ ਮਾਰਨਾ ਸ਼ੁਰੂ ਕਰ ਦਿੱਤਾ। ਭਾਈ ਲਛਮਣ ਸਿੰਘ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਲਿਆ ਕੇ ਅੱਧ ਮੋਈ ਹਾਲਤ ਵਿੱਚ ਉਥੇ ਖਲੋਤੇ ਇਕ ਜੰਡ ਨਾਲ ਪੁੱਠਾ ਕਰ ਕੇ ਬੰਨ੍ਹ ਦਿੱਤਾ ਅਤੇ ਹੇਠਾਂ ਅੱਗ ਬਾਲ ਦਿੱਤੀ ਗਈ। ਇਸ ਤਰ੍ਹਾਂ ਭਾਈ ਲਛਮਣ ਸਿੰਘ ਨੂੰ ਜੰਡ ਨਾਲ ਬੰਨ੍ਹ ਕੇ ਸ਼ਹੀਦ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਅੰਦਰ ਇਕ ਅਲਮਾਰੀ ਵਿੱਚ ਸਿੱਖਾਂ ਨੇ ਇੱਕ ਛੋਟੇ ਬੱਚੇ ਨੂੰ ਲੁਕੋ ਦਿੱਤਾ ਸੀ। ਇਹ ਬੱਚਾ ਜ਼ਿੱਦ ਕਰ ਕੇ ਜਥੇ ਦੇ ਨਾਲ ਆ ਗਿਆ ਸੀ ਅਤੇ ਸਿੱਖ ਸੰਗਤਾਂ ਚਾਹੁੰਦੀਆਂ ਸਨ ਕਿ ਇਹ ਬੱਚਾ ਜੀਵਤ ਰਹੇ। ਇਸ ਲਈ ਉਸ ਨੂੰ ਅਲਮਾਰੀ ਦੇ ਵਿੱਚ ਬੰਦ ਕਰ ਦਿੱਤਾ ਸੀ। ਜਦੋਂ ਨਰਾਇਣ ਦਾਸ ਦੇ ਗੁੰਡੇ ਗੁਰਦੁਆਰਾ ਸਾਹਿਬ ਦੇ ਅੰਦਰ ਗੋਲੀਆਂ ਚਲਾਉਂਦੇ ਸਨ ਤਾਂ ਸਾਰੇ ਸਿੱਖ ਇਕ ਦੂਜੇ ਤੋਂ ਅੱਗੇ ਵਧ ਕੇ ਉਸ ਅਲਮਾਰੀ ਦੇ ਅੱਗੇ ਖਲੋ ਜਾਂਦੇ ਸਨ। ਜਿਸ ਤੋਂ ਉਨ੍ਹਾਂ ਨੂੰ ਸ਼ੱਕ ਪਿਆ ਕਿ ਇੱਥੇ ਕੁਝ ਹੈ। ਜਦੋਂ ਅਲਮਾਰੀ ਖੋਲ੍ਹੀ ਗਈ ਤਾਂ ਉਸ ਵਿੱਚੋਂ ਇੱਕ ਦੋ ਸਾਲ ਦਾ ਸਿੱਖ ਬਚਾ ਨਿਕਲਿਆ। ਨਰੈਣ ਦਾਸ ਦੇ ਗੁੰਡਿਆਂ ਨੇ ਉਸ ਬੱਚੇ ਨੂੰ ਬਲਦੀ ਹੋਈ ਅੱਗ ਦੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ।
ਦੂਜੇ ਪਾਸੇ ਭਾਈ ਉਤਮ ਸਿੰਘ ਦੇ ਕਾਰਖਾਨੇ ਵਿੱਚ ਬੈਠੇ ਭਾਈ ਦਲੀਪ ਸਿੰਘ ਨੇ ਜਦੋਂ ਗੋਲ਼ੀਆਂ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਕਿਹਾ ਕਿ ਮਹੰਤ ਨੇ ਕਾਰਾ ਕਰ ਦਿੱਤਾ ਹੈ। ਉਹ ਦੌੜ ਕੇ ਗੁਰਦੁਆਰਾ ਸਾਹਿਬ ਵੱਲ ਆਏ ਅਤੇ ਮਹੰਤ ਅਤੇ ਉਸ ਦੇ ਗੁੰਡਿਆਂ ਨੂੰ ਅਜਿਹਾ ਕਰਨ ਤੋਂ ਰੋਕਿਆ। ਮਹੰਤ ਨੇ ਭਾਈ ਦਲੀਪ ਸਿੰਘ ਨੂੰ ਵੀ ਅਕਾਲੀ ਆਗੂ ਆਖਦੇ ਹੋਏ ਚੁੱਕ ਕੇ ਬਲਦੀ ਹੋਈ ਅੱਗ ਵਿੱਚ ਸੁੱਟਵਾ ਦਿੱਤਾ। ਅਖੀਰ ਸ਼ਹੀਦ ਹੋਏ ਸਾਰੇ ਸਿੰਘਾਂ ਨੂੰ ਇਕੱਠਿਆਂ ਕਰਕੇ ਉਹਨਾਂ ਉੱਤੇ ਪਹਿਲਾਂ ਤੋਂ ਇਕੱਤਰ ਕੀਤੀਆਂ ਲੱਕੜਾਂ ਅਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ। ਇਸ ਘਟਨਾ ਦੀ ਸੂਚਨਾ ਭਾਈ ਧੰਨਾ ਸਿੰਘ ਕਾਰਖਾਨੇਦਾਰ, ਉੱਤਮ ਸਿੰਘ ਅਤੇ ਸਟੇਸ਼ਨ ਮਾਸਟਰ ਕਰਮ ਸਿੰਘ ਸਟੇਸ਼ਨ ਮਾਸਟਰ ਨੇ ਸ਼ਾਮ ਤੱਕ ਪੰਜਾਬ ਦੇ ਗਵਰਨਰ, ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ ਸ਼੍ਰੋਮਣੀ ਕਮੇਟੀ ਨੂੰ ਟੈਲੀ ਗਰਾਮ ਰਾਹੀਂ ਭੇਜ ਦਿੱਤੀ। ਸ਼ਾਮੀਂ 7 ਵਜੇ ਦੇ ਕਰੀਬ ਡਿਪਟੀ ਕਮਿਸ਼ਨਰ ਮਿਸਟਰ ਕੈਰੀ ਨਨਕਾਣਾ ਸਾਹਿਬ ਪਹੁੰਚਿਆ। ਉਸ ਵੇਲੇ ਵੀ ਮਹੰਤ ਦੇ ਆਦਮੀ ਲਾਸ਼ਾਂ ਨੂੰ ਸਾੜ ਰਹੇ ਸਨ। ਉਹਨਾ ਨੂੰ ਕਿਸੇ ਨੇ ਨਹੀਂ ਰੋਕਿਆ। ਇਸੇ ਦੌਰਾਨ ਰਾਤ ਨੂੰ ਲਗਭਗ 9 ਵਜੇ ਕਮਿਸ਼ਨਰ ਲਾਹੌਰ ਮਿਸਟਰ ਕਿੰਗ ਸਪੈਸ਼ਲ ਟਰੇਨ ਰਾਹੀਂ ਉਥੇ ਪਹੁੰਚਿਆ। ਉਸਦੇ ਨਾਲ ਸੌ ਦੇ ਕਰੀਬ ਅੰਗਰੇਜ਼ ਅਫ਼ਸਰ ਅਤੇ ਪੁਲਸ ਦੇ ਜਵਾਨ ਵੀ ਸਨ। ਦੱਸਿਆ ਜਾਂਦਾ ਹੈ ਕਿ ਉਸ ਵੇਲੇ ਵੀ ਮਹੰਤ ਦੇ ਹੱਥ ਵਿਚ ਬੰਦੂਕ ਫੜੀ ਹੋਈ ਸੀ। ਕਮਿਸ਼ਨਰ ਦੇ ਹੁਕਮ ਤੇ ਮਹੰਤ ਅਤੇ ਉਸ ਦੇ 26 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਥੋਂ ਉਹ ਸਾਰਾ ਨਾਜਾਇਜ਼ ਅਸਲਾ, ਮਿੱਟੀ ਦਾ ਤੇਲ, ਲੱਕੜਾਂ ਅਤੇ ਹੋਰ ਹਥਿਆਰ ਬਰਾਮਦ ਹੋਏ।
20 ਫਰਵਰੀ ਦੀ ਰਾਤ ਨੂੰ ਹੀ ਦੋ ਵਜੇ ਸਪੈਸ਼ਲ ਟਰੇਨ ਰਾਹੀਂ ਮਹੰਤ ਅਤੇ ਉਸ ਦੇ ਸਾਥੀ ਕਾਤਲਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ। ਨਨਕਾਣਾ ਸਾਹਿਬ ਦੇ ਸਾਕੇ ਵੇਲੇ ਮਹਿਤਾਬ ਸਿੰਘ ਸਰਕਾਰੀ ਵਕੀਲ ਵੀ ਸਨ ਅਤੇ ਪੰਜਾਬ ਕੌਂਸਲ ਦੇ ਡਿਪਟੀ ਚੀਫ਼ ਵੀ ਸਨ। ਸਾਕਾ ਨਨਕਾਣਾ ਸਾਹਿਬ ਵਿਖੇ 180 ਤੋਂ ਵੱਧ ਸਿੱਖਾਂ ਦਾ ਕਤਲ ਹੋਇਆ ਸੀ। ਮਹੰਤ ਦੀ ਸਰਕਾਰੀ ਅਫ਼ਸਰਾਂ ਨਾਲ ਨੇੜਤਾ ਸੀ ਜਿਸ ਕਰਕੇ ਪੁਲਿਸ ਉਸ ਦਾ ਕੇਸ ਕਮਜ਼ੋਰ ਰੱਖ ਕੇ ਉਸ ਨੂੰ ਬਚਾਉਣਾ ਚਾਹੁੰਦੀ ਸੀ। ਸਰਕਾਰੀ ਸਾਜ਼ਿਸ਼ਾਂ ਨੂੰ ਵੇਖ ਕੇ ਮਹਿਤਾਬ ਸਿੰਘ ਨੇ ਸਰਕਾਰੀ ਵਕੀਲ ਦੇ ਅਹੁਦੇ ਤੋਂ ਅਤੇ ਪੰਜਾਬ ਕੌਂਸਲ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਕੇ, ਨਿੱਜੀ ਤੌਰ ’ਤੇ ਦੋਸ਼ੀ ਉੱਪਰ ਮੁਕੱਦਮਾ ਚਲਾ ਕੇ ਸਜ਼ਾਵਾਂ ਦਿਵਾਈਆਂ। 12 ਅਕਤੂਬਰ 1921 ਨੂੰ ਸੈਸ਼ਨ ਜੱਜ ਨੇ ਇਸ ਘਟਨਾ ਵਿੱਚ ਸ਼ਾਮਲ ਮਹੰਤ ਅਤੇ ਉਸ ਦੇ ਸੱਤ ਸਾਥੀਆਂ ਕਾਦਰ ਜਲਾਲਾਬਾਦੀ, ਆਤਮ ਰਾਮ ਖਾਨ ਕੀ, ਰਾਂਝਾ ਥਾਣਾ ਝੰਗ, ਹਰੀ ਨਾਥ ਕਨਫਟਾ ਜੋਗੀ, ਨੂਰ ਸ਼ਾਹ ਦੀਨ ਪਠਾਣ, ਸੁਰੈਣ ਸਿੰਘ ਲੁਲਿਆਣੀ, ਰੀਹਾਨਾ ਲੁਲਿਆਣੀ ਨੂੰ ਫਾਂਸੀ ਦੀ ਸਜ਼ਾ, ਅੱਠ ਨੂੰ ਕਾਲੇਪਾਣੀ ਦੀ ਅਤੇ ਬਾਕੀਆਂ ਨੂੰ ਸੱਤ ਸੱਤ ਸਾਲ ਦੀ ਸਜ਼ਾ ਸੁਣਾਈ। ਬਾਅਦ ਵਿੱਚ ਹਾਈਕੋਰਟ ਨੇ ਇਹ ਸਜ਼ਾਵਾਂ ਘੱਟ ਕਰ ਦਿੱਤੀਆਂ। ਮਹੰਤ ਦੀ ਸਜ਼ਾ ਫਾਂਸੀ ਤੋਂ ਘਟਾ ਕੇ ਕਾਲੇਪਾਣੀ ਦੀ ਕਰ ਦਿੱਤੀ। ਬਾਕੀ 7 ਵਿਚੋਂ 3 ਦੀ ਫਾਂਸੀ ਦੀ ਸਜ਼ਾ ਅਤੇ 8 ਦੀ ਕਾਲੇਪਾਣੀ ਦੀ ਸਜ਼ਾ ਵਿਚੋਂ 2 ਦੀ ਕਾਲੇਪਾਣੀ ਦੀ ਸਜ਼ਾ ਕਾਇਮ ਰਹੀ। ਬਾਕੀ ਦੇ ਸਾਰੇ ਬਰੀ ਕਰ ਦਿੱਤੇ ਗਏ।
ਅਖ਼ੀਰ ਅੰਗਰੇਜ਼ ਅਫ਼ਸਰ ਮਕਲੈਗਨ ਆਪਣੀ ਐਗਜ਼ੈਕਟਿਵ ਦੇ ਮੈਂਬਰਾਂ ਸਮੇਤ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚਿਆ ਅਤੇ ਸਾਰੀ ਘਟਨਾ ਬਾਰੇ ਉਸਨੇ ਆਪਣੇ ਅੱਖੀਂ ਵੇਖਿਆ ਤੇ ਚਸ਼ਮਦੀਦਾਂ ਤੋਂ ਸਾਰਾ ਬਿਰਤਾਂਤ ਸੁਣਿਆ। ਉਸਨੇ ਵੀ ਇਸ ਘਟਨਾ ਤੇ ਦੁਖ ਪ੍ਰਗਟ ਕੀਤਾ ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਿੱਖਾਂ ਨੂੰ ਦੇ ਦਿੱਤਾ। ਸਾਰੇ ਸ਼ਹੀਦ ਸਿੰਘਾਂ ਦਾ ਗੁਰਮਤਿ ਮਰਿਆਦਾ ਅਨੁਸਾਰ ਅੰਤਮ ਸੰਸਕਾਰ ਕੀਤਾ ਗਿਆ।
ਗੁਰਪ੍ਰੀਤ ਸਿੰਘ ਨਿਆਮੀਆਂ
ਕਲਮ ਦੀ ਜੰਗ ਲੜਨ ਵਾਲੀ "ਕਲਮ-ਏ-ਅਲਫਾਜ਼" ਅੰਮ੍ਰਿਤਾ ਪ੍ਰੀਤਮ
NEXT STORY