ਸੰਗਰੂਰ (ਮੰਗਲਾ)-ਸਥਾਨਕ ਬੱਸ ਸਟੈਂਡ ’ਤੇ ਹਜ਼ਾਰਾਂ ਯਾਤਰੀ ਵੱਖ-ਵੱਖ ਸ਼ਹਿਰਾਂ, ਪਿੰਡਾਂ ਤੋਂ ਆਉਂਦੇ ਜਾਂਦੇ ਹਨ ਪਰ ਸਥਾਨਕ ਬੱਸ ਸਟੈਂਡ ’ਤੇ ਉਨ੍ਹਾਂ ਦਾ ਅਨੁਭਵ ਅਤਿ ਦੁਖਦ ਹੈ। ਯਾਤਰੀਆਂ ਦੇ ਵਫਦ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਸ਼ਹਿਰ ਦੇ ਬੱਸ ਸਟੈਂਡ ਦੀ ਤਰਸਯੋਗ ਹਾਲਤ ਦੇਖ ਕੇ ਉਨ੍ਹਾਂ ਨੂੰ ਵੀ ਸ਼ਰਮ ਆਉਂਦੀ ਹੈ ਪਰ ਪਤਾ ਨਹੀਂ ਨਗਰ ਕੌਂਸਲ ਅਧਿਕਾਰੀ ਆਪਣੀ ਜ਼ਿੰਮੇਵਾਰੀ ਨੂੰ ਕਦੋਂ ਸਮਝਣਗੇ। ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦਾ ਬੱਸ ਸਟੈਂਡ ਆਪਣੀ ਮੰਦਹਾਲੀ ਕਾਰਨ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣਿਆ ਹੋਇਆ ਹੈ। ਇਸ ਬੱਸ ਸਟੈਂਡ ਦੀ ਮੌਜੂਦਾ ਸਥਿਤੀ ਇਹ ਹੈ ਕਿ ਬੱਸ ਸਟੈਂਡ ਦਾ ਫਰਸ਼ ਬੁਰੀ ਤਰ੍ਹਾਂ ਨਾਲ ਟੁੱਟਿਆ ਹੋਇਆ ਹੈ ਅਤੇ ਖੱਡੇ ਬਣੇ ਹੋਏ ਹਨ। ਇਥੋ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣਾ ਹੈ। ਇਸ ਗੰਦੇ ਪਾਣੀ ਦੀ ਨਿਕਾਸੀ ਅਤੇ ਬੱਸ ਸਟੈਂਡ ਦੀ ਹਾਲਤ ਸੁਧਾਰਨ ਦੀ ਮੰਗ ਨੂੰ ਲੈ ਕੇ ਦੁਕਾਨਦਾਰ ਯੂਨੀਅਨ ਪ੍ਰਧਾਨ ਚਮਕੋਰ ਸਿੰਘ ਹਾਂਡਾ, ਸਕੱਤਰ ਕੁਲਬੀਰ ਸਿੰਘ, ਰਾਕੇਸ਼ ਕੁਮਾਰ, ਸੁਰਿੰਦਰ ਅਰੋਡ਼ਾ, ਰਮੇਸ਼ ਕੁਮਾਰ, ਭੂਸ਼ਣ ਕੁਮਾਰ, ਜੋਨੀ, ਪਵਨ ਕੁਮਾਰ, ਇੰਦਰ ਕੁਮਾਰ ਆਦਿ ਨੇ ਨਗਰ ਕੌਂਸਲ ਦੇ ਈ. ਓ. ਦੇ ਨਾਂ ’ਤੇ ਯਾਦ ਪੱਤਰ ਜਾਰੀ ਕਰਦੇ ਹੋਏ ਮੰਗ ਕੀਤੀ ਹੈ ਕਿ ਉਹ ਬੱਸ ਸਟੈਂਡ ਦੀ ਦਸ਼ਾ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਸਥਾਈ ਹੱਲ ਕਰਨ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨੂੰ ਸ਼ਹਿਰ ਦੇ ਬੱਸ ਸਟੈਂਡ ਤੋਂ ਹਰ ਸਾਲ ਲੱਖਾਂ ਦੀ ਆਮਦਨ ਹੁੰਦੀ ਹੈ ਪਰ ਇਸ ਦੇ ਬਾਵਜੂਦ ਇਸ ਦੀ ਦੇਖ-ਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਬੱਸ ਸਟੈਂਡ ’ਚ ਆਮ ਲੋਕਾਂ ਅਤੇ ਯਾਤਰੀਆਂ ਨੂੰ ਆ ਰਹੀਆਂ ਇਨ੍ਹਾਂ ਮੁਸ਼ਕਲਾਂ ਦਾ ਹੱਲ ਜਲਦੀ ਕੀਤਾ ਜਾਵੇ ਅਤੇ ਕਿਹਾ ਕਿ ਜੇਕਰ ਕੌਂਸਲ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਉਹ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ। ਇਸ ਬਾਰੇ ਈ. ਓ. ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਸਿਵਰੇਜ ਜਾਮ ਹੋਣ ਕਾਰਨ ਮੇਨ ਲਾਈਨ ਨੂੰ ਖੋਲ੍ਹ ਦਿੱਤਾ ਗਿਆ ਹੈ ਅਤੇ ਜਲਦੀ ਹੀ ਸਫਾਈ ਕਰਵਾ ਦਿੱਤੀ ਜਾਵੇਗੀ।
ਮਾਮਲਾ ਤਨਖ਼ਾਹਾਂ ਨਾ ਮਿਲਣ ਦਾ
NEXT STORY