ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਬਰਨਾਲਾ ਪੁਲਸ ਨੇ ਇਕ ਗੈਂਗਸਟਰ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਇਕ ਪਿਸਟਲ 32 ਬੋਰ ਸਮੇਤ 6 ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਤੇਜਪ੍ਰਤਾਪ ਸਿੰਘ ਫੂਲਕਾ, ਜ਼ਿਲਾ ਪੁਲਸ ਮੁਖੀ ਹਰਜੀਤ ਸਿੰਘ ਅਤੇ ਐੱਸ.ਪੀ. (ਡੀ) ਸੁਖਦੇਵ ਸਿੰਘ ਵਿਰਕ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਇੰਸਪੈਕਟਰ ਰਾਹੁਲ ਕੌਸਲ ਦੀ ਅਗਵਾਈ ਹੇਠ ਐੱਸ.ਆਈ. ਜਸਵੰਤ ਸਿੰਘ, ਏ.ਐੱਸ.ਆਈ. ਸਰੀਫ ਖਾਨ ਸਮੇਤ ਪੁਲਸ ਪਾਰਟੀ ਦੇ ਲਿੰਕ ਰੋਡ ਨੇਡ਼ੇ ਪੁਲ ਸੂਆ ਰੋਸ਼ਨ ਖੇਡ਼ਾ ਮੌਜੂਦ ਸੀ ਤਾਂ ਦੁਪਹਿਰ ਕਰੀਬ 3.45 ਵਜੇ ਸ਼ੱਕ ਦੇ ਆਧਾਰ ’ਤੇ ਹਰਦੀਪ ਸਿੰਘ ਉਰਫ ਦੀਪਾ ਗੈਂਗਸਟਰ ਪੁੱਤਰ ਚਮਕੌਰ ਸਿੰਘ ਵਾਸੀ ਮਹਿਲ ਕਲਾਂ ਜੋ ਜਸਪ੍ਰੀਤ ਸਿੰਘ ਜੱਸਾ ਪਿੰਡ ਬਿਲਾਸਪੁਰ ਗਰੁੱਪ ਨਾਲ ਸਬੰਧਤ ਹੈ, ਨੂੰ ਕਾਬੂ ਕਰ ਕੇ ਉਸ ਕੋਲੋਂ ਇਕ ਪਿਸਟਲ ਦੇਸੀ 32 ਬੋਰ, 6 ਕਾਰਤੂਸ ਜ਼ਿੰਦਾ ਬਰਾਮਦ ਕੀਤੇ। ਇਸ ਸਬੰਧੀ ਥਾਣਾ ਮਹਿਲ ਕਲਾਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰ ਕੇ 20 ਮਾਰਚ ਤੱਕ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਦੋਸ਼ੀ ਕੋਲੋਂ ਦੌਰਾਨ ਪੁਲਸ ਰਿਮਾਂਡ ਇਕ ਹੋਰ 9 ਐੱਮ.ਐੱਮ. ਪਿਸਟਲ ਦੇਸੀ, 2 ਕਾਰਤੂਸ 9 ਐੱਮ.ਐੱਸ. ਬਰਾਮਦ ਕੀਤਾ ਗਿਆ। ਦੋਸ਼ੀ ਨੇ ਇਹ ਹਥਿਆਰ ਆਪਣੇ ਕੋਲ ਰੱਖ ਕੇ ਕੀ ਵਾਰਦਾਤਾਂ ਕੀਤੀਆਂ ਅਤੇ ਇਸ ਨਾਲ ਹੋਰ ਕਿਹਡ਼ੇ ਸਾਥੀ ਸ਼ਾਮਿਲ ਹਨ ਅਤੇ ਜਿਸ ਬਾਰੇ ਦੋਸ਼ੀ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰ ਵਾਰਦਾਤਾਂ ਟਰੇਸ ਹੋ ਸਕਦੀਆਂ ਹਨ ਕਿਉਂਕਿ ਕਥਿਤ ਦੋਸ਼ੀ ਹਰਦੀਪ ਸਿੰਘ ਉਰਫ ਦੀਪਾ ਖਿਲਾਫ ਪਹਿਲਾਂ ਵੀ ਕਤਲ, ਡਕੈਤੀ, ਲੁੱਟ-ਖੋਹ, ਇਰਾਦਾ ਕਤਲ, ਲਡ਼ਾਈ ਝਗਡ਼ਾ ਅਤੇ ਪੁਲਸ ਹਿਰਾਸਤ ’ਚੋਂ ਭਗੌਡ਼ਾ ਹੋਣ ਦੇ ਵੱਖ-ਵੱਖ ਥਾਣਿਆਂ ’ਚ ਕਰੀਬ 19 ਮੁਕੱਦਮੇ ਦਰਜ ਹਨ। ਦੋਸ਼ੀ ਦੇ ਭਰਾ ਜਗਜੀਤ ਸਿੰਘ ਉਰਫ ਜੀਤ ’ਤੇ ਵੀ ਪਹਿਲਾਂ ਇਕ ਐੱਨ.ਡੀ.ਪੀ.ਐੱਸ. ਐਕਟ ਦਾ ਮੁਕੱਦਮਾ ਦਰਜ ਹੈ। ਇਸ ਦੇ ਇਕ ਸਾਥੀ ਬੂਟਾ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮਹਿਲ ਕਲਾਂ ਕੋਲੋਂ ਬਰਨਾਲਾ ਪੁਲਸ ਨੇ 2 ਅਣਅਧਿਕਾਰਤ ਅਸਲੇ ਵੀ ਬਰਾਮਦ ਕਰਵਾਏ ਸਨ, ਜਿਸ ਸਬੰਧ ’ਚ ਮੁਕੱਦਮਾ ਥਾਣਾ ਮਹਿਲ ਕਲਾਂ ਦਰਜ ਕੀਤਾ ਗਿਆ ਸੀ। ਇਸ ਦਾ ਇਕ ਹੋਰ ਸਾਥੀ ਗੁਰਦੀਪ ਸਿੰਘ ਮਾਨਾ ਗੈਂਗਸਟਰ ਵਾਰਦਾਤਾਂ ’ਚ ਸ਼ਾਮਿਲ ਰਿਹਾ ਹੈ, ਜੋ ਹੁਣ ਨਾਭੇ ਜੇਲ ’ਚ ਬੰਦ ਹੈ। ਇਸ ਦੇ ਸਬੰਧ ਰਿੰਕੂ ਬੀਹਲਾ ਨਾਂ ਦੇ ਗੈਂਗਸਟਰ ਨਾਲ ਵੀ ਦੱਸੇ ਗਏ ਹਨ ਜੋ ਕਿ ਕੈਨੇਡਾ ਵਿਖੇ ਰਹਿ ਰਿਹਾ ਹੈ। ਦੋਸ਼ੀ ਹਰਦੀਪ ਸਿੰਘ ਦੀਪਾ 4 ਸਾਲ ਜੇਲ ’ਚ ਰਹਿਣ ਤੋਂ ਬਾਅਦ 6 ਮਹੀਨੇ ਪਹਿਲਾਂ ਹੀ ਘਰ ਵਾਪਸ ਆਇਆ ਸੀ। ਇਸ ਨੂੰ ਇਹ ਹਥਿਆਰ ਧਰਮਿੰਦਰ ਗੁਗਨੀ ਨਾਮ ਦੇ ਵਿਅਕਤੀ ਨੇ ਮੁਹੱਈਆ ਕਰਵਾਏ ਸਨ ਜੋ ਇਹ ਹਥਿਆਰ ਇਸ ਗੈਂਗਸਟਰ ਨੇ ਨਵੀਂ ਧਡ਼ੇਬੰਦੀ ਤੇ ਵਾਰਦਾਤਾਂ ਕਰਨ ਲਈ ਲਿਆਂਦੇ ਸਨ। ਇਸ ਮੁਕੱਦਮੇ ਸਬੰਧੀ ਤਫਤੀਸ਼ ਜਾਰੀ ਹੈ। ਕਿਹਡ਼ੇ-ਕਿਹਡ਼ੇ ਮੁਕੱਦਮੇ ਹਨ ਦਰਜ ਐੱਸ.ਪੀ.ਡੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਕਥਿਤ ਦੋਸ਼ੀ ’ਤੇ ਕੁਲ 19 ਮੁਕਦਮੇ ਦਰਜ ਹਨ, ਜਿਨ੍ਹਾਂ ’ਚੋਂ 1 ਮੁਕੱਦਮਾ ਕਤਲ ਦਾ ਅਤੇ 6 ਮੁੱਕਦਮੇ ਇਰਾਦਾ ਕਤਲ ਦੇ ਹਨ। ਉਨ੍ਹਾਂ ਦੱਸਿਆ ਕਿ ਇਸ ’ਤੇ ਪਹਿਲਾ ਕੇਸ ਕਰੀਬ ਸਾਢੇ 12 ਸਾਲ ਪਹਿਲਾਂ 2006 ਵਿਚ ਥਾਣਾ ਰਾਏਕੋਟ ਵਿਖੇ, ਦੂਜਾ ਪਰਚਾ 2006 ਵਿਚ ਹੀ ਮਹਿਲ ਕਲਾਂ ਵਿਖੇ, ਫਿਰ ਇਰਾਦਾ ਕਤਲ ਦਾ ਕੇਸ 2009 ’ਚ ਜਗਰਾਓਂ ਵਿਖੇ, ਇਰਾਦਾ ਕਤਲ ਕੇਸ 2008 ਵਿਚ ਮਹਿਲ ਕਲਾਂ ਵਿਖੇ,ਐੱਨ.ਡੀ.ਡੀ.ਐੱਸ. ਐਕਟ ਦਾ ਕੇਸ 2009 ਨੂੰ ਥਾਣਾ ਰਾਏਕੋਟ ਵਿਖੇ,ਇਰਾਦਾ ਕਤਲ ਦਾ ਕੇਸ 2009 ਵਿਚ ਮਹਿਲਕਲਾਂ ਵਿਖੇ,ਕੁੱਟ-ਮਾਰ ਦਾ ਕੇਸ 2009 ਨੂੰ ਥਾਣਾ ਸਦਰ ਜਗਰਾਓਂ ਵਿਖੇ, ਇਰਾਦਾ ਕਤਲ ਦਾ ਕੇਸ 2009 ਨੂੰ ਸਿਟੀ ਬਰਨਾਲਾ ਵਿਖੇ, ਕਤਲ ਦਾ ਕੇਸ 2010 ਨੂੰ ਥਾਣਾ ਜਗਰਾਓਂ ਵਿਖੇ,ਇਰਾਦਾ ਕਤਲ ਦਾ ਕੇਸ 2010 ਨੂੰ ਥਾਣਾ ਸ਼ੇਰਪੁਰ ਵਿਖੇ,ਇਰਾਦਾ ਕਤਲ ਦਾ ਕੇਸ 2012 ਨੂੰ ਸਿਟੀ ਬਠਿੰਡਾ ਵਿਖੇ ਦਰਜ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਸੀ ਕਲਾਸ ਦਾ ਗੈਂਗਸਟਰ ਹੈ।
80 ਬੋਤਲਾਂ ਸ਼ਰਾਬ ਸਮੇਤ ਗ੍ਰਿਫਤਾਰ
NEXT STORY