ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) - 31 ਮਾਰਚ 2019 ਨੂੰ ਸਥਾਨਕ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਕਰਵਾਈ ਜਾ ਰਹੀ ‘ਵੋਟਰ ਜਾਗਰੂਕਤਾ ਮੈਰਾਥਨ’ ’ਚ ਜ਼ਿਲਾ ਵਾਸੀਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ’ਚ ਭਾਗ ਲੈਣ ਲਈ 1,285 ਲੋਕਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਮੈਰਾਥਨ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਬਰਨਾਲਾ ਵਾਸੀਆਂ ਨੂੰ ਤੰਦਰੁਸਤ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ 19 ਮਈ ਨੂੰ ਪੰਜਾਬ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਭਾਗ ਲੈਣ ਲਈ ਉਤਸ਼ਾਹਤ ਕਰਨ ਦੇ ਮਕਸਦ ਨਾਲ ਇਹ ਮੈਰਾਥਨ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੈਰਾਥਨ ਦੀ ਸ਼ੁਰੂਆਤ 31 ਮਾਰਚ ਨੂੰ ਸਵੇਰੇ 6 ਵਜੇ ਹੋਵੇਗੀ ਜਿਸ ਤਹਿਤ 10 ਕਿਲੋਮੀਟਰ ਅਤੇ 5 ਕਿਲੋਮੀਟਰ ਦੀ ਦੌਡ਼ ਅਤੇ ਬਜ਼ੁਰਗਾਂ ਲਈ 5 ਕਿਲੋਮੀਟਰ ਦੀ ਪੈਦਲ ਦੌਡ਼ ਹੋਵੇਗੀ। ਉਨ੍ਹਾਂ ਦੱਸਿਆ ਕਿ ਹਰ ਵਰਗ ਦੇ ਜੇਤੂਆਂ ਨੂੰ ਕ੍ਰਮਵਾਰ 3100, 2100 ਅਤੇ 1100 ਰੁਪਏ ਦੀ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਾਰੇ ਭਾਗ ਲੈਣ ਵਾਲਿਆਂ ਨੂੰ ਵੋਟ ਪਾਉਣ ਦਾ ਸੁਨੇਹਾ ਦਿੰਦੀਆਂ ਟੀ-ਸ਼ਰਟਾਂ ਵੀ ਵੰਡੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 5 ਕਿਲੋਮੀਟਰ ਦੀ ਦੌਡ਼ ਲਈ ਦੌਡ਼ਾਕ ਸਟੇਡੀਅਮ ਤੋਂ ਸ਼ੁਰੂਆਤ ਕਰ ਕੇ ਠੀਕਰੀਵਾਲ ਰੋਡ ਹੁੰਦੇ ਹੋਏ ਏਅਰ ਫੋਰਸ ਸਟੇਸ਼ਨ ਨੂੰ ਜੋਡ਼ਦੀ ਸਡ਼ਕ ਤੋਂ ਵਾਪਸ ਸਟੇਡੀਅਮ ਪੁੱਜਣਗੇ ਅਤੇ 10 ਕਿਲੋਮੀਟਰ ’ਚ ਭਾਗ ਲੈਣ ਵਾਲੇ ਦੌਡ਼ਾਕ ਸਟੇਡੀਅਮ ਤੋਂ ਨਾਈਵਾਲਾ ਰੋਡ ’ਤੇ 5 ਕਿਲੋਮੀਟਰ ਅੱਗੇ ਜਾ ਕੇ ਵਾਪਸ ਸਟੇਡੀਅਮ ਆਉਣਗੇ। ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਤੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਉਹ ਵੀ ਵੱਧ ਚਡ਼੍ਹ ਕੇ ਇਸ ਦੌਡ਼ ’ਚ ਭਾਗ ਲੈਣ। ਉਨ੍ਹਾਂ ਕਿਹਾ ਕਿ ਇਸ ਮੈਰਾਥਨ ’ਚ ਭਾਗ ਲੈਣ ਦੇ ਚਾਹਵਾਨ ਸਟੇਡੀਅਮ ਵਿਚਲੇ ਖੇਡ ਵਿਭਾਗ ਦੇ ਦਫ਼ਤਰ ਤੋਂ ਫਾਰਮ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 78374-62361 ਜਾਂ 95924-97820 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਮੈਡਮ ਰੂਹੀ ਦੁੱਗ, ਐੱਸ. ਡੀ. ਐੱਮ. ਸੰਦੀਪ ਕੁਮਾਰ, ਸਹਾਇਕ ਕਮਿਸ਼ਨਰ ਡਾ. ਕਰਮਜੀਤ ਸਿੰਘ, ਕਾਰਜ ਸਾਧਕ ਅਫ਼ਸਰ ਬਰਨਾਲਾ ਪਰਵਿੰਦਰ ਸਿੰਘ ਭੱਟੀ, ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਰਾਜਵੰਤ ਕੌਰ, ਤਹਿਸੀਲਦਾਰ ਬਰਨਾਲਾ ਹਰਬੰਸ ਸਿੰਘ, ਉਪ ਜ਼ਿਲਾ ਸਿੱਖਿਆ ਅਫ਼ਸਰ ਰਾਜਮਹਿੰਦਰ ਕੌਰ, ਕੋਚ ਜਸਪ੍ਰੀਤ ਸਿੰਘ ਅਤੇ ਕੋਚ ਗੁਰਵਿੰਦਰ ਕੌਰ ਵੀ ਹਾਜ਼ਰ ਸਨ।
ਨਹਾਉਣ ਆਈ ਔਰਤ ਦੀ ਨਹਿਰ ’ਚ ਡੁੱਬਣ ਨਾਲ ਮੌਤ
NEXT STORY