ਗੁਰਦਾਸਪੁਰ, (ਜ. ਬ.)- ਗੁਰਦਾਸਪੁਰ ਬਲਾਕ ਦੇ ਪਿੰਡ ਸਿਰਕੀਆਂ ਵਿਚ ਪੇਂਡੂ ਮਜ਼ਦੂਰਾਂ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਅਲਾਟ ਕੀਤੇ ਗਏ ਪੰਚਾਇਤੀ ਜ਼ਮੀਨ 'ਚੋਂ ਰਿਹਾਇਸ਼ੀ ਪਲਾਟਾਂ, ਜਿਨ੍ਹਾਂ ਉਪਰ ਅਲਾਟੀਆਂ ਦਾ ਕਾਫੀ ਸਮੇਂ ਤੋਂ ਕਬਜ਼ਾ ਹੈ ਅਤੇ ਇਸ ਸਬੰਧੀ ਅਦਾਲਤ 'ਚੋਂ ਵੀ ਮਜ਼ਦੂਰ ਕੇਸ ਜਿੱਤ ਚੁੱਕੇ ਹਨ। ਉਸ ਦੇ ਬਾਵਜੂਦ ਹੁਣ ਸਰਪੰਚ ਵੱਲੋਂ ਪਲਾਟ ਅਲਾਟੀਆਂ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾ ਰਿਹਾ ਹੈ। ਬੀਤੇ ਦਿਨੀਂ ਵੀ ਇਕ ਪਲਾਟ ਅਲਾਟੀ ਨੂੰ ਸਰਪੰਚ ਦੇ ਪਿਤਾ ਵੱਲੋਂ ਕੁੱਟ-ਮਾਰ ਕਰ ਕੇ ਗੰਭੀਰ ਜ਼ਖ਼ਮੀ ਕੀਤਾ ਗਿਆ।
ਇਸ ਸਬੰਧੀ ਜ਼ਖ਼ਮੀ ਤਰਸੇਮ ਲਾਲ ਪੁੱਤਰ ਸ਼ੰਕਰ ਦਾਸ ਨੇ ਦੱਸਿਆ ਕਿ ਉਸ ਨੂੰ ਪਿੰਡ ਵਿਚ ਪਲਾਟ ਅਲਾਟ ਹੋਇਆ ਹੈ। ਮੈਂ 15 ਫਰਵਰੀ ਨੂੰ ਜਦ ਕਰੀਬ 10 ਵਜੇ ਸਵੇਰੇ ਗੁਰਦਾਸਪੁਰ ਤੋਂ ਸਕੂਟਰੀ ਉਪਰ ਪਿੰਡ ਸਿਰਕੀਆਂ ਘਰ ਨੂੰ ਆ ਰਿਹਾ ਸੀ ਤਾਂ ਸਰਪੰਚ ਅਤੇ ਉਸ ਦੇ ਪਿਤਾ ਨੇ ਰਸਤੇ ਵਿਚ ਘੇਰ ਕੇ ਬੁਰੀ ਤਰ੍ਹਾਂ ਕੁੱਟਿਆ ਤੇ ਗਾਲ੍ਹਾਂ ਕੱਢੀਆਂ ਤੇ ਕਿਹਾ ਕਿ ਭਾਵੇਂ ਤੁਸੀਂ ਪਲਾਟਾਂ ਦਾ ਕੇਸ ਅਦਾਲਤ 'ਚੋਂ ਜਿੱਤ ਲਿਆ ਹੈ ਪਰ ਤੁਹਾਨੂੰ ਜ਼ੋਰ-ਜ਼ਬਰਦਸਤੀ ਨਾਲ ਪਲਾਟਾਂ 'ਚੋਂ ਕੱਢ ਦਿਆਂਗਾ। ਉਸ ਨੇ ਦੱਸਿਆ ਕਿ ਉਸ ਨੇ ਹਸਪਤਾਲ 'ਚੋਂ ਮੈਡੀਕਲ ਕਰਵਾ ਕੇ ਪੁਰਾਣਾ ਸ਼ਾਲਾ ਥਾਣੇ ਵਿਚ ਰਿਪੋਰਟ ਕੀਤੀ ਹੋਈ ਹੈ ਪਰ ਪੁਲਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਕਾਰਵਾਈ ਨਾ ਹੋਈ ਤਾਂ ਥਾਣੇ ਅੱਗੇ ਧਰਨਾ ਦਿੱਤਾ ਜਾਵੇਗਾ : ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਇਫਟੂ ਦੇ ਸੂਬਾ ਮੀਤ ਪ੍ਰਧਾਨ ਰਮੇਸ਼ ਰਾਣਾ ਅਤੇ ਜ਼ਿਲਾ ਆਗੂ ਸਰਵਨ ਸਿੰਘ ਭੋਲਾ ਨੇ ਪਿੰਡ ਸਿਰਕੀਆਂ ਵਿਚ ਉਕਤ ਥਾਂ ਦਾ ਮੌਕਾ ਵੇਖ ਕੇ ਅਤੇ ਪਿੰਡ ਵਾਸੀਆਂ ਤੋਂ ਪੜਤਾਲ ਕਰ ਕੇ ਕਿਹਾ ਕਿ ਸਰਪੰਚ ਨੇ ਇਹ ਸਾਰੀ ਕਾਰਵਾਈ ਮਜ਼ਦੂਰਾਂ ਉਪਰ ਦਹਿਸ਼ਤ ਪਾ ਕੇ ਪਲਾਟਾਂ 'ਚੋਂ ਬੇਦਖ਼ਲ ਕਰਨ ਦੇ ਮਨਸ਼ੇ ਨਾਲ ਕੀਤੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪੁਲਸ ਨੇ ਇਕ ਹਫ਼ਤੇ ਵਿਚ ਬਣਦੀਆਂ ਧਾਰਾਵਾਂ ਤਹਿਤ ਦੋਸ਼ੀਆਂ ਉਪਰ ਪਰਚਾ ਦਰਜ ਕਰ ਕੇ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਦੀਆਂ ਜਥੇਬੰਦੀਆਂ ਵੱਲੋਂ ਥਾਣੇ ਅੱਗੇ ਧਰਨਾ ਲਾਇਆ ਜਾਵੇਗਾ।
ਕੀ ਕਹਿਣਾ ਹੈ ਪੁਰਾਣਾ ਸ਼ਾਲਾ ਦੇ ਥਾਣਾ ਮੁਖੀ ਦਾ
ਇਸ ਸਬੰਧੀ ਪੁਰਾਣਾ ਸ਼ਾਲਾ ਦੇ ਇੰਚਾਰਜ ਵਿਸ਼ਵਾਨਾਥ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਰਸੇਮ ਲਾਲ ਦਾ ਝਗੜਾ ਸਰਪੰਚ ਨਾਲ ਨਹੀਂ ਬਲਕਿ ਉਸ ਦੇ ਪਿਤਾ ਅਰੂੜ ਸਿੰਘ ਨਾਲ ਹੋਇਆ ਹੈ। ਇਨ੍ਹਾਂ ਦੋਵਾਂ ਦਾ ਝਗੜਾ ਪੰਚਾਇਤੀ ਜ਼ਮੀਨ ਨੂੰ ਲੈ ਕੇ ਹੈ ਅਤੇ ਇਸ ਸਬੰਧੀ ਅਦਾਲਤ ਵਿਚ ਅਜੇ ਵੀ ਕੇਸ ਚੱਲ ਰਿਹਾ ਹੈ। ਇਨ੍ਹਾਂ ਦੋਵਾਂ ਵੱਲੋਂ ਦਰਖਾਸਤਾਂ ਦਿੱਤੀਆਂ ਗਈਆਂ ਹਨ। ਅਸੀਂ ਦੋਵਾਂ ਨੂੰ ਥਾਣੇ ਵਿਚ ਬੁਲਾਇਆ ਸੀ ਪਰ ਕਾਫੀ ਦਿਨਾਂ ਤੋਂ ਸਰਪੰਚ ਦਾ ਪਰਿਵਾਰ ਥਾਣੇ ਵਿਚ ਆ ਰਿਹਾ ਹੈ ਪਰ ਤਰਸੇਮ ਲਾਲ ਬੁਲਾਉਣ ਦੇ ਬਾਵਜੂਦ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਧਿਰਾਂ ਥਾਣੇ 'ਚ ਨਹੀਂ ਆਉਦੀਆਂ ਤਾਂ ਫਿਰ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਸਫਾਈ ਸੇਵਕਾਂ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ
NEXT STORY