ਮੋਗਾ, (ਅਜ਼ਾਦ)- ਅੰਮ੍ਰਿਤਸਰ ਰੋਡ ਮੋਗਾ ਵਿਖੇ ਸਥਿਤ ਸੈਟਿਨ ਨੈੱਟਵਰਕ ਕ੍ਰੈਡਿਟ ਕੇਅਰ ਦੀ ਬ੍ਰਾਂਚ 'ਚ ਕੰਮ ਕਰਦੇ ਬ੍ਰਾਂਚ ਮੈਨੇਜਰ ਵੱਲੋਂ ਆਪਣੇ ਦੂਸਰੇ ਸਾਥੀਆਂ ਦੀ ਮਿਲੀਭੁਗਤ ਨਾਲ ਲਾਕਰ ਤੋੜ ਕੇ 8 ਲੱਖ 25 ਹਜ਼ਾਰ ਰੁਪਏ ਦੀ ਕਥਿਤ ਤੌਰ 'ਤੇ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਅਤਰ ਸਿੰਘ ਨਿਵਾਸੀ ਚੰਡੀਗੜ੍ਹ ਰੋਡ ਲੁਧਿਆਣਾ ਨੇ ਕਿਹਾ ਕਿ ਉਹ ਉਕਤ ਕੰਪਨੀ 'ਚ ਬਤੌਰ ਜ਼ੋਨਲ ਮੈਨੇਜਰ ਪੰਜਾਬ ਤਾਇਨਾਤ ਹੈ। ਸਾਡੀ ਇਕ ਬ੍ਰਾਂਚ ਅੰਮ੍ਰਿਤਸਰ ਰੋਡ ਮੋਗਾ ਵਿਖੇ ਹੈ। ਅਸੀਂ ਲੋਕਾਂ ਨੂੰ ਕੰਮ ਕਰਨ ਲਈ ਕਰਜ਼ੇ ਦਿੰਦੇ ਹਾਂ ਅਤੇ ਕੰਪਨੀ 'ਚ ਤਾਇਨਾਤ ਮੁਲਾਜ਼ਮ ਦਿੱਤੇ ਕਰਜ਼ੇ ਦੀਆਂ ਕਿਸ਼ਤਾਂ ਇਕੱਠੀਆਂ ਕਰ ਕੇ ਜਮ੍ਹਾ ਕਰਵਾਉਂਦੇ ਹਨ, ਉਕਤ ਕੰਪਨੀ 'ਚ ਬਲਜਿੰਦਰ ਸਿੰਘ ਮੈਨੇਜਰ ਤਾਇਨਾਤ ਹੈ, ਜਦਕਿ ਨੀਰਜ, ਸੁਖਵਿੰਦਰ, ਧਰਮਵੀਰ, ਜਸਵੰਤ, ਸੋਨੂੰ (ਸੀ. ਐੱਸ. ਓ.), ਰਮਨ ਟੀ. ਐੱਮ. ਵਜੋਂ ਕੰਮ ਕਰਦੇ ਹਨ। ਮੈਨੂੰ 5 ਦਸੰਬਰ ਨੂੰ ਮੁਕੇਸ਼ ਕੁਮਾਰ ਰੀਜਨਲ ਮੈਨੇਜਰ ਜਲੰਧਰ ਨੇ ਫੋਨ 'ਤੇ ਸੂਚਿਤ ਕੀਤਾ ਕਿ ਮੋਗਾ ਵਾਲੀ ਬ੍ਰਾਂਚ 'ਚੋਂ ਰਮਨ ਕੁਮਾਰ ਟੀ. ਐੱਮ. ਦਾ ਫੋਨ ਆਇਆ ਸੀ ਕਿ ਰਮਨ ਨੇ ਆਪਣੇ ਪੱਧਰ 'ਤੇ ਕਰਮਚਾਰੀਆਂ ਦੇ ਸਾਹਮਣੇ ਚਾਬੀ ਗੁੰਮ ਹੋਣ ਕਾਰਨ ਲਾਕਰ ਤੋੜ ਕੇ ਪੈਸੇ ਚੈੱਕ ਕੀਤੇ ਤਾਂ ਉਸ 'ਚ 8 ਲੱਖ 25 ਹਜ਼ਾਰ ਰੁਪਏ ਘੱਟ ਸਨ। ਜਦੋਂ ਮੈਂ ਡਿਪਟੀ ਸੀ. ਓ. ਅਨਿਲ ਕੁਆਤਰਾ ਨੂੰ ਨਾਲ ਲੈ ਕੇ 6 ਦਸੰਬਰ ਨੂੰ ਮੋਗਾ ਵਾਲੀ ਬ੍ਰਾਂਚ 'ਚ ਪੁੱਜਾ ਤਾਂ ਲਾਕਰ ਟੁੱਟਾ ਹੋਇਆ ਸੀ। ਮੈਨੂੰ ਯਕੀਨ ਹੈ ਕਿ ਮੁਲਾਜ਼ਮਾਂ ਨੇ ਕਥਿਤ ਮਿਲੀਭੁਗਤ ਕਰ ਕੇ ਪੈਸੇ ਚੋਰੀ ਕਰ ਲਏ ਹਨ ਅਤੇ ਕੰਪਨੀ ਨੂੰ 8 ਲੱਖ 25 ਹਜ਼ਾਰ ਰੁਪਏ ਦਾ ਚੂਨਾ ਲਾਇਆ ਹੈ।
ਕਾਰੋਬਾਰ ਲਈ ਦਿੰਦੇ ਹਨ ਕਰਜ਼ਾ
ਜਾਣਕਾਰੀ ਅਨੁਸਾਰ ਸੈਟਿਨ ਨੈੱਟਵਰਕ ਮੋਗਾ ਜ਼ਿਲੇ ਅੰਦਰ ਗਰੀਬ ਪਰਿਵਾਰਾਂ ਨਾਲ ਸਬੰਧਤ ਔਰਤਾਂ ਦੇ ਗਰੁੱਪ ਬਣਾ ਕੇ ਉਨ੍ਹਾਂ ਨੂੰ ਮੱਝਾਂ, ਕਰਿਆਨਾ ਕਾਰੋਬਾਰ, ਕੱਪੜੇ ਦਾ ਕਾਰੋਬਾਰ ਅਤੇ ਹੋਰ ਕਈ ਕਾਰੋਬਾਰਾਂ ਲਈ ਕਰਜ਼ੇ ਮੁਹੱਈਆ ਕਰਦੀ ਹੈ ਤਾਂ ਕਿ ਉਹ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਸਕਣ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਣ। ਇਸ ਤੋਂ ਇਲਾਵਾ ਉਕਤ ਕੰਪਨੀ ਹੋਰ ਦੁਕਾਨਦਾਰਾਂ ਨੂੰ ਵੀ ਕਾਰੋਬਾਰ ਲਈ ਕਰਜ਼ੇ ਦੇਣ ਦਾ ਕੰਮ ਕਰਦੀ ਹੈ ਅਤੇ ਕੰਪਨੀ ਕਰਮਚਾਰੀ ਉਨ੍ਹਾਂ ਕੋਲੋਂ ਹਰ ਹਫਤੇ ਕਿਸ਼ਤਾਂ ਇਕੱਠੀਆਂ ਕਰ ਕੇ ਕੰਪਨੀ ਦੇ ਅੰਮ੍ਰਿਤਸਰ ਰੋਡ 'ਤੇ ਸਥਿਤ ਦਫਤਰ 'ਚ ਜਮ੍ਹਾ ਕਰਵਾਉਂਦੇ ਹਨ।
ਕੀ ਹੋਈ ਪੁਲਸ ਕਾਰਵਾਈ
ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਢਲੀ ਜਾਂਚ ਦੇ ਬਾਅਦ ਬਲਜਿੰਦਰ ਸਿੰਘ ਬ੍ਰਾਂਚ ਮੈਨੇਜਰ, ਨੀਰਜ, ਸੁਖਵਿੰਦਰ, ਧਰਮਵੀਰ, ਜਸਵੰਤ, ਸੋਨੂੰ (ਸੀ. ਐੱਸ. ਓ.), ਰਮਨ ਟੀ. ਐੱਮ. ਖਿਲਾਫ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।
ਠੰਡ ਨਾਲ ਬੇਸਹਾਰਾ ਵਿਅਕਤੀ ਦੀ ਮੌਤ
NEXT STORY