ਲੁਧਿਆਣਾ(ਹਿਤੇਸ਼) - ਪਾਰਕਿੰਗ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਹਾਈਕੋਰਟ ਦੇ ਹੁਕਮਾਂ 'ਤੇ ਕੀਤੀ ਗਈ ਸੀਲਿੰਗ ਤੋੜਨ ਬਾਰੇ 'ਜਗ ਬਾਣੀ' ਵਿਚ ਖੁਲਾਸਾ ਹੋਣ ਤੋਂ ਬਾਅਦ ਹਰਕਤ ਵਿਚ ਆਏ ਨਗਰ ਨਿਗਮ ਅਫਸਰਾਂ ਨੇ ਸ਼ਨੀਵਾਰ ਸਵੇਰੇ ਖੁੱਲ੍ਹਣ ਤੋਂ ਪਹਿਲਾਂ ਹੀ ਮਾਲ ਰੋਡ ਸਥਿਤ ਸ਼ੂਜ਼ ਦੇ ਸ਼ੋਅਰੂਮ 'ਤੇ ਫਿਰ ਤਾਲਾ ਲਾ ਦਿੱਤਾ। ਇਥੇ ਦੱਸਣਾ ਉਚਿਤ ਹੋਵੇਗਾ ਕਿ ਅਦਾਲਤ ਅਤੇ ਸਰਕਾਰ ਵੱਲੋਂ 2013 ਵਿਚ ਜਾਰੀ ਹੁਕਮਾਂ ਦੇ ਬਾਵਜੂਦ 4 ਸਾਲ ਤੱਕ ਪਾਰਕਿੰਗ ਨਿਯਮਾਂ ਦੀ ਉਲੰਘਣਾ ਨਾਲ ਸਬੰਧਿਤ 85 ਬਿਲਡਿੰਗਾਂ ਦਾ ਬਚਾਅ ਕਰਨ ਵਾਲੇ ਅਫਸਰਾਂ ਨੇ ਹੁਣ ਜਾ ਕੇ ਅਵਮਾਨਣਾ ਨੋਟਿਸ ਲੱਗਣ 'ਤੇ ਕਾਰਵਾਈ ਸ਼ੁਰੂ ਕੀਤੀ ਹੈ ਜਿਨ੍ਹਾਂ ਵਿਚੋਂ ਵੀ ਕੁਝ ਕੁ ਕੰਪਲੈਕਸਾਂ 'ਤੇ ਹੀ ਸੀਲਿੰਗ ਹੋਈ ਹੈ ਅਤੇ ਜ਼ਿਆਦਾਤਰ ਇਮਾਰਤਾਂ ਨੂੰ ਮਿਲੀਭੁਗਤ ਕਾਰਨ ਚੋਰ ਰਸਤੇ ਛੋਟ ਦੇਣ ਦੀ ਕਵਾਇਦ ਚੱਲ ਰਹੀ ਹੈ।
ਇਸ ਦੌਰਾਨ ਕੁਝ ਕੰਪਲੈਕਸਾਂ ਵਿਚ ਸੀਲਿੰਗ ਹੋਣ ਦੇ ਬਾਵਜੂਦ ਦੁਬਾਰਾ ਸ਼ਟਰ ਖੋਲ੍ਹ ਕੇ ਕੰਮ ਸ਼ੁਰੂ ਹੋ ਗਿਆ, ਜਿਸ ਬਾਰੇ ਨਿਗਮ ਦੀ ਨੀਂਦ ਸ਼ਿਕਾਇਤ ਮਿਲਣ 'ਤੇ ਖੁੱਲ੍ਹੀ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਲਿੰਗ ਖੁੱਲ੍ਹਵਾਉਣ ਪਿੱਛੇ ਅਫਸਰਾਂ ਦੀ ਮਿਲੀਭੁਗਤ ਰਹੀ ਹੈ ਪਰ ਕੋਈ ਆਫਿਸ ਰਿਪੋਰਟ ਜਾਂ ਕਮਿਸ਼ਨਰ ਦੀ ਮਨਜ਼ੂਰੀ ਨਾ ਮਿਲਣ ਦਾ ਹਵਾਲਾ ਦਿੰਦਿਆਂ ਇਮਾਰਤੀ ਸ਼ਾਖਾ ਨੇ ਪੱਲਾ ਝਾੜ ਕੇ ਕੰਪਲੈਕਸ ਮਾਲਕਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ। ਇਸ ਸਬੰਧੀ 'ਜਗ ਬਾਣੀ' ਵੱਲੋਂ ਪੋਲ ਖੋਲ੍ਹਣ 'ਤੇ ਜ਼ੋਨ-ਡੀ ਦੀ ਇਮਾਰਤੀ ਸ਼ਾਖਾ ਦੇ ਸਟਾਫ ਨੇ ਸਵੇਰੇ ਮਾਲ ਰੋਡ 'ਤੇ ਧਾਵਾ ਬੋਲਿਆ। ਜਿਥੇ ਪਹਿਲਾਂ ਲੱਗੀ ਸੀਲ ਤੋੜ ਕੇ ਕੰਮ ਸ਼ੁਰੂ ਕਰਨ ਵਾਲੇ ਇਕ ਪ੍ਰਮੁੱਖ ਸ਼ੂਜ਼ ਕੰਪਨੀ ਦੇ ਸ਼ੋਅਰੂਮ ਨੂੰ ਖੁੱਲ੍ਹਣ ਤੋਂ ਪਹਿਲਾਂ ਹੀ ਦੁਬਾਰਾ ਤਾਲੇ ਲਾ ਦਿੱਤੇ ਗਏ। ਅਜਿਹੀ ਹੀ ਕਾਰਵਾਈ ਹੰਬੜਾਂ ਰੋਡ ਸਥਿਤ ਇਕ ਹੋਰ ਕੰਪਲੈਕਸ 'ਤੇ ਵੀ ਕੀਤੀ ਗਈ ਹੈ, ਜਿਸ ਦੇ ਮਾਲਕਾਂ ਨੇ ਆਪ ਹੀ ਸੀਲ ਤੋੜ ਕੇ ਕੰਮ ਸ਼ੁਰੂ ਕਰ ਦਿੱਤਾ ਸੀ।
ਬਿਨਾਂ ਮਨਜ਼ੂਰੀ ਦੇ ਬਣ ਰਹੀ ਕਾਲੋਨੀ ਤੋਂ ਇਲਾਵਾ ਦੋ ਨਾਜਾਇਜ਼ ਉਸਾਰੀਆਂ 'ਤੇ ਚੱਲਿਆ ਬੁੱਲਡੋਜ਼ਰ
ਸ਼ਨੀਵਾਰ ਦੀ ਕਾਰਵਾਈ ਦੌਰਾਨ ਨਿਗਮ ਟੀਮ ਨੇ ਕਰਨੈਲ ਸਿੰਘ ਨਗਰ ਮੇਨ ਰੋਡ 'ਤੇ ਏਲੇ ਗ੍ਰੀਨ ਨਾਂ ਨਾਲ ਬਣ ਰਹੀ ਕਾਲੋਨੀ 'ਤੇ ਬੁੱਲਡੋਜ਼ਰ ਚਲਾ ਦਿੱਤਾ, ਜਿਸ ਦੀ ਨਗਰ ਨਿਗਮ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ। ਜਿਥੇ ਬਣੀਆਂ ਕੰਧਾਂ ਅਤੇ ਮਿੱਟੀ ਪਾ ਕੇ ਬਣਾਈ ਜਾ ਰਹੀ ਸੜਕ ਨੂੰ ਤੋੜ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਿਕਾਇਤ ਦੇ ਆਧਾਰ 'ਤੇ ਮਾਡਲ ਟਾਊਨ ਮਾਰਕੀਟ ਦੇ ਕੋਲ ਬਣ ਰਹੀ ਇਮਾਰਤ 'ਤੇ ਕਾਰਵਾਈ ਕੀਤੀ ਗਈ। ਫਰੰਟ ਹਾਊਸ ਲੇਨ ਵਿਚ ਬਣਾਏ ਜਾ ਰਹੇ ਪਿੱਲਰ ਤੋੜ ਦਿੱਤੇ ਗਏ। ਇਸੇ ਤਰ੍ਹਾਂ ਮਾਲ ਰੋਡ ਸਥਿਤ ਜਿਊਲਰਜ਼ ਦੇ ਸ਼ੋਅਰੂਮ ਦੇ ਬਾਹਰ ਪਾਰਕਿੰਗ ਏਰੀਆ ਵਿਚ ਬਣੀਆਂ ਪੌੜੀਆਂ ਤੋੜ ਦਿੱਤੀਆਂ ਗਈਆਂ।
ਘਰਾਂ 'ਚੋਂ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫਤਾਰ
NEXT STORY