ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆ ਨੂੰ ਫਾਂਸੀ ’ਤੇ ਚੜ੍ਹਾਇਆ 23 ਮਾਰਚ ਨੂੰ 89 ਸਾਲ ਪੂਰੇ ਹੋ ਗਏ ਹਨ। ਜਿਸ ਮਕਸਦ ਨਾਲ ਸ਼ਹੀਦ ਭਗਤ ਸਿੰਘ ਨੇ ਜਵਾਨੀ ਦੀ ਉਮਰ ਵਿਚ ਕੁਰਬਾਨੀ ਦਿੱਤੀ, ਕੀ ਉਹ ਮਕਸਦ ਇਨ੍ਹਾਂ 89 ਸਾਲਾਂ ਵਿਚ ਪੂਰਾ ਹੋ ਗਿਆ ਹੈ। ਕਈ ਲੋਕ ਅੱਜ ਵੀ ਜਲਾਲਤ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਬਦਲਿਆ ਕੁਝ ਵੀ ਨਹੀਂ, ਕਿਉਂਕਿ ਸਮੇਂ ਦੇ ਹਾਕਮਾਂ ਨੇ ਸ਼ਹੀਦ ਭਗਤ ਸਿੰਘ ਦੇ ਸੁਫ਼ਨਿਆਂ ਨੂੰ ਪੂਰਾ ਹੀ ਨਹੀਂ ਹੋਣ ਦਿੱਤਾ। ‘ਇਨਕਲਾਬ-ਜਿੰਦਾਬਾਦ ’ ਦੇ ਨਾਅਰੇ ਲਗਾਉਣ ਵਾਲੇ ਸੰਘਰਸ਼ਸ਼ੀਲਾਂ ਦੀ ਸਮੇਂ ਦੀਆਂ ਸਰਕਾਰਾਂ ਨੇ ਧੌਣ ਮਰੋੜ ਕੇ ਰੱਖੀ। ਭਾਵੇਂ ਸਭ ਲੋਕ ਬਰਾਬਰ ਦਾ ਹੱਕ ਮੰਗਦੇ ਹਨ, ਇਨਸਾਫ਼ ਲੈਣ ਦੀ ਗੱਲ ਕਰਦੇ ਹਾਂ ਪਰ ਭਗਤ ਸਿੰਘ ਦੇ ਰਾਹਾਂ ’ਤੇ ਤੁਰਦਾ ਕੋਈ-ਸਮਾਜ ਬਣਾਉਣ ਲਈ ਵੱਖ-ਵੱਖ ਖੇਤਰਾਂ ਨਾਲ ਜੁੜੇ ਕੁਝ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਹੈ। ਆਓ ਜਾਣੀਏ ਉਨ੍ਹਾਂ ਦਾ ਪੱਖ...
ਸ਼ਹੀਦਾਂ ਦੇ ਸੁਫ਼ਨਿਆਂ ਨੂੰ ਪੂਰਾ ਕਰਨਾ ਚਾਹੀਦਾ : ਹਰਗੋਬਿੰਦ ਕੌਰ
ਆਂਗਨਵਾੜੀ ਇੰਪਲਾਈਜ ਫੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ, ਜੋ ਦੇਸ਼ ਭਰ ਵਿਚ ਬੜੇ ਸੰਘਰਸ਼ਸ਼ੀਲ ਨੇਤਾ ਵਜੋ ਜਾਣੇ ਜਾਂਦੇ ਹਨ ਅਤੇ ਕਈ ਵਾਰ ਪੁਲਸ ਦੀਆਂ ਕੁੱਟਾਂ ਖਾ ਕੇ ਜੇਲ੍ਹਾਂ ਥਾਣਿਆਂ ਵਿਚ ਜਾ ਚੁੱਕੇ ਹਨ, ਦਾ ਕਹਿਣਾ ਹੈ ਕਿ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਪੂਰਾ ਕਰਨਾ ਸਾਡਾ ਸਭ ਦਾ ਫਰਜ਼ ਹੈ। ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਆਪਣੇ ਕਿਸੇ ਨਿੱਜੀ ਲਾਭ ਲਈ ਕੁਰਬਾਨੀ ਨਹੀਂ ਦਿੱਤੀ ਸਗੋਂ ਲੋਕਾਂ ਨੂੰ ਬਰਾਬਰਤਾ ਦਾ ਹੱਕ ਦਿਵਾਉਣ ਅਤੇ ਅਜ਼ਾਦੀ ਲਈ ਬੀੜਾ ਚੁੱਕਿਆ ਸੀ। ਜਿੰਨਾਂ ਚਿਰ ਲੋਕ ਇਕ ਮੁੱਠ ਨਹੀਂ ਹੁੰਦੇ ਤੇ ਭਗਤ ਸਿੰਘ ਦੇ ਰਾਹਾਂ ’ਤੇ ਨਹੀਂ ਤੁਰਦੇ, ਉਨ੍ਹਾਂ ਚਿਰ ਕੁਝ ਨਹੀਂ ਮਿਲਣਾ। ਸ਼ਹੀਦ ਭਗਤ ਸਿੰਘ ਹੋਰਾਂ ਦੇ ਸੁਫ਼ਨਿਆਂ ਦਾ ਰਾਜ ਲਿਆਉਣ ਲਈ ਮਿਹਨਤਕਸ਼ ਲੋਕਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪੈਣਾ ਹੈ।
ਭਗਤ ਸਿੰਘ ਨੂੰ ਫ਼ਿਕਰ ਸੀ ਕਿਸਾਨਾਂ, ਮਜਦੂਰਾਂ ਤੇ ਦੱਬੇ ਕੁਚਲੇ ਲੋਕਾਂ ਦਾ : ਗੁਰਾਂਦਿੱਤਾ ਸਿੰਘ
ਕਿਸਾਨ ਹਿੱਤਾ ਖਾਤਰ ਪਿਛਲੇਂ ਲੰਮੇਂ ਸਮੇਂ ਤੋਂ ਸੰਘਰਸ਼ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਗਰੁੱਪ ਦੇ ਸੂਬਾ ਕਮੇਟੀ ਮੈਂਬਰ ਗੁਰਾਦਿੱਤਾ ਸਿੰਘ ਭਾਗਸਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਕਿਸਾਨਾਂ, ਮਜਦੂਰਾਂ ਅਤੇ ਦੱਬੇ ਕੁਚਲੇ ਲੋਕਾਂ ਦਾ ਫ਼ਿਕਰ ਸੀ। ਉਨ੍ਹਾਂ ਦਾ ਸੁਫ਼ਨਾ ਸੀ ਕਿ ਸਭ ਨੂੰ ਬਰਾਬਰਤਾ ਦਾ ਹੱਕ ਮਿਲੇ। ਕਾਨੂੰਨ ਅਮੀਰ ਗਰੀਬ ਲਈ ਇਕ ਹੋਵੇ ਪਰ ਬੜੀ ਮੰਦਭਾਗੀ ਗੱਲ ਹੈ ਕਿ ਭਗਤ ਸਿੰਘ ਦੇ ਸੁਫ਼ਨਿਆਂ ਨੂੰ ਕਈ ਸਿਆਸੀ ਬੰਦਿਆਂ ਨੇ ਰੋਲ ਕੇ ਰੱਖ ਦਿੱਤਾ। ਸਭ ਨੇ ਆਪਣੇ ਢਿੱਡ ਭਰਨ ਨੂੰ ਪਹਿਲ ਦਿੱਤੀ, ਜਦਕਿ ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਹੇ ਹਨ।
ਨੌਜਵਾਨਾਂ ਨੂੰ ਨੌਕਰੀਆਂ ਅਤੇ ਰੁਜ਼ਗਾਰ ਮਿਲੇ : ਹਰਿੰਦਰਪਾਲ ਸਿੰਘ ਬੇਦੀ
ਚਿੱਤਰਕਾਰ ਹਰਿੰਦਰਪਾਲ ਸਿੰਘ ਬੇਦੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਸੀ ਕਿ ਨੌਜਵਾਨਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਮਿਲੇ। ਹਰੇਕ ਨੂੰ ਕੰਮ ਮਿਲੇ ਤਾਂ ਹੀ ਇਕ ਨਰੋਏ ਸਮਾਜ ਦੀ ਸਿਰਜਨਾ ਹੋ ਸਕਦੀ ਹੈ ਪਰ ਇਥੇ ਪੜ੍ਹ ਲਿਖ ਕੇ ਤੇ ਮਾਪਿਆਂ ਦਾ ਲੱਖਾਂ ਰੁਪਈਆ ਖ਼ਰਚਾ ਕਰਵਾ ਲੱਖਾਂ ਨੌਜਵਾਨ ਮੁੰਡੇ-ਕੁੜੀਆਂ ਡਿਗਰੀਆਂ ਚੁੱਕੀ ਫਿਰਦੇ ਹਨ। ਸਰਕਾਰਾਂ ਨੌਕਰੀਆਂ ਤਾਂ ਨਹੀਂ ਦਿੰਦੀਆਂ, ਸਗੋਂ ਨੌਕਰੀਆਂ ਤੇ ਰੁਜ਼ਗਾਰ ਮੰਗਣ ਵਾਲਿਆਂ ’ਤੇ ਪੁਲਸ ਦੀਆਂ ਡਾਂਗਾ ਜ਼ਰੂਰ ਵਰ੍ਹਦੀਆਂ। ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਸਭ ਦੀ ਸੋਚ ਸ਼ਹੀਦ ਭਗਤ ਸਿੰਘ ਵਰਗੀ ਨਹੀਂ ਬਣਦੀ, ਉਨ੍ਹਾਂ ਚਿਰ ਲੋਕਾਂ ਨੂੰ ਨਾ ਆਪਣੇ ਹੱਕ ਮਿਲਣੇ ਅਤੇ ਨਾ ਨਿਆਂ ।
ਗਰੀਬਾਂ ਤੇ ਅਮੀਰਾਂ ਲਈ ਹੈ ਵੱਖੋ-ਵੱਖਰਾ ਕਾਨੂੰਨ : ਜਗਜੀਤ ਸਿੰਘ ਜੱਸੇਆਣਾ
ਦਿਹਾਤੀ ਮਜਦੂਰ ਸਭਾ ਪੰਜਾਬ ਦੇ ਸੂਬਾ ਜੁਆਇੰਟ ਸਕੱਤਰ ਤੇ ਇਨਕਲਾਬੀ ਲਹਿਰ ਨਾਲ ਜੁੜੇ ਜਗਜੀਤ ਸਿੰਘ ਜੱਸੇਆਣਾ, ਜੋ ਗਰੀਬ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਹਨ, ਦਾ ਕਹਿਣਾ ਹੈ ਕਿ ਜਿਹੋ ਜਿਹਾ ਕਾਨੂੰਨ ਭਗਤ ਸਿੰਘ ਚਾਹੁੰਦੇ ਸਨ, ਜੋ ਹਰੇਕ ਲਈ ਇਕ ਹੋਵੇ। ਕਾਨੂੰਨ ਗਰੀਬਾਂ ਤੇ ਅਮੀਰਾਂ ਲਈ ਵੱਖਰਾ-ਵੱਖਰਾ ਹੈ। ਗਰੀਬਾਂ ਦੀ ਅਵਾਜ ਨੂੰ ਹਮੇਸ਼ਾ ਦਬਾਇਆ ਜਾਂਦਾ ਹੈ ਪਰ ਅਸੀਂ ਲੜਦੇ ਰਹਾਂਗੇ ਤੇ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਪੂਰਾ ਹੋਣ ਤੱਕ ਸੰਘਰਸ਼ ਜਾਰੀ ਰੱਖਾਂਗੇ।
ਕਿਥੇ ਹੈ ਜਨਾਨੀਆਂ ਦਾ ਸਤਿਕਾਰ : ਸਤਵੀਰ ਕੌਰ ਇਸਲਾਮ ਵਾਲਾ
ਸਤਵੀਰ ਕੌਰ ਇਸਲਾਮ ਵਾਲਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਚਾਹੁੰਦੇ ਸਨ ਕਿ ਜਨਾਨੀਆਂ ਦਾ ਹਰ ਥਾਂ ਮਾਣ ਸਤਿਕਾਰ ਹੋਵੇ। ਉਨ੍ਹਾਂ ਨੂੰ ਅਜ਼ਾਦੀ ਅਤੇ ਬਰਾਬਰ ਦਾ ਹੱਕ ਮਿਲੇ ਪਰ ਜਨਾਨੀਆਂ ਦਾ ਸਤਿਕਾਰ ਹੋ ਰਿਹਾ ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ। ਜਨਾਨੀਆਂ ’ਤੇ ਜ਼ੁਲਮ ਅੱਜ ਵੀ ਜਾਰੀ ਹੈ ਅਤੇ ਉਨ੍ਹਾਂ ਨੂੰ ਦਬਾ ਕੇ ਰੱਖਿਆ ਜਾ ਰਿਹਾ ਹੈ। ਕਿਤੇ ਵੀ ਜਨਾਨੀਆਂ ਸੁਰੱਖਿਅਤ ਨਹੀਂ। ਜਨਾਨੀਆਂ ਅਤੇ ਨਿੱਕੀਆਂ ਬੱਚੀਆਂ ਨਾਲ ਜਬਰ-ਜ਼ਨਾਹ ਹੋ ਰਿਹਾ ਹੈ ਪਰ ਸਰਕਾਰਾਂ ਸੁੱਤੀਆ ਪਈਆਂ ਹਨ। ਲੋਕ ਹੰਭਲਾ ਮਾਰਨ, ਜਾਗਰੂਕ ਹੋਣ ਅਤੇ ਏੇਕੇ ਦਾ ਸਬੂਤ ਦੇਣ ਤਾਂ ਹੀ ਇਕ ਚੰਗੇ ਅਤੇ ਨਿਰੋਏ ਸਮਾਜ ਦੀ ਸਿਰਜਨਾ ਹੋ ਸਕਦੀ ਹੈ।
ਫਾਈਵ ਸਟਾਰ ਹੋਟਲ ਵਰਗੀਆਂ ਸਹੂਲਤਾਂ ਵਾਲੀ ਟਰਾਲੀ ਲੈ ਕੇ ਦਿੱਲੀ ਬਾਰਡਰ ’ਤੇ ਪਹੁੰਚਿਆ ਕੋਟਕਪੂਰਾ ਦਾ ਕਿਸਾਨ
NEXT STORY