ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਝੋਨੇ ਦੇ ਸੀਜ਼ਨ ਦੌਰਾਨ ਕਦੇ ਵਕਤ ਹੁੰਦਾ ਸੀ ਕਿ ਆੜ੍ਹਤੀ ਸ਼ੈਲਰ ਮਾਲਕਾਂ ਦੇ ਹਾੜੇ ਕੱਢਦੇ ਸਨ ਕਿ ਉਨ੍ਹਾਂ ਦੇ ਫੜ੍ਹਾਂ 'ਚੋਂ ਵੱਧ ਤੋਂ ਵੱਧ ਝੋਨਾ ਚੁਕਵਾ ਕੇ ਸ਼ੈਲਰਾਂ 'ਚ ਲਵਾਇਆ ਜਾਵੇ ਤੇ ਅੱਜ ਉਹ ਵਕਤ ਸ਼ੈਲਰ ਮਾਲਕਾਂ 'ਤੇ ਆ ਗਿਆ ਹੈ ਕਿ ਅੱਜ ਉਹ ਆੜ੍ਹਤੀਆਂ ਦੇ ਹਾੜੇ ਕੱਢ ਰਹੇ ਹਨ ਕਿ ਵੱਧ ਤੋਂ ਵੱਧ ਝੋਨਾ ਉਨ੍ਹਾਂ ਦੇ ਸ਼ੈਲਰ 'ਚ ਭੇਜਿਆ ਜਾਵੇ। ਕਈ ਸਾਲਾਂ ਤੋਂ ਸ਼ੈਲਰ ਉਦਯੋਗ ਘਾਟੇ 'ਚ ਜਾ ਰਿਹਾ ਹੈ ਪਰ ਪਿਛਲਾ ਵਰ੍ਹਾ ਸ਼ੈਲਰ ਮਾਲਕਾਂ ਲਈ ਲਾਭਦਾਇਕ ਰਿਹਾ, ਜਿਸ ਕਾਰਨ ਮਾਛੀਵਾੜਾ ਇਲਾਕੇ 'ਚ 3 ਨਵੇਂ ਸ਼ੈਲਰ ਲੱਗ ਗਏ। ਪਿਛਲੇ ਕਈ ਸੀਜ਼ਨਾਂ ਤੋਂ ਮਾਛੀਵਾੜਾ ਮੰਡੀ ਤੇ ਉਪ ਖਰੀਦ ਕੇਂਦਰਾਂ ਸਮੇਤ ਝੋਨੇ ਦੀ ਆਮਦ 12 ਲੱਖ ਕੁਇੰਟਲ ਤੋਂ ਵੱਧ ਹੁੰਦੀ ਹੈ, ਜਦਕਿ ਝੋਨੇ ਦੀ ਪਿੜਾਈ ਲਈ ਸ਼ੈਲਰ ਘੱਟ ਹੁੰਦੇ ਸਨ, ਜਿਸ ਕਾਰਨ ਇਥੋਂ ਦੇ ਸ਼ੈਲਰ ਮਾਲਕ ਸਰਕਾਰੀ ਨਿਯਮਾਂ ਅਨੁਸਾਰ 17 ਫੀਸਦੀ ਨਮੀ ਵਾਲਾ ਝੋਨਾ ਹੀ ਆਪਣੇ ਸ਼ੈਲਰਾਂ 'ਚ ਪਿੜਾਈ ਲਈ ਲਵਾਉਂਦੇ ਸਨ ਤੇ ਜੇਕਰ ਝੋਨੇ 'ਚ ਨਮੀ ਦੀ ਮਾਤਰਾ ਵੱਧ ਹੁੰਦੀ ਤਾਂ ਸ਼ੈਲਰ ਮਾਲਕ ਆੜ੍ਹਤੀਆਂ ਦੇ ਟਰੱਕ ਵਾਪਸ ਮੋੜ ਦਿੰਦੇ ਜਾਂ ਵੱਧ ਨਮੀ ਦੇ ਹਿਸਾਬ ਨਾਲ ਕੁਝ ਲੈਣ-ਦੇਣ ਕਰ ਲਿਆ ਜਾਂਦਾ ਸੀ ਪਰ ਇਸ ਵਾਰ ਮਾਛੀਵਾੜਾ ਇਲਾਕੇ 'ਚ ਸ਼ੈਲਰ ਵਧ ਗਏ, ਜਦਕਿ ਝੋਨੇ ਦੀ ਆਮਦ ਦਾ ਟੀਚਾ 12 ਲੱਖ ਕੁਇੰਟਲ ਦੇ ਕਰੀਬ ਹੀ ਹੈ।
ਪਿਛਲਾ ਵਰ੍ਹਾ ਲਾਭਦਾਇਕ ਹੋਣ ਤੇ ਸ਼ੈਲਰਾਂ ਦੀ ਗਿਣਤੀ ਵਧਣ ਕਾਰਨ ਸਾਰੇ ਸ਼ੈਲਰ ਮਾਲਕਾਂ 'ਚ ਹੋੜ ਲੱਗੀ ਹੋਈ ਹੈ ਕਿ ਵੱਧ ਤੋਂ ਵੱਧ ਝੋਨਾ ਆਪਣੇ ਸ਼ੈਲਰਾਂ 'ਚ ਲਗਵਾ ਲਿਆ ਜਾਵੇ। ਦੇਖਣ 'ਚ ਆਇਆ ਹੈ ਕਿ ਸ਼ੈਲਰ ਮਾਲਕ ਆੜ੍ਹਤੀਆਂ ਦੇ ਫੜ੍ਹਾਂ ਤੇ ਦੁਕਾਨਾਂ 'ਚ ਜਾ ਕੇ ਵੱਧ ਤੋਂ ਵੱਧ ਟਰੱਕ ਭੇਜਣ ਲਈ ਕਹਿ ਰਹੇ ਹਨ। ਜਿਹੜੇ ਸ਼ੈਲਰ ਮਾਲਕ ਪਿਛਲੇ ਸਾਲ 17 ਫੀਸਦੀ ਤੋਂ ਜ਼ਿਆਦਾ ਨਮੀ ਵਾਲਾ ਝੋਨਾ ਨਹੀਂ ਲਵਾਉਂਦੇ ਸਨ, ਉਹ ਹੁਣ 18 ਤੇ 19 ਫੀਸਦੀ ਨਮੀ ਵਾਲਾ ਝੋਨਾ ਵੀ ਉਤਰਵਾ ਰਹੇ ਹਨ ਤੇ ਜੇਕਰ ਇਸ ਤੋਂ ਵੱਧ ਨਮੀ ਵਾਲਾ ਝੋਨਾ ਆਉਂਦਾ ਹੈ ਤਾਂ ਕੁਝ ਨਾਂਹ-ਨੁੱਕਰ ਕਰਦੇ ਹਨ।
ਹੋਰ ਤਾਂ ਹੋਰ ਸ਼ੈਲਰ ਮਾਲਕਾਂ ਵਲੋਂ ਸਿਆਸੀ ਆਕਾਵਾਂ ਤੋਂ ਅਫਸਰਸ਼ਾਹੀ ਨੂੰ ਸਿਫਾਰਸ਼ਾਂ ਕਰਵਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਦੇ ਸ਼ੈਲਰ 'ਚ ਵੱਧ ਤੋਂ ਵੱਧ ਝੋਨਾ ਭੇਜਿਆ ਜਾਵੇ। ਸ਼ੈਲਰ ਮਾਲਕਾਂ 'ਚ ਲੱਗੀ ਇਸ ਹੋੜ ਕਾਰਨ ਜਿਥੇ ਆੜ੍ਹਤੀਏ ਬਾਗੋ-ਬਾਗ ਹਨ ਕਿ ਉਨ੍ਹਾਂ ਦੇ ਫੜ੍ਹਾਂ 'ਚੋਂ ਕਿਸਾਨ ਦੀ ਫਸਲ ਦੀ ਉਤਰਾਈ ਹੁੰਦਿਆਂ ਹੀ ਨਾਲ ਦੀ ਨਾਲ ਝੋਨੇ ਦੀ ਲਿਫਟਿੰਗ ਹੋ ਰਹੀ ਹੈ, ਉਥੇ ਹੀ ਸ਼ੈਲਰ ਮਾਲਕਾਂ ਲਈ ਇਹ ਵਰ੍ਹਾ ਲਾਭਦਾਇਕ ਰਹੇਗਾ ਜਾਂ ਘਾਟੇ ਵਾਲਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਨਾਜਾਇਜ਼ ਸ਼ਰਾਬ ਬਰਾਮਦ, 1 ਗ੍ਰਿਫਤਾਰ
NEXT STORY