ਮੋਗਾ (ਪਵਨ ਗਰੋਵਰ/ਗੋਪੀ ਰਾਊਕੇ)- ਨਗਰ ਨਿਗਮ 'ਚ ਆਪਣੀਆਂ ਲਟਕਦੀਆਂ ਮੰਗਾਂ ਨੂੰ ਮਨਵਾਉਣ ਲਈ ਸਫਾਈ ਮੁਲਾਜ਼ਮਾਂ, ਮਾਲੀਆਂ, ਬੇਲਦਾਰਾਂ ਨੇ ਨਗਰ ਨਿਗਮ ਕਮਿਸ਼ਨਰ ਦੇ ਦਫਤਰ ਅੱਗੇ ਕਮਿਸ਼ਨਰ ਖਿਲਾਫ ਰੋਸ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸਫਾਈ ਸੇਵਕ ਯੂਨੀਅਨ ਮੋਗਾ ਦੇ ਪ੍ਰਧਾਨ ਸੁਭਾਸ਼ ਬੋਹਤ, ਦਫਤਰੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿਪਨ ਹਾਂਡਾ, ਸਫਾਈ ਸੇਵਕ ਯੂਨੀਅਨ ਦੇ ਸਕੱਤਰ ਵਿਸ਼ਵਾਨਾਥ ਜੋਨੀ ਨੇ ਕਿਹਾ ਕਿ ਅਸੀਂ ਕਰੀਬ 6 ਮਹੀਨੇ ਪਹਿਲਾਂ 4 ਸਤੰਬਰ, 2014 ਅਤੇ 8-16-32 ਦੇ ਵਿੱਤੀ ਲਾਭਾਂ ਨੂੰ ਪ੍ਰਾਪਤ ਕਰਨ ਲਈ ਕਮਿਸ਼ਨਰ ਨਗਰ ਨਿਗਮ ਅਤੇ ਮੇਅਰ ਨੂੰ ਅਪੀਲ ਕੀਤੀ ਸੀ ਪਰ ਅੱਜ ਤੱਕ ਵੀ ਉਨ੍ਹਾਂ ਦੇ ਇਕ ਵੀ ਮੁਲਾਜ਼ਮਾਂ ਨੂੰ ਆਪਣੀ ਸਰਵਿਸ ਦਾ ਕੋਈ ਵਿੱਤੀ ਲਾਭ ਨਹੀਂ ਦਿੱਤਾ ਗਿਆ। ਉਨ੍ਹਾਂ ਦੇ ਮੁਹੱਲਾ ਸੈਨੀਟੇਸ਼ਨ ਮੁਲਾਜ਼ਮਾਂ ਦੀ ਤਨਖਾਹ ਨੂੰ 3 ਮਹੀਨਿਆਂ ਬਾਅਦ ਤਨਖਾਹ ਦੀ ਅਦਾਇਗੀ ਕੀਤੀ ਜਾ ਰਹੀ ਹੈ, ਜਦਕਿ ਇਹ ਗਰੀਬ ਮੁਲਾਜ਼ਮ 2400 ਰੁਪਏ 'ਚ ਆਪਣਾ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹਨ।
ਕਮਿਸ਼ਨਰ ਨਗਰ ਨਿਗਮ ਮੋਗਾ ਨੂੰ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਲਈ ਬਿਠਾਇਆ ਗਿਆ ਹੈ, ਉਨ੍ਹਾਂ ਦਾ ਧਿਆਨ ਆਪਣੀ ਡਿਊਟੀ ਵੱਲ ਨਹੀਂ ਹੈ। ਸਮੂਹ ਮੁਲਾਜ਼ਮਾਂ ਨੂੰ ਇਸ ਗੱਲ ਦਾ ਰੋਸ ਹੈ ਕਿ ਕਮਿਸ਼ਨਰ ਯੂਨੀਅਨ ਨੂੰ ਮਿਲਣ ਦਾ ਸਮਾਂ ਨਹੀਂ ਦਿੰਦੇ। ਸਫਾਈ ਸੇਵਕ ਯੂਨੀਅਨ ਦੇ ਚੇਅਰਮੈਨ ਕੁਲਵੰਤ ਰਾਏ ਨੇ ਦੱਸਿਆ ਕਿ ਯੂਨੀਅਨ ਵੱਲੋਂ 3 ਦਿਨ ਪਹਿਲਾਂ ਕਮਿਸ਼ਨਰ ਨੂੰ ਨੋਟਿਸ ਦਿੱਤਾ ਗਿਆ ਸੀ। ਇਸ ਸਮੇਂ ਇੰਦਰਜੀਤ ਗਿੱਲ, ਵਿੱਕੀ ਬੋਹਤ, ਅਜੇ, ਰਾਮਪਾਲ, ਰਾਜ ਕੁਮਾਰ, ਰਾਜੂ, ਪ੍ਰੇਮ ਸਿੰਘ, ਜਗਸੀਰ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।
ਨਾਜਾਇਜ਼ ਸ਼ਰਾਬ ਸਮੇਤ 2 ਕਾਬੂ
NEXT STORY