ਮੋਹਾਲੀ (ਰਾਣਾ) - ਪੰਜਾਬ 'ਚ ਨਸ਼ਾ ਸਮੱਗਲਰਾਂ ਨੂੰ ਫੜਨ ਲਈ ਪੁਲਸ ਵਿਭਾਗ ਵਲੋਂ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ ਟ੍ਰਾਈਸਿਟੀ ਤੇ ਪੰਜਾਬ ਦੇ ਕਈ ਜ਼ਿਲਿਆਂ 'ਚ ਹੈਰੋਇਨ ਸਪਲਾਈ ਕਰਨ ਵਾਲੇ ਤਿੰਨ ਸਮੱਗਲਰਾਂ ਨੂੰ ਫੜਿਆ ਹੈ, ਜਿਨ੍ਹਾਂ ਕੋਲੋਂ ਕਰੋੜਾਂ ਦੀ ਹੈਰੋਇਨ ਬਰਾਮਦ ਹੋਈ ਹੈ। ਸਪੈਸ਼ਲ ਟਾਸਕ ਫੋਰਸ ਨੇ ਮੁਲਜ਼ਮਾਂ ਨੂੰ ਫੜ ਕੇ ਸੋਹਾਣਾ ਥਾਣਾ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਕੋਰਟ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ 4 ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਉਨ੍ਹਾਂ ਦੀ ਪਛਾਣ ਜ਼ਿਲਾ ਜਲੰਧਰ ਦੇ ਪਿੰਡ ਸੰਗੇੜਾ ਵਾਸੀ ਗੁਰਦੇਵ ਚੰਦ, ਜ਼ਿਲਾ ਕਾਂਗੜਾ ਦੇ ਪਿੰਡ ਬਦਵਾੜਾ ਵਾਸੀ ਰਾਕੇਸ਼ ਤੇ ਜ਼ਿਲਾ ਜਲੰਧਰ ਦੇ ਜੰਡਿਆਲਾ ਵਾਸੀ ਰਣਜੀਤ ਉਰਫ ਜੀਤ ਦੇ ਰੂਪ 'ਚ ਹੋਈ ਹੈ।
ਕਾਰ ਦੇ ਡੈਸ਼ਬੋਰਡ 'ਚ ਲੁਕੋਈ ਸੀ ਹੈਰੋਇਨ
ਜਾਣਕਾਰੀ ਮੁਤਾਬਿਕ ਸਪੈਸ਼ਲ ਟਾਸਕ ਫੋਰਸ ਨੂੰ ਸੂਚਨਾ ਮਿਲੀ ਸੀ ਕਿ ਹਵਾਈ ਅੱਡਾ ਰੋਡ ਤੋਂ ਤਿੰਨ ਮੁਲਜ਼ਮ ਹੈਰੋਇਨ ਲੈ ਕੇ ਆ ਰਹੇ ਹਨ, ਜਿਸਦੇ ਬਾਅਦ ਸਪੈਸ਼ਲ ਟਾਸਕ ਫੋਰਸ ਦੀ ਟੀਮ ਸਬ-ਇੰਸਪੈਕਟਰ ਪਵਨ ਕੁਮਾਰ ਤੇ ਏ. ਐੱਸ. ਆਈ. ਬਲਜੀਤ ਸਿੰਘ ਦੀ ਅਗਵਾਈ 'ਚ ਪੁਲਸ ਹਵਾਈ ਅੱਡਾ ਰੋਡ 'ਤੇ ਪਹੁੰਚੀ। ਉਸੇ ਦੌਰਾਨ ਪੰਜਾਬ ਨੰਬਰ ਦੀ ਇਕ ਇਨੋਵਾ ਕਾਰ ਆਈ, ਜਿਸ 'ਚ 3 ਵਿਅਕਤੀ ਸਵਾਰ ਸਨ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਸਨੂੰ ਦੈੜੀ ਪਿੰਡ ਦੇ ਟੀ-ਪੁਆਇੰਟ 'ਤੇ ਰੋਕਿਆ ਤੇ ਉਨ੍ਹਾਂ ਦੀ ਤਲਾਸ਼ੀ ਲਈ ਪਰ ਉਨ੍ਹਾਂ ਕੋਲੋਂ ਕੁਝ ਨਹੀਂ ਮਿਲਿਆ। ਪੁਲਸ ਨੇ ਫਿਰ ਕਾਰ ਦੀ ਤਲਾਸ਼ੀ ਲਈ ਤਾਂ ਡੈਸ਼ਬੋਰਡ 'ਚੋਂ ਲਿਫਾਫਾ ਮਿਲਿਆ, ਜਿਸ 'ਚੋਂ 550 ਗ੍ਰਾਮ ਹੈਰੋਇਨ ਬਰਾਮਦ ਹੋਈ।
ਟ੍ਰਾਈਸਿਟੀ ਦੇ ਨਾਲ ਪੰਜਾਬ ਦੇ ਕਈ ਜ਼ਿਲਿਆਂ 'ਚ ਕਰਦੇ ਸਨ ਹੈਰੋਇਨ ਸਪਲਾਈ
ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਫੜੇ ਗਏ ਮੁਲਜ਼ਮ ਦਿੱਲੀ ਤੋਂ ਇਕ ਨਾਈਜੀਰੀਅਨ ਤੋਂ ਹੈਰੋਇਨ ਲੈ ਕੇ ਆਉਂਦੇ ਸਨ। ਇਹ ਆਪਣੇ ਪੱਕੇ ਗਾਹਕਾਂ ਨੂੰ ਹੀ ਹੈਰੋਇਨ ਸਪਲਾਈ ਕਰਦੇ ਸਨ, ਉਹ ਟ੍ਰਾਈਸਿਟੀ ਦੇ ਨਾਲ-ਨਾਲ ਪੰਜਾਬ ਦੇ ਕਈ ਜ਼ਿਲਿਆਂ 'ਚ ਹੈਰੋਇਨ ਦੀ ਸਪਲਾਈ ਕਰਦੇ ਸਨ। ਇਸ ਨੂੰ ਜ਼ਿਆਦਾਤਰ ਵੱਡੇ ਕਲੱਬਾਂ, ਡਿਸਕੋ ਆਦਿ 'ਚ ਵਰਤੋਂ ਲਿਆਂਦਾ ਜਾਂਦਾ ਹੈ। ਹੁਣ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਕਿਹੜੇ-ਕਿਹੜੇ ਲੋਕਾਂ ਨੂੰ ਹੈਰੋਇਨ ਸਪਲਾਈ ਕਰਦੇ ਸਨ, ਜਿਨ੍ਹਾਂ ਨੂੰ ਦਬੋਚਣ ਲਈ ਪੁਲਸ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ।
ਕੈਮੀਕਲ ਨਾਲ ਪਕਾ ਕੇ ਵੇਚੇ ਜਾ ਰਹੇ ਹਨ ਫਲ
NEXT STORY