ਜਲੰਧਰ (ਚਾਵਲਾ) - ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੂਰਜੀ ਊਰਜਾ ਦਾ ਪਲਾਂਟ ਲਾਉਣ ਦੇ ਕਾਰਜ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਉਪਰੰਤ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਰਜ ਸ਼ੁਰੂ ਕਰਨ ਦੀ ਰਸਮ ਨਿਭਾਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸੂਰਜੀ ਊਰਜਾ ਦੀ ਵਰਤੋਂ ਨਾਲ ਕਮੇਟੀ ਨੂੰ ਘੱਟ ਮਾਲੀ ਭਾਰ ਅਤੇ ਵਾਤਾਵਰਣ ਨੂੰ ਵੀ ਕਾਰਬਨ ਡਾਈਆਕਸਾਈਡ ਦੇ ਜ਼ਹਿਰ ਦਾ ਘੱਟ ਸਾਹਮਣਾ ਕਰਨ ਦਾ ਦਾਅਵਾ ਕੀਤਾ।
ਉਨ੍ਹਾਂ ਕਿਹਾ ਕਿ ਗੁਰੂ ਹਰਿ ਰਾਇ ਸਾਹਿਬ ਨੇ ਸਾਨੂੰ ਵਾਤਾਵਰਣ ਨੂੰ ਬਚਾਉਣ ਦਾ ਸੱਦਾ ਦਿੱਤਾ ਸੀ। ਕੋਲੇ ਨਾਲ ਤਿਆਰ ਹੋਣ ਵਾਲੀ ਬਿਜਲੀ ਕਰਕੇ ਵੱਡੀ ਮਾਤਰਾ 'ਚ ਗੰਦਲੀਆਂ ਗੈਸਾਂ ਵੱਲੋਂ ਵਾਤਾਵਰਣ ਨੂੰ ਖਰਾਬ ਕਰਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਥੇ ਅਸੀਂ ਵਾਤਾਵਰਣ ਦੀ ਰਾਖੀ ਕਰ ਰਹੇ ਹਾਂ, ਉਥੇ ਹੀ ਕੁਦਰਤੀ ਸੋਮਿਆਂ ਦੇ ਭੰਡਾਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਵੀ ਤੁਰ ਪਏ ਹਾਂ। ਸੂਰਜੀ ਊਰਜਾ ਨਾਲ ਤਿਆਰ ਹੋਣ ਵਾਲੀ ਬਿਜਲੀ ਗੁਰਦੁਆਰਾ ਸਾਹਿਬ ਦੇ ਬਿਜਲੀ ਬਿੱਲ ਦੇ ਬਜਟ ਨੂੰ ਘਟਾਉਣ ਦਾ ਵੀ ਜ਼ਰੀਆ ਬਣੇਗੀ।
ਇਸ ਦੌਰਾਨ ਚੰਦੂਮਾਜਰਾ ਨੇ ਕਮੇਟੀ ਵੱਲੋਂ ਕੀਤੀ ਜਾ ਰਹੀ ਪਹਿਲ ਨੂੰ ਚੰਗਾ ਕਦਮ ਦੱਸਦੇ ਹੋਏ ਬਾਕੀ ਗੁਰਦੁਆਰਿਆਂ 'ਚ ਵੀ ਅਜਿਹੇ ਕਾਰਜ ਸ਼ੁਰੂ ਕਰਨ ਦੀ ਸਲਾਹ ਦਿੱਤੀ । ਸੌਰ ਊਰਜਾ ਦੇ ਪ੍ਰਾਜੈਕਟ ਦੇ ਇੰਚਾਰਜ ਅਤੇ ਕਮੇਟੀ ਮੈਂਬਰ ਹਰਜੀਤ ਸਿੰਘ ਜੀ. ਕੇ. ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਸਣੇ ਕਈ ਦਿੱਲੀ ਕਮੇਟੀ ਮੈਂਬਰ ਮੌਜੂਦ ਸਨ।
ਪਰਲਜ਼ ਕਾਲੋਨੀ 'ਚ ਕਤਲ ਕਰ ਕੇ ਲਾਸ਼ ਕਿੱਕਰ 'ਤੇ ਟੰਗੀ
NEXT STORY