ਰੂਪਨਗਰ, (ਵਿਜੇ)- ਜ਼ਿਲਾ ਪੁਲਸ ਨੇ ਘਰ 'ਚੋਂ ਸੋਨੇ-ਚਾਂਦੀ ਦੇ ਸਿੱਕੇ ਚੋਰੀ ਕਰਨ ਵਾਲੀ ਨੌਕਰਾਣੀ ਟੀਨਾ ਰਾਣੀ ਪਤਨੀ ਗੁਰਮੀਤ ਸਿੰਘ ਵਾਸੀ ਮੀਆਂਪੁਰ ਤੇ ਉਸ ਤੋਂ ਸਿੱਕੇ ਖਰੀਦਣ ਵਾਲੇ ਸੁਨਿਆਰੇ ਕਮਲ ਕੁਮਾਰ ਜੈਨ ਪੁੱਤਰ ਪਵਨ ਕੁਮਾਰ ਜੈਨ ਵਾਸੀ ਰੂਪਨਗਰ ਨੂੰ ਗ੍ਰਿਫਤਾਰ ਕਰ ਕੇ ਸਿੱਕਿਆਂ ਦੇ ਨਾਲ-ਨਾਲ 4,90,000 ਰੁਪਏ ਬਰਾਮਦ ਕੀਤੇ ਹਨ।
ਇਹ ਜਾਣਕਾਰੀ ਦਿੰਦਿਆਂ ਰਾਜਬਚਨ ਸਿੰਘ ਸੰਧੂ ਪੀ. ਪੀ. ਐੱਸ. ਸੀਨੀਅਰ ਪੁਲਸ ਕਪਤਾਨ ਰੂਪਨਗਰ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਮੀਆਂਪੁਰ ਜ਼ਿਲਾ ਰੂਪਨਗਰ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਉਸ ਨੇ ਪੁਰਾਣੇ ਸੋਨੇ-ਚਾਂਦੀ ਦੇ ਸਿੱਕੇ ਇਕੱਠੇ ਕਰ ਕੇ ਆਪਣੇ ਘਰ 'ਚ ਰੱਖੇ ਹੋਏ ਸਨ, ਜਿਨ੍ਹਾਂ 'ਚੋਂ 18 ਸੋਨੇ ਤੇ ਕੁਝ ਚਾਂਦੀ ਦੇ ਸਿੱਕੇ ਤੇ 1,50,000 ਰੁਪਏ ਚੋਰੀ ਹੋ ਗਏ। ਇਸ ਸੰਬੰਧੀ ਥਾਣਾ ਸਦਰ ਰੂਪਨਗਰ 'ਚ ਮਾਮਲਾ ਦਰਜ ਕੀਤਾ ਗਿਆ।
ਮਾਮਲੇ ਦੀ ਤਫਤੀਸ਼ ਇੰਸਪੈਕਟਰ ਅਤੁਲ ਸੋਨੀ ਇੰਚਾਰਜ ਸੀ. ਆਈ. ਏ. ਰੂਪਨਗਰ ਦੀ ਨਿਗਰਾਨੀ ਹੇਠ ਸੀ. ਆਈ. ਏ. ਸਟਾਫ ਦੀ ਪੁਲਸ ਪਾਰਟੀ ਤੇ ਸਹਾਇਕ ਥਾਣੇਦਾਰ ਸ਼ਿੰਦਰਪਾਲ ਇੰਚਾਰਜ ਪੀ. ਪੀ. ਪੁਰਖਾਲੀ ਥਾਣਾ ਸਦਰ ਰੂਪਨਗਰ ਦੀ ਪੁਲਸ ਪਾਰਟੀ ਵੱਲੋਂ ਕੀਤੀ ਜਾ ਰਹੀ ਸੀ।
ਇਸੇ ਦੌਰਾਨ ਪੁਲਸ ਨੇ ਅਸ਼ਵਨੀ ਕੁਮਾਰ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਟੀਨਾ ਰਾਣੀ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਇੰਕਸ਼ਾਫ ਕੀਤਾ ਕਿ ਮੇਰਾ ਮਾਲਕ ਅਸ਼ਵਨੀ ਕੁਮਾਰ ਮੇਰੇ 'ਤੇ ਭਰੋਸਾ ਕਰਦਾ ਸੀ। ਘਰ ਤੇ ਅਲਮਾਰੀਆਂ ਦੀਆਂ ਚਾਬੀਆਂ ਵੀ ਮੇਰੇ ਕੋਲ ਹੀ ਸਨ। ਮੈਂ ਲਾਲਚ 'ਚ ਆ ਕੇ ਘਰ 'ਚੋਂ ਵੱਖ-ਵੱਖ ਸਮੇਂ 'ਤੇ ਸੋਨੇ-ਚਾਂਦੀ ਦੇ ਸਿੱਕੇ ਤੇ ਨਕਦੀ ਚੋਰੀ ਕੀਤੀ ਸੀ। ਇਨ੍ਹਾਂ ਸਿੱਕਿਆਂ ਨੂੰ ਸੁਨਿਆਰੇ ਕਮਲ ਕੁਮਾਰ ਜੈਨ ਨੂੰ ਵੇਚ ਦਿੱਤਾ ਸੀ, ਜਿਸ ਬਦਲੇ ਸੁਨਿਆਰੇ ਨੇ ਮੈਨੂੰ 1 ਜੋੜੀ ਸੋਨੇ ਦੇ ਕਾਂਟੇ, 1 ਜੋੜੀ ਵਾਲੀਆਂ, 1 ਚੇਨ ਤੇ 3,39,000 ਰੁਪਏ ਦਿੱਤੇ ਸਨ।
ਪੁਲਸ ਨੇ ਟੀਨਾ ਰਾਣੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੇ ਘਰੋਂ ਉਸ ਦੀ ਨਿਸ਼ਾਨਦੇਹੀ 'ਤੇ ਕਾਂਟੇ, ਵਾਲੀਆਂ, ਚੇਨ, 11 ਚਾਂਦੀ ਦੇ ਸਿੱਕੇ ਤੇ 3,00,000 ਰੁਪਏ ਬਰਾਮਦ ਕੀਤੇ ਗਏ ਹਨ, ਜਦਕਿ ਸੁਨਿਆਰੇ ਕਮਲ ਕੁਮਾਰ ਨੂੰ ਬੀਤੇ ਦਿਨ ਗ੍ਰਿਫਤਾਰ ਕੀਤਾ ਗਿਆ, ਜਿਸ ਕੋਲੋਂ ਟੀਨਾ ਰਾਣੀ ਤੋਂ ਲਏ ਹੋਏ 14 ਸੋਨੇ ਦੇ ਸਿੱਕੇ ਤੇ ਟੀਨਾ ਰਾਣੀ ਨੂੰ ਹੋਰ ਦੇਣ ਵਾਲੇ 1,90,000 ਰੁਪਏ ਬਰਾਮਦ ਕੀਤੇ ਗਏ ਹਨ।
ਛੋਟਾ ਹਾਥੀ ਟੈਂਪੂ ਯੂਨੀਅਨ ਨੇ ਖੋਲ੍ਹਿਆ ਜੁਗਾੜੀਆਂ ਵਿਰੁੱਧ ਮੋਰਚਾ
NEXT STORY