ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਕਸਬਾ ਜਾਡਲਾ ਵਿਖੇ 23 ਸਾਲਾ ਨੌਜਵਾਨ ਵੱਲੋਂ ਬੀਤੀ ਅੱਧੀ ਰਾਤ ਨੂੰ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਖਿਲਾਫ 11ਵੀਂ ਕਲਾਸ ਵਿਚ ਪੜ੍ਹਨ ਵਾਲੀ ਇਕ ਵਿਦਿਆਰਥਣ ਨੇ ਛੇੜਛਾੜ (ਫਬਤੀਆਂ ਕੱਸਣ) ਦੀ ਸ਼ਿਕਾਇਤ ਪੁਲਸ ਨੂੰ ਕੀਤੀ ਹੋਈ ਸੀ। ਇਸ ਸੰਬੰਧ 'ਚ ਪੁਲਸ ਦੀ ਜਾਂਚ ਹਾਲੇ ਚੱਲ ਹੀ ਰਹੀ ਸੀ ਕਿ ਐਤਵਾਰ ਦੀ ਅੱਧੀ ਰਾਤ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਸੌਂ ਰਹੇ ਸਨ ਤਾਂ ਨੌਜਵਾਨ ਨੇ ਕਮਰੇ ਦੇ ਗਾਰਡਰ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਚੌਕੀ ਇੰਚਾਰਜ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਕ 11ਵੀਂ ਕਲਾਸ ਦੀ ਵਿਦਿਆਰਥਣ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਜਾਡਲਾ ਵਾਸੀ ਧਰਮਵੀਰ (23) ਪੁੱਤਰ ਜੀਤ ਰਾਮ ਉਸ ਨੂੰ ਸਕੂਲ ਆਉਂਦੇ-ਜਾਂਦੇ ਸਮੇਂ ਭੱਦੇ ਸ਼ਬਦ ਬੋਲ ਕੇ ਛੇੜਦਾ ਹੈ, ਜਿਸ ਸੰਬੰਧ 'ਚ ਪੁਲਸ ਚੌਕੀ 'ਚ ਦੋਵਾਂ ਧਿਰਾਂ ਨੂੰ ਐਤਵਾਰ ਨੂੰ ਸੱਦਿਆ ਸੀ ਪਰ ਦੋਵਾਂ ਧਿਰਾਂ ਨੇ ਐਤਵਾਰ ਤਫਤੀਸ਼ ਵਿਚ ਸ਼ਾਮਲ ਹੋਣ ਵਿਚ ਮਜਬੂਰੀ ਜ਼ਾਹਿਰ ਕਰਦੇ ਹੋਏ ਕਿਸੇ ਹੋਰ ਤਰੀਕ ਦੀ ਤਾਕੀਦ ਕੀਤੀ ਸੀ।
ਅੱਜ ਸਵੇਰੇ ਪਤਾ ਲੱਗਾ ਕਿ ਨੌਜਵਾਨ ਨੇ ਬੀਤੀ ਰਾਤ ਫਾਹਾ ਲੈ ਲਿਆ। ਜਾਂਚ ਦੌਰਾਨ ਮ੍ਰਿਤਕ ਦਾ ਕੋਈ ਸੁਸਾਈਡ ਨੋਟ ਪੁਲਸ ਨੂੰ ਅਜੇ ਤੱਕ ਨਹੀਂ ਮਿਲਿਆ। ਪੁਲਸ ਨੇ ਦੱਸਿਆ ਕਿ ਮ੍ਰਿਤਕ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਸ ਨੇ ਲੜਕੀ ਨਾਲ ਛੇੜਛਾੜ ਨਹੀਂ ਕੀਤੀ, ਉਹ ਬੇਕਸੂਰ ਹੈ। ਉਧਰ, ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੂੰ ਸ਼ਿਕਾਇਤ ਕਰਨ ਵਾਲੀ ਲੜਕੀ ਸਣੇ 7 ਨੌਜਵਾਨਾਂ ਖਿਲਾਫ਼ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਨ੍ਹਾਂ ਖਿਲਾਫ ਪੁਲਸ ਨੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਘੱਟ ਵਜ਼ਨ ਵਾਲੇ ਵੱਟਿਆਂ ਨਾਲ ਲਾਇਆ ਜਾ ਰਿਹੈ ਚੂਨਾ
NEXT STORY