ਜਲੰਧਰ(ਖੁਰਾਣਾ)-ਪਿਛਲੇ 5 ਸਾਲਾਂ ਦੌਰਾਨ ਭਾਜਪਾ ਨਾਲ ਸਬੰਧਿਤ ਮੇਅਰ ਸੁਨੀਲ ਜੋਤੀ ਤੇ ਅਕਾਲੀ ਦਲ ਨਾਲ ਸਬੰਧਿਤ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਦਰਮਿਆਨ ਦਰਜਨਾਂ ਵਾਰ ਲੜਾਈਆਂ ਹੋ ਚੁੱਕੀਆਂ ਹਨ, ਜਿਨ੍ਹਾਂ ਦੇ ਮਾਮਲੇ ਸੁਖਬੀਰ ਬਾਦਲ ਤੇ ਮਜੀਠਿਆ ਤੋਂ ਲੈ ਕੇ ਭਾਜਪਾ ਹਾਈਕਮਾਨ ਦੇ ਕਈ ਚੋਟੀ ਦੇ ਆਗੂਆਂ ਤੱਕ ਪਹੁੰਚੇ ਪਰ ਹੁਣ ਦੋਵਾਂ ਦੇ ਕਾਰਜਕਾਲ ਦੀ ਅੰਤਿਮ ਲੜਾਈ 22 ਸਤੰਬਰ ਨੂੰ ਹੋਣ ਦੇ ਆਸਾਰ ਬਣ ਰਹੇ ਹਨ। ਜ਼ਿਕਰਯੋਗ ਹੈ ਕਿ ਮੇਅਰ ਸੁਨੀਲ ਜੋਤੀ ਨੇ 22 ਸਤੰਬਰ ਨੂੰ ਨਗਰ ਨਿਗਮ ਦੀ ਫਾਈਨਾਂਸ ਐਂਡ ਕੰਟਰੈਕਟ ਕਮੇਟੀ ( ਐੱਫ. ਐਂਡ ਸੀ. ਸੀ.) ਦੀ ਬੈਠਕ ਬੁਲਾਈ ਹੈ। ਇਸ ਬੈਠਕ ਦੇ ਏਜੰਡੇ ਵਿਚ ਕਈ ਵਿਵਾਦਿਤ ਪ੍ਰਸਤਾਵ ਹਨ, ਜਿਨ੍ਹਾਂ ਨੂੰ ਮੇਅਰ ਪਹਿਲਾਂ ਹੀ ਐਂਟੀਸਿਪੇਸ਼ਨ ਰਾਹੀਂ ਪਾਸ ਕਰ ਚੁੱਕੇ ਹਨ ਪਰ ਹੁਣ ਬੈਠਕ ਦੀ ਰਸਮ ਨਿਭਾਈ ਜਾ ਰਹੀ ਹੈ।
ਵਿਕਾਸ ਰੋਕਾਂਗੇ ਨਹੀਂ ਪਰ ਸ਼ਹਿਰ ਨੂੰ ਚੂਨਾ ਵੀ ਨਹੀਂ ਲੱਗਣ ਦੇਵਾਂਗੇ-ਭਾਟੀਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਮੇਅਰ ਨੇ ਆਪਣੀ ਆਦਤ ਮੁਤਾਬਕ ਬਿਨਾਂ ਵਿਚਾਰ-ਵਟਾਂਦਰਾ ਕੀਤਿਆਂ ਹੀ ਬੈਠਕ ਬੁਲਾਈ ਹੈ, ਜਦੋਂਕਿ 14 ਸਤੰਬਰ ਨੂੰ ਜਦੋਂ ਕਮਿਸ਼ਨਰ ਦਾ ਫੋਨ ਆਇਆ ਸੀ ਤਾਂ ਉਨ੍ਹਾਂ ਨੂੰ ਸਾਫ ਕਿਹਾ ਗਿਆ ਸੀ ਕਿ ਪ੍ਰੀ-ਏਜੰਡਾ ਬੈਠਕ ਹੋਣੀ ਚਾਹੀਦੀ ਹੈ। ਭਾਟੀਆ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਨਾਲ ਸਬੰਧਿਤ ਪ੍ਰਾਜੈਕਟਾਂ ਨੂੰ ਪਾਸ ਕਰਵਾਉਣ ਦੇ ਹੱਕ ਵਿਚ ਹਨ ਪਰ ਜਿੱਥੇ ਵਿੱਤੀ ਗੜਬੜੀਆਂ ਕਾਰਨ ਚੂਨਾ ਲਾਉਣ ਦਾ ਸ਼ੱਕ ਹੈ ਉਹ ਪ੍ਰਾਜੈਕਟ ਪਾਸ ਨਹੀਂ ਕੀਤੇ ਜਾਣਗੇ ਅਤੇ ਨਾ ਹੀ ਮੇਅਰ ਨੂੰ ਭੱਜਣ ਦਿੱਤਾ ਜਾਵੇਗਾ। ਹਰ ਪ੍ਰਸਤਾਵ 'ਤੇ ਪੂਰੀ ਚਰਚਾ ਹੋਵੇਗੀ। ਭਾਟੀਆ ਨੇ ਕਿਹਾ ਕਿ ਉਹ ਸਿਰਫ ਰਬੜ ਸਟੈਂਪ ਬਣ ਕੇ ਬੈਠਕ ਵਿਚ ਨਹੀਂ ਜਾਣਗੇ ਸਗੋਂ ਹਰ ਗੜਬੜ 'ਤੇ ਮੇਅਰ ਦੀ ਆਪਹੁਦਰੀ ਦਾ ਵਿਰੋਧ ਕਰਨਗੇ।
ਬੈਠਕ 'ਚ ਰੱਖੇ ਗਏ ਕਈ ਮਹੱਤਵਪੂਰਨ ਪ੍ਰਸਤਾਵ
* ਸਫਾਈ ਕਰਮਚਾਰੀਆਂ ਨੂੰ ਜੈਕੇਟ, ਕੈਪ, ਦਸਤਾਨੇ ਆਦਿ ਦੀ ਖਰੀਦ ਲਈ 8.50 ਲੱਖ
* ਗੱਡੀਆਂ ਲਈ ਤਰਪਾਲ ਖਰੀਦਣ ਲਈ 4.75 ਲੱਖ
* ਟਾਊਨ ਹਾਲ ਲਈ ਨਵਾਂ ਫਰਨੀਚਰ ਖਰੀਦਣ ਲਈ 5.60 ਲੱਖ
* ਡਾਗ ਕੰਪਾਊਂਡ ਦਾ ਸਾਮਾਨ ਖਰੀਦਣ ਲਈ 3.45 ਲੱਖ
* ਸ਼ਹਿਰ ਵਿਚ ਲੱਗੇ ਟਿਊਬਵੈੱਲ ਲਈ ਸਾਲਾਨਾ ਠੇਕਾ ਲੱਖਾਂ ਵਿਚ
* ਸੀਵਰ ਸਫਾਈ ਲਈ ਬਾਂਸ, ਤਾਰ ਤੇ ਹੋਰ ਸਾਮਾਨ ਖਰੀਦਣ ਲਈ 22 ਲੱਖ
ਸਰਪੰਚ ਸਮੇਤ 2 ਮੁਲਜ਼ਮਾਂ ਕੋਲੋਂ ਨਸ਼ੀਲਾ ਪਦਾਰਥ ਬਰਾਮਦ
NEXT STORY