ਤਰਨਤਾਰਨ (ਰਮਨ) : ਬੀਤੇ ਸ਼ਨੀਵਾਰ ਜ਼ਿਲਾ ਤਰਨਤਾਰਨ ਦੇ ਥਾਣਾ ਸਿਟੀ ਅਧੀਨ ਆਉਂਦੇ ਪਿੰਡ ਪਲਾਸੌਰ ਵਿਖੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਤ ਪਿੰਡ ਪਹੂਵਿੰਡ ਤੋਂ ਰਵਾਨਾ ਹੋਏ ਨਗਰ ਕੀਰਤਨ ਦੌਰਾਨ ਆਤਿਸ਼ਬਾਜ਼ੀ ਅਤੇ ਵਿਸਫੋਟਕ ਸਮੱਗਰੀ ਨਾਲ ਭਰੇ ਬੋਰਿਆਂ ਨੂੰ ਪੁਲਸ ਵਲੋਂ ਕਬਜ਼ੇ 'ਚ ਲੈਣ ਉਪਰੰਤ ਕੁੱਝ ਧਾਰਮਕ ਅਤੇ ਸਿਆਸੀ ਆਗੂਆਂ ਦੇ ਦਖਲ-ਦਬਾਅ ਤੋਂ ਬਾਅਦ ਛੱਡਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਦੀ ਪੁਸ਼ਟੀ ਇਕ ਪੁਲਸ ਅਧਿਕਾਰੀ ਵਲੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਵਲੋਂ ਇਸ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਐੱਸ. ਡੀ. ਐੱਮ. ਰਜਨੀਸ਼ ਅਰੋੜਾ ਵਲੋਂ ਬੁੱਧਵਾਰ ਤੋਂ ਸ਼ੁਰੂ ਕੀਤੇ ਜਾਣ ਸਬੰਧੀ ਲਿਖਤੀ ਆਰਡਰ ਵੀ ਆ ਗਏ ਹਨ। ਇਸ ਹੋਏ ਹਾਦਸੇ 'ਚ ਕਿਹੜੇ-ਕਿਹੜੇ ਵਿਅਕਤੀਆਂ ਖਿਲਾਫ ਕਾਰਵਾਈ ਹੋ ਸਕਦੀ ਹੈ ਇਹ ਜਾਂਚ ਦਾ ਇਕ ਮੁੱਖ ਵਿਸ਼ਾ ਰਹੇਗਾ।
ਦਖਲ ਨਾ ਦਿੱਤਾ ਜਾਂਦਾ ਤਾਂ ਟਲ ਸਕਦਾ ਸੀ ਹਾਦਸਾ
ਨਗਰ ਕੀਰਤਨ 'ਚ ਸੰਗਤਾਂ ਤੋਂ ਇਲਾਵਾ ਦੋ ਟਰਾਲੀਆਂ 'ਚ ਮੌਜੂਦ ਕੁੱਝ ਬੋਰੇ ਵਿਸਫੋਟਕ ਆਤਿਸ਼ਬਾਜ਼ੀ ਨਾਲ ਭਰੇ ਹੋਏ ਮੌਜੂਦ ਸਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਗਰ ਕੀਰਤਨ ਦੌਰਾਨ ਜਦੋਂ ਇਹ ਵਿਸਫੋਟਕ ਖਤਰਨਾਕ ਕਿਸਮ ਦੀ ਆਤਿਸ਼ਬਾਜ਼ੀ ਜੋ ਵਿਸ਼ੇਸ਼ ਤੌਰ 'ਤੇ ਕਿਸੇ ਪ੍ਰਬੰਧਕ ਵਲੋਂ ਤਿਆਰ ਕਰਵਾਈ ਗਈ ਸੀ, ਨੂੰ ਬੱਚੇ ਸ਼ਰੇਆਮ ਇਕ ਲੋਹੇ ਦੇ ਔਜ਼ਾਰ 'ਚ ਪਾ ਕੇ ਚਲਾ ਰਹੇ ਸਨ ਤਾਂ ਇਸ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵੀ ਵੇਖ ਰਹੇ ਸਨ। ਪਰ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਹ ਮਾਮਲਾ ਜਦੋਂ ਥਾਣਾ ਭਿੱਖੀਵਿੰਡ ਦੇ ਮੁਖੀ ਦੇ ਧਿਆਨ 'ਚ ਆਇਆ ਤਾਂ ਉਨ੍ਹਾਂ ਇਨ੍ਹਾਂ ਬੋਰਿਆਂ ਨੂੰ ਕਬਜ਼ੇ 'ਚ ਲੈ ਲਿਆ, ਜਿਸ ਤੋਂ ਬਾਅਦ ਧਾਰਮਕ ਗੱਲਾਂ ਰਾਹੀਂ ਥਾਣਾ ਮੁਖੀ ਉੱਪਰ ਕੁੱਝ ਪ੍ਰਬੰਧਕਾਂ ਵਲੋਂ ਇੰਨਾ ਜ਼ਿਆਦਾ ਦਬਾਅ ਬਣਾ ਦਿੱਤਾ ਗਿਆ ਕਿ ਉਸ ਨੂੰ ਇਹ ਬਾਰੂਦ ਨਾਲ ਭਰੇ ਬੋਰਿਆਂ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ। ਜਦੋਂ ਇਹ ਟਰਾਲੀ ਪਿੰਡ ਪਲਾਸੌਰ ਨਜ਼ਦੀਕ ਪੁੱਜੀ ਤਾਂ ਇਸ 'ਚ ਮੌਜੂਦ ਇਹ ਵਿਸਫੋਟਕ ਸਮੱਗਰੀ, ਜਿਸ 'ਚ ਪੋਟਾਸ ਅਤੇ ਗੰਧਕ ਦਾ ਮਿਸ਼ਰਨ ਵੀ ਸ਼ਾਮਲ ਹੋ ਸਕਦਾ ਹੈ, ਨਾਲ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਨਾਲ ਕੁੱਲ ਤਿੰਨ ਘਰਾਂ ਦੇ ਅਨਮੋਲ ਚਿਰਾਗ ਬੁਝ ਗਏ ਅਤੇ 10 ਜ਼ਖਮੀ ਹੋ ਗਏ।
ਗੁਰਦੁਆਰਾ ਪ੍ਰਬੰਧਕਾਂ ਤੋਂ ਵੀ ਹੋ ਸਕਦੀ ਹੈ ਪੁੱਛਗਿੱਛ
ਇਸ ਮਾਮਲੇ ਦੀ ਜਾਂਚ 'ਚ ਗੁਰਦੁਆਰਾ ਪ੍ਰਬੰਧਕਾਂ ਤੋਂ ਲੈ ਕੇ ਪੁਲਸ ਅਤੇ ਹੋਰਾਂ ਨੂੰ ਸ਼ਾਮਲ ਕੀਤੇ ਜਾਣ ਦੀ ਆਸ਼ੰਕਾ ਹੈ। ਇਸ 'ਚ ਆਤਿਸ਼ਬਾਜ਼ੀ ਕਿੱਥੋਂ, ਕਿੰਨੀ ਅਤੇ ਕੌਣ ਲਿਆਇਆ ਇਕ ਖਾਸ ਗੱਲ਼ ਹੋਵੇਗੀ, ਜਿਸ ਤੋਂ ਬਾਅਦ ਜਾਂਚ ਨੂੰ ਮੁਕੰਮਲ ਤੌਰ 'ਤੇ ਖਤਮ ਕਰਦੇ ਹੋਏ ਇਸ ਦੀ ਰਿਪੋਰਟ ਡੀ. ਸੀ. ਰਾਹੀਂ ਮੁੱਖ ਮੰਤਰੀ ਨੂੰ ਭੇਜੀ ਜਾਵੇਗੀ।
ਪੁਲਸ ਆਪਣੇ ਪੱਧਰ 'ਤੇ ਕਰ ਰਹੀ ਜਾਂਚ
ਇਸ ਦੇ ਨਾਲ ਹੀ ਜ਼ਿਲਾ ਪੁਲਸ ਦੇ ਕੁਝ ਸੀਨੀਅਰ ਅਧਿਕਾਰੀ ਆਪਣੇ ਪੱਧਰ 'ਤੇ ਵੱਖਰੀ ਜਾਂਚ 'ਚ ਜੁਟ ਗਏ ਹਨ, ਜਿਸ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆ ਸਕਦੀ ਹੈ ਕਿ ਆਤਿਸ਼ਬਾਜ਼ੀ ਦੇ ਬੋਰੇ ਫੜਨ ਵਾਲੇ ਥਾਣਾ ਮੁਖੀ ਨੂੰ ਕਿਸ ਵਿਅਕਤੀ ਨੇ ਕਿਉਂ ਦਬਾਅ ਬਣਾਇਆ ਅਤੇ ਥਾਣਾ ਮੁਖੀ ਨੇ ਇਸ ਬਾਰੂਦ ਨੂੰ ਬਰਾਮਦ ਕਰਨ ਤੋਂ ਬਾਅਦ ਦੁਬਾਰਾ ਕਿਉਂ ਛੱਡਿਆ।
ਬਾਜ਼ਾਰਾਂ 'ਚ ਸ਼ਰੇਆਮ ਮਿਲ ਰਿਹੈ ਮੌਤ ਦਾ ਸਾਮਾਨ
ਕਿਸੇ ਹੋਰ ਕੰਮਾਂ 'ਚ ਵਰਤੀ ਜਾਣ ਵਾਲੀ ਗੰਧਕ ਅਤੇ ਪੋਟਾਸ ਨੂੰ ਜੋ ਅੰਮ੍ਰਿਤਸਰ ਦੇ ਕਈ ਵੱਖ-ਵੱਖ ਇਲਾਕਿਆਂ 'ਚ 250 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਰਾਮ ਨਾਲ ਮਿਲ ਜਾਂਦੀ ਹੈ। ਗੰਧਕ ਜਿਸ ਦਾ ਰੰਗ ਪੀਲਾ ਹੁੰਦਾ ਹੈ ਅਤੇ ਪੋਟਾਸ ਦਾ ਰੰਗ ਸਫੈਦ ਹੁੰਦਾ ਹੈ। ਜਦੋਂ ਇਨ੍ਹਾਂ ਦੋਵਾਂ ਨੂੰ ਇਕ ਥਾਂ 'ਤੇ ਰੱਖ ਕੇ ਇਸ 'ਤੇ ਕੋਈ ਹਥੌੜੇ ਵਾਂਗ ਵਾਰ ਕੀਤਾ ਜਾਂਦਾ ਹੈ ਤਾਂ ਇਸ ਦਾ ਜ਼ੋਰਦਾਰ ਧਮਾਕਾ ਹੁੰਦਾ ਹੈ। ਇਹ ਮਿਸ਼ਰਨ ਕਿਸੇ ਵੇਲੇ ਅੱਗ ਦੀ ਵਰਤੋਂ ਨਾਲ ਵੀ ਵਰਤੋਂ 'ਚ ਲਿਆਂਦਾ ਜਾਂਦਾ ਹੈ। ਇਨ੍ਹਾਂ ਖਤਰਨਾਕ ਪਦਾਰਥਾਂ ਦਾ ਆਸਾਨੀ ਨਾਲ ਬਾਜ਼ਾਰ 'ਚ ਮਿਲ ਜਾਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਖਤਰਨਾਕ ਕਿਸਮ ਦੇ ਜਾਨਲੇਵਾ ਪਦਾਰਥਾਂ ਦੀ ਵਿੱਕਰੀ 'ਤੇ ਰੋਕ ਕਿਉਂ ਨਹੀਂ ਲਾਈ ਜਾ ਰਹੀ।
ਤਿੰਨ ਹੋਰ ਜ਼ਖਮੀਆਂ ਨੂੰ ਕੀਤਾ ਸ਼ਿਫਟ
ਬੀਤੇ ਕੱਲ ਹਰਮਨ ਸਿੰਘ ਪੁੱਤਰ ਸੁਖਰਾਜ ਸਿੰਘ ਵਾਸੀ ਪਿੰਡ ਪਹੂਵਿੰਡ ਨੂੰ ਲੁਧਿਆਣਾ ਵਿਖੇ ਡੀ. ਐੱਮ. ਸੀ. ਵਿਖੇ ਸ਼ਿਫਟ ਕਰਨ ਉਪਰੰਤ ਅੱਜ ਉਸ ਦੇ ਭਰਾ ਹਰਨੂਰ ਸਿੰਘ ਤੋਂ ਇਲਾਵਾ ਚਚੇਰੇ ਭਰਾ ਗੁਰਸਿਮਰਤ ਸਿੰਘ ਅਤੇ ਅਜੇਪਾਲ ਸਿੰਘ ਨੂੰ ਵੀ ਇਲਾਜ ਲਈ ਡੀ. ਐੱਮ. ਸੀ. ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ। ਜਿਨ੍ਹਾਂ ਦੀ ਹਾਲਤ 'ਚ ਕੁੱਝ ਸੁਧਾਰ ਹੋ ਰਿਹਾ ਹੈ।
ਐੱਸ. ਡੀ. ਐੱਮ. ਰਜਨੀਸ਼ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵਲੋਂ ਬੁੱਧਵਾਰ ਤੋਂ ਇਸ ਹਾਦਸੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਮਾਮਲੇ 'ਚ ਜਾਂਚ ਹਰ ਪੱਖ ਤੋਂ ਵੇਖਦੇ ਹੋਏ ਸ਼ੁਰੂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਸ ਦੀ ਰਿਪੋਰਟ ਡੀ. ਸੀ. ਸਾਹਿਬ ਨੂੰ ਸੌਂਪੀ ਜਾਵੇਗੀ। ਇਸ ਜਾਂਚ ਨੂੰ ਜਲਦ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਪੰਜਾਬ 'ਚ ਪਰਾਲੀ ਦੇ ਪ੍ਰਬੰਧ ਲਈ ਬਣੀ ਕਮੇਟੀ, 2 ਮਹੀਨਿਆਂ 'ਚ ਦੇਵੇਗੀ ਰਿਪੋਰਟ
NEXT STORY