ਤਰਨਤਾਰਨ (ਬੱਲ) : ਸਰਹੱਦੀ ਜ਼ਿਲਾ ਤਰਨਤਾਰਨ 'ਚ ਨਸ਼ਿਆਂ ਕਾਰਣ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਅਤੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਜ਼ਿਕਰਯੋਗ ਉਪਾਅ ਨਾ ਕੀਤੇ ਜਾਣ ਕਰ ਕੇ ਜਿਥੇ ਨਸ਼ੇੜੀ ਨੌਜਵਾਨਾਂ ਦੇ ਮਾਪੇ ਪ੍ਰੇਸ਼ਾਨ ਹਨ, ਉਥੇ ਹੀ ਸਮਾਜ ਸੇਵੀ ਅਤੇ ਨਸ਼ਾ ਵਿਰੋਧੀ ਸੰਸਥਾਵਾਂ ਨਾਲ ਸਬੰਧਤ ਲੋਕ ਵੀ ਚਿੰਤਾ ਦੇ ਆਲਮ ਵਿਚ ਹਨ ਕਿ ਆਖਰ ਨਸ਼ਿਆਂ ਦਾ ਜੜ੍ਹੋਂ ਖਾਤਮਾ ਕਿਵੇਂ ਹੋਵੇਗਾ । ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ 532 ਕਿਲੋ ਹੈਰੋਇਨ ਮਾਮਲੇ 'ਚ ਅੰਮ੍ਰਿਤਸਰ ਦੇ ਵਪਾਰੀ ਗੁਰਪਿੰਦਰ ਸਿੰਘ ਦੀ ਜੇਲ ਵਿਚ ਭੇਤਭਰੀ ਹਾਲਤ 'ਚ ਮੌਤ ਨਾਲ ਇਸ ਕੇਸ ਸਬੰਧੀ ਚੱਲ ਰਹੀ ਜਾਂਚ ਪ੍ਰਭਾਵਿਤ ਹੋਣ ਦਾ ਖਦਸ਼ਾ ਵੀ ਵਧ ਗਿਆ ਹੈ। ਇਸੇ ਤਰ੍ਹਾਂ ਹੀ ਸਰਹੱਦੀ ਪਿੰਡਾਂ, ਸ਼ਹਿਰਾਂ 'ਚ ਵੀ ਅਨੇਕਾਂ ਲੋਕ ਪਾਬੰਦੀਸ਼ੁਦਾ ਨਸ਼ਾ, ਹੈਰੋਇਨ ਆਦਿ ਦਾ ਸ਼ਰੇਆਮ ਵਪਾਰ ਕਰ ਰਹੇ ਹਨ ਅਤੇ ਇਹ ਨਸ਼ਾ ਕਾਰੋਬਾਰੀ ਕਈ ਵਾਰ ਪੁਲਸ ਅੜਿੱਕੇ ਵੀ ਆ ਚੁੱਕੇ ਹਨ ਪਰ ਅਦਾਲਤ ਦੁਆਰਾ ਜ਼ਮਾਨਤ ਮਿਲਣ ਤੋਂ ਬਾਅਦ ਵੀ ਜ਼ਿਆਦਾਤਰ ਨਸ਼ਾ ਕਾਰੋਬਾਰੀ ਫਿਰ ਇਸੇ ਕਾਰੋਬਾਰ 'ਚ ਲੱਗ ਜਾਂਦੇ ਹਨ।
ਮਿਲੀ ਜਾਣਕਾਰੀ ਅਨੁਸਾਰ ਇਸ ਸਰਹੱਦੀ ਖੇਤਰ 'ਚ ਅਨੇਕਾਂ ਹੀ ਨੌਜਵਾਨ ਨਸ਼ਿਆਂ ਦੀ ਜ਼ਿਆਦਾ ਡੋਜ਼ ਕਾਰਣ ਹੁਣ ਤੱਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ। ਆਲਮ ਇਹ ਹੈ ਕਿ ਇਸ ਮਹਿੰਗੇ ਨਸ਼ੇ ਦੀ ਲਤ ਧਨਾਢ ਪਰਿਵਾਰਾਂ ਦੇ ਨੌਜਵਾਨਾਂ ਤੋਂ ਬਾਅਦ ਹੁਣ ਕਈ ਮਜ਼ਦੂਰਾਂ ਅਤੇ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਵੀ ਆਪਣੀ ਗ੍ਰਿਫਤ 'ਚ ਲੈ ਚੁੱਕੀ ਹੈ, ਜਿਸ ਕਾਰਣ ਗਰੀਬ ਨਸ਼ੇੜੀਆਂ ਨੂੰ ਲੁੱਟਾਂ-ਖੋਹਾਂ ਆਦਿ ਕਰਨੀਆਂ ਪੈਂਦੀਆਂ ਹਨ ਤਾਂ ਜੋ ਉਹ ਇਸ ਮਹਿੰਗੇ ਨਸ਼ੇ ਦੀ ਲਤ ਨੂੰ ਪੂਰਾ ਕਰ ਸਕਣ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀ. ਆਗੂ ਇਕਬਾਲ ਸਿੰਘ ਸੰਧੂ ਨੇ ਇਸ ਸੰਦਰਭ 'ਚ ਕਿਹਾ ਕਿ ਕੈਪ. ਸਰਕਾਰ ਨਸ਼ੇ ਖਤਮ ਕਰਨ ਦੀਆਂ ਗੱਲਾਂ ਕੇਵਲ ਸਟੇਜਾਂ ਜਾਂ ਬਿਆਨਾਂ ਰਾਹੀਂ ਹੀ ਕਰ ਰਹੀ ਹੈ, ਜਦਕਿ ਸਾਡੇ ਨੌਜਵਾਨ ਭਰ ਜਵਾਨੀ 'ਚ ਜਾਨ ਤੋਂ ਹੱਥ ਧੋ ਰਹੇ ਹਨ। ਮਾਪਿਆਂ ਦੇ ਮੰਦੇ ਹਾਲ ਹਨ ਅਤੇ ਨਸ਼ੇ ਸ਼ਰੇਆਮ ਵਿਕ ਰਹੇ ਹਨ। ਕੁਲ ਮਿਲਾ ਕੇ ਆਮ ਲੋਕਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀਆਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਚਾਹੇ ਤਾਂ ਨਸ਼ਿਆਂ ਦਾ ਦੌਰ ਜੜ੍ਹੋਂ ਖਤਮ ਹੋ ਸਕਦਾ ਹੈ।
ਚੱਟਾਨ ਡਿੱਗਣ ਨਾਲ ਰਣਜੀਤ ਸਾਗਰ ਡੈਮ ਮਾਰਗ ਬੰਦ
NEXT STORY