ਤਲਵੰਡੀ ਸਾਬੋ, (ਮੁਨੀਸ਼)- ਨਿਊਜ਼ੀਲੈਂਡ ਵਿਚ ਪੜ੍ਹਾਈ ਕਰਨ ਗਏ ਨੇੜਲੇ ਪਿੰਡ ਭਾਗੀਵਾਂਦਰ ਦੇ ਇਕ ਨੌਜਵਾਨ ਦੀ ਉੱਥੇ ਹਾਰਵੈਸਟਿੰਗ ਮਸ਼ੀਨ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਚੇਤ ਉਥੇ ਪੜ੍ਹਾਈ ਦੇ ਨਾਲ-ਨਾਲ ਵਾਈਕਾਟੋ ਜ਼ਿਲੇ ਦੇ ਪੂਨੀ ਸਥਿਤ ਫਾਰਮ ਹਾਊਸ ਵਿਚ ਕੰਮ ਕਰਨ ਲੱਗ ਗਿਆ ਸੀ ਤੇ ਕੰਮ ਦੌਰਾਨ ਹੀ ਬੀਤੇ ਕੱਲ ਬਾਅਦ ਦੁਪਹਿਰ ਉਸ ਦੀ ਆਲੂ ਪੁੱਟਣ ਵਾਲੀ ਹਾਰਵੈਸਟਿੰਗ ਮਸ਼ੀਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਪਿੰਡ ਦੇ ਮੋਹਤਬਰ ਆਗੂ ਚਰਨਾ ਸਿੰਘ ਅਨੁਸਾਰ ਹੁਣ ਹਰਚੇਤ ਨੇ ਪੱਕਾ ਹੋਣ ਲਈ ਫਾਈਲ ਲਾਈ ਹੋਈ ਸੀ ਤੇ ਕਰੀਬ ਇਕ ਹਫਤਾ ਪਹਿਲਾਂ ਹੀ ਉਸ ਨੂੰ ਕੀਤੇ ਫੋਨ ਰਾਹੀਂ ਦੱਸਿਆ ਸੀ ਕਿ ਉਸ ਦੇ ਜਲਦੀ ਪੱਕਾ ਹੋਣ ਦੀ ਉਮੀਦ ਹੈ ਤੇ ਉਹ ਲਗਭਗ ਦੋ ਮਹੀਨਿਆਂ ਬਾਅਦ ਵਾਪਸ ਪਿੰਡ ਆਵੇਗਾ ਪਰ ਉਸ ਦੀ ਵਾਪਸੀ ਦੀ ਉਡੀਕ ਹੁਣ ਕਦੇ ਨਾ ਮੁੱਕਣ ਵਾਲੀ ਉਡੀਕ 'ਚ ਤਬਦੀਲ ਹੋ ਗਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਨੌਜਵਾਨ ਹਰਚੇਤ ਦੀ ਮੌਤ ਬਾਬਤ ਅਜੇ ਉਸ ਦੇ ਮਾਤਾ-ਪਿਤਾ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਰਚੇਤ ਸਿੰਘ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਇਕ ਭਰਾ ਹਰਚਰਨ ਸਿੰਘ ਤੇ ਦੋ ਭੈਣਾਂ ਛੱਡ ਗਿਆ, ਜੋ ਵਿਆਹੀਆਂ ਹੋਈਆਂ ਹਨ। ਪਤਾ ਇਹ ਵੀ ਲੱਗਾ ਹੈ ਕਿ ਆਕਲੈਂਡ ਸਥਿਤ ਭਾਰਤੀ ਹਾਈ ਕਮਿਸ਼ਨ ਦਫਤਰ ਨੇ ਹਰਚੇਤ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਭੇਜਣ ਲਈ ਕਾਨੂੰਨੀ ਪ੍ਰਕਿਰਿਆ ਆਰੰਭ ਦਿੱਤੀ ਹੈ, ਜਿਸ ਵਿਚ ਉੱਥੇ ਵਸਦੇ ਭਾਰਤੀ ਵੀ ਸਹਿਯੋਗ ਕਰ ਰਹੇ ਹਨ। ਪਿੰਡ ਦੇ ਵਸਨੀਕ ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਕਾਂਗਰਸੀ ਆਗੂ ਵੀਰਇੰਦਰ ਸਿੰਘ ਭਾਗੀਵਾਂਦਰ ਅਤੇ ਅਕਾਲੀ ਆਗੂ ਮੋਤੀ ਸਿੰਘ ਸਮੇਤ ਪਿੰਡ ਵਾਸੀਆਂ ਦੀ ਵੀ ਮੰਗ ਹੈ ਕਿ ਮ੍ਰਿਤਕ ਨੌਜਵਾਨ ਦੀ ਦੇਹ ਸੁਰੱਖਿਅਤ ਤਰੀਕੇ ਨਾਲ ਵਾਪਸ ਭੇਜੀ ਜਾਵੇ ਤੇ ਨੌਜਵਾਨ ਦੇ ਪਰਿਵਾਰ ਨੂੰ ਬਣਦੀ ਮਦਦ ਮੁਹੱਈਆ ਕਰਵਾਈ ਜਾਵੇ।
ਬੀ. ਆਰ. ਟੀ. ਐੱਸ. ਪ੍ਰਾਜੈਕਟ ਨੂੰ ਸਿੱਧੂ ਨੇ ਦੱਸਿਆ 'ਪ੍ਰੀਮਚਿਓਰਡ ਚਾਈਲਡ'
NEXT STORY