ਬਨੂਡ਼, (ਗੁਰਪਾਲ)- ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵੱਲੋਂ ਸੂਬੇ ਵਿਚ ਨਾਜਾਇਜ਼ ਮਾਈਨਿੰਗ ਰੋਕਣ ਦੇ ਦਾਅਵੇ ਠੁੱਸ ਹੁੰਦੇ ਨਜ਼ਰ ਆਏ ਜਦੋਂ ਬਨੂਡ਼ ਨੇਡ਼ਲੇ ਪਿੰਡ ਸਲੇਮਪੁਰ ਨੰਗਲ ਦੀ ਪੰਚਾਇਤੀ ਖੇਤੀ ਜੋ ਜ਼ਮੀਨ ਵਿਚੋਂ ਅਦਾਲਤੀ ਸਟੇਅ ਹੋਣ ਦੇ ਬਾਵਜੂਦ ਧਡ਼ੱਲੇ ਨਾਲ ਸਿਆਸੀ ਸ਼ਹਿ ’ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਸਲੇਮਪੁਰ ਨੰਗਲ ਦੇ ਸਾਬਕਾ ਸਰਪੰਚ ਕਾਕਾ ਸਿੰਘ, ਭਾਜਪਾ ਆਗੂ ਰਿੰਕੂ ਸਲੇਮਪੁਰੀਆ, ਗੋਗੀ ਰਾਮ, ਕ੍ਰਿਸ਼ਨ ਕੁਮਾਰ, ਜਗਤਾਰ ਸਿੰਘ, ਹਰਜਿੰਦਰ ਸਿੰਘ ਤੇ ਦਰਸ਼ਨ ਸਿੰਘ ਤੋਂ ਇਲਾਵਾ ਹੋਰ 2 ਦਰਜਨ ਦੇ ਲਗਭਗ ਵਸਨੀਕਾਂ ਨੇ ਦੱਸਿਆ ਕਿ ਪਿੰਡ ਦੀ ਪੰਚਾਇਤੀ ਖੇਤੀ ਯੋਗ ਜ਼ਮੀਨ ਦੀ ਬੋਲੀ 25 ਮਈ ਨੂੰ ਦੋ ਵਿਅਕਤੀਆਂ ਨੇ ਇਕ ਸਾਲ ਲਈ ਠੇਕੇ ’ਤੇ ਲਈ ਸੀ ਪਰ ਉਨ੍ਹਾਂ ਵਿਅਕਤੀਆਂ ਨੇ 27 ਮਈ ਨੂੰ ਵਾਹੀਯੋਗ ਜ਼ਮੀਨ ਵਿਚੋਂ ਨਾਜਾਇਜ਼ ਮਾਈਨਿੰਗ ਲਈ ਕੰਮ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਜ਼ਮੀਨ ਵਿਚੋਂ ਫਿਰ ਮਾਈਨਿੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੰਚਾਇਤੀ ਮਤੇ ਪਾ ਕੇ ਬੋਲੀਕਾਰਾਂ ਖਿਲਾਫ ਕਾਰਵਾਈ ਕਰਨ ਲਈ ਬੀ. ਡੀ. ਪੀ. ਓ. ਰਾਜਪੁਰਾ ਨੂੰ ਕਿਹਾ ਪਰ ਕੋਈ ਕਾਰਵਾਈ ਨਹੀਂ ਹੋਈ ਸਗੋਂ ਪੰਚਾਇਤੀ ਜ਼ਮੀਨ ਵਿਚੋਂ 30 ਤੋਂ 50 ਫੁੱਟ ਤੱਕ ਪੋਕਲੈਨ ਮਸ਼ੀਨਾਂ ਨਾਲ ਮਿੱਟੀ ਤੇ ਰੇਤਾ ਚੁੱਕ ਕੇ ਟੋਏ ਪੁੱਟ ਦਿੱਤੇ। ਇਸ ਦੇ ਵਿਰੁੱਧ ਪਿੰਡ ਵਾਸੀਅਾਂ ਨੇ ਮਾਣਯੋਗ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ, ਜਿਸ ’ਤੇ 15 ਜੂਨ ਨੂੰ ਸਟੇਅ ਹੋ ਗਈ। ਸਟੇਅ ਬਾਰੇ ਪੁਲਸ, ਮਾਈਨਿੰਗ ਵਿਭਾਗ ਤੇ ਪੰਚਾਇਤੀ ਅਧਿਕਾਰੀਆਂ ਨੂੰ ਕਾਪੀ ਦੇਣ ਦੇ ਬਾਵਜੂਦ ਪੰਚਾਇਤੀ ਜ਼ਮੀਨ ਵਿਚੋਂ ਸਿਆਸੀ ਸ਼ਹਿ ’ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਪਿੰਡ ਦੇ ਵਸਨੀਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਮਾਈਨਿੰਗ ਬੰਦ ਨਾ ਹੋਈ ਤਾਂ ਉਹ ਵੱਡਾ ਸੰਘਰਸ਼ ਕਰਨਗੇ।
ਇਸ ਮਾਮਲੇ ਬਾਰੇ ਜਦੋਂ ਮੋਹਾਲੀ ਮਾਈਨਿੰਗ ਵਿਭਾਗ ਦੇ ਜੀ. ਐੱਮ. ਸੇਖੋਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਈਨਿੰਗ ਰੋਕਣ ਦਾ ਕੰਮ ਪੰਚਾਇਤ ਤੇ ਪੁਲਸ ਵਿਭਾਗ ਦਾ ਹੈ। ਜਦੋਂ ਬੀ. ਡੀ. ਪੀ. ਓ. ਰਾਜਪੁਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਚਾਇਤੀ ਵਾਹੀਯੋਗ ਜ਼ਮੀਨ ਵਿਚੋਂ ਮਾਈਨਿੰਗ ਰੋਕਣ ਲਈ ਪੁਲਸ ਵਿਭਾਗ ਨੂੰ ਲਿਖਿਆ ਗਿਆ ਹੈ।
ਕੋਈ ਮਾਈਨਿੰਗ ਨਹੀਂ ਹੋ ਰਹੀ : ਥਾਣਾ ਮੁਖੀ
ਪੰਚਾਇਤੀ ਜ਼ਮੀਨ ਵਿਚੋਂ ਸਟੇਅ ਹੋਣ ਦੇ ਬਾਵਜੂਦ ਹੋ ਰਹੀ ਮਾਈਨਿੰਗ ਬਾਰੇ ਜਦੋਂ ਥਾਣਾ ਮੁਖੀ ਸੁਖਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਤੇ ਮਾਈਨਿੰਗ, ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਪੰਚਾਇਤੀ ਜ਼ਮੀਨ ਦਾ ਦੌਰਾ ਕੀਤਾ ਤਾਂ ਉਥੇ ਕੋਈ ਮਾਈਨਿੰਗ ਨਾ ਹੋਣ ਬਾਰੇ ਕਿਹਾ।
ਖੇਤੀਬਾਡ਼ੀ ਵਿਭਾਗ ਨੇ ਪੂਰੇ ਜ਼ਿਲੇ ’ਚ ਕੀਤੀ ਛਾਪੇਮਾਰੀ
NEXT STORY