ਲੁਧਿਆਣਾ, (ਮਹੇਸ਼)- ਰਾਂਚੀ ਕਾਲੋਨੀ ਵਿਚ ਪੀ. ਸੀ. ਆਰ. ਮੁਲਾਜ਼ਮ ਸੁਖਦੀਪ ਸਿੰਘ ਦੀ ਕਥਿਤ ਤੌਰ 'ਤੇ ਖੋਹੀ ਗਈ ਕਾਰਬਾਈਨ ਅਤੇ ਘਟਨਾ 'ਚ ਵਰਤੀ ਗਈ ਕਾਰ ਪੁਲਸ ਨੇ ਨਗਰ ਨਿਗਮ ਦੀ ਬਹੁ-ਮੰਜ਼ਿਲਾ ਪਾਰਕਿੰਗ 'ਚੋਂ ਬਰਾਮਦ ਕਰ ਲਈ ਹੈ । ਇਹ ਕਾਰਬਾਈਨ ਮੰਗਲਵਾਰ ਰਾਤ ਕਰੀਬ 9.30 ਵਜੇ ਪੁਲਸ ਮੁਲਾਜ਼ਮ ਅਤੇ ਕਾਰ ਚਾਲਕ ਦੇ ਵਿਚਕਾਰ ਹੋਈ ਤਕਰਾਰ ਦੌਰਾਨ ਕਾਰ ਦੇ ਦਰਵਾਜ਼ੇ ਵਿਚ ਫਸ ਗਈ ਸੀ ਅਤੇ ਕਾਰ ਚਾਲਕ ਕਾਰ ਭਜਾ ਕੇ ਲੈ ਗਿਆ ਸੀ । ਇਸ ਸਬੰਧ ਵਿਚ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਲੁੱਟ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ 'ਚ ਕੇਸ ਦਰਜ ਕੀਤਾ ਸੀ ।
ਪੁਲਸ ਵੱਲੋਂ ਬੁੱਧਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਪ੍ਰੈੱਸ ਨੋਟ 'ਚ ਮਾਮਲੇ ਦੀ ਪੂਰੀ ਤਰ੍ਹਾਂ ਲੀਪਾ-ਪੋਚੀ ਕਰ ਦਿੱਤੀ ਗਈ ਹੈ, ਜਿਸ ਵਿਚ ਕਾਰ ਚਾਲਕ ਅਤੇ ਉਸ ਵਿਚ ਬੈਠੀ ਇਕ ਮੁਟਿਆਰ ਅਤੇ ਹੋਰ ਇਕ ਨੌਜਵਾਨ ਨੂੰ ਫੜੇ ਜਾਣ ਦਾ ਦਾਅਵਾ ਨਹੀਂ ਕੀਤਾ ਗਿਆ, ਸਗੋਂ ਆਪਣੇ ਅੰਦਾਜ਼ੇ ਨਾਲ ਹੀ ਕਿਸੇ ਗਲਤਫਹਿਮੀ ਵਿਚ ਹੋਈ ਘਟਨਾ ਮੰਨ ਲਿਆ ਹੈ ਪਰ ਪੀ. ਸੀ. ਆਰ. ਮੁਲਾਜ਼ਮਾਂ ਕੋਲ ਦਿੱਤੇ ਗਏ ਹਥਿਆਰ ਕਿਸ ਹੱਦ ਤੱਕ ਸੁਰੱਖਿਅਤ ਹਨ, ਇਸ ਦੀ ਪੋਲ ਕੱਲ ਦੀ ਘਟਨਾ ਨੇ ਖੋਲ੍ਹ ਕੇ ਰੱਖ ਦਿੱਤੀ ਹੈ ।
ਉਧਰ ਸੂਤਰਾਂ ਦਾ ਕਹਿਣਾ ਹੈ ਕਿ ਬਰਾਮਦ ਕੀਤੀ ਗਈ ਕਾਰ ਹੈਬੋਵਾਲ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਹੈ, ਜਿਸ ਦੀ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ । ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕੱਲ ਰਾਤ ਨੂੰ ਜਦੋਂ ਕਾਰ ਨੇ ਪੀ. ਸੀ. ਆਰ. ਬਾਈਕ ਨੂੰ ਟੱਕਰ ਮਾਰੀ ਤਾਂ ਸੁਖਦੀਪ ਤੁਰੰਤ ਉੱਠ ਗਿਆ ਸੀ ਪਰ ਚੇਤ ਸਿੰਘ ਬਾਈਕ ਦੇ ਹੇਠਾਂ ਫਸ ਗਿਆ ਸੀ, ਜਿਸ ਕਾਰਨ ਉਹ ਆਪਣੇ ਆਪ ਨੂੰ ਖੜ੍ਹਾ ਨਹੀਂ ਕਰ ਸਕਿਆ ਅਤੇ ਇੰਨੇ ਵਿਚ ਕਾਰ ਚਾਲਕ ਗੱਡੀ ਭਜਾ ਕੇ ਲੈ ਗਿਆ । ਪੁਲਸ ਕਮਿਸ਼ਨਰ ਦਫ਼ਤਰ ਮੁਤਾਬਕ ਮਾਮਲੇ ਦੀ ਹਾਲੇ ਜਾਂਚ ਜਾਰੀ ਹੈ, ਜੋ ਕਿ ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਕਰ ਰਹੇ ਹਨ ।
ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ੀ ਨੂੰ 15 ਸਾਲ ਦੀ ਕੈਦ
NEXT STORY