ਬਾਘਾਪੁਰਾਣਾ, (ਚਟਾਨੀ/ਮੁਨੀਸ਼)- ਭਾਰੀ ਮੀਂਹ, ਢੋਆ-ਢੁਆਈ ਦੇ ਸਾਧਨਾਂ ਦੀ ਆਏ ਦਿਨ ਹੜਤਾਲ, ਗਰਮੀ ਦਾ ਕਹਿਰ ਆਦਿ ਵੱਡੇ ਕਾਰਨਾਂ ਕਰ ਕੇ ਮੰਡੀਆਂ ਅੰਦਰਲੀ ਮੱਠੀ ਪਈ ਸਬਜ਼ੀਆਂ ਦੀ ਆਮਦ ਸਦਕਾ ਕੀਮਤਾਂ ਆਸਮਾਨ ਵੱਲ ਤੁਰ ਪਈਆਂ ਹਨ, ਜਿਸ ਨੇ ਘਰੇਲੂ ਰਸੋਈ ਦੇ ਬਜਟ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਸਾਰਾ ਸੀਜ਼ਨ ਮੂਧੇ ਮੂੰਹ ਡਿੱਗਿਆ ਰਿਹਾ ਆਲੂ ਹੁਣ ਰਸੋਈ ਦਾ ਰਾਜਾ ਬਣ ਗਿਆ ਹੈ। ਭਿੰਡੀ, ਸ਼ਿਮਲਾ ਮਿਰਚ, ਬੈਂਗਣ, ਹਰੀ ਮਿਰਚ, ਖੀਰਾ ਆਦਿ ਭਾਵੇਂ ਸਾਉਣ ਮਹੀਨੇ ਦੀਆਂ ਮੋਹਰੀ ਸਬਜ਼ੀਆਂ ਹਨ ਪਰ ਇਨ੍ਹਾਂ 'ਚੋਂ ਮੌਜੂਦਾ ਸਮੇਂ 'ਚ ਕੋਈ ਵੀ ਸਬਜ਼ੀ 50 ਰੁਪਏ ਪ੍ਰਤੀ ਕਿਲੋ ਤੋਂ ਘੱਟ ਨਹੀਂ। ਸਬਜ਼ੀਆਂ 'ਚ ਸਵਾਦ ਘੋਲਣ ਵਾਲੇ ਟਮਾਟਰ ਦੀ ਕੀਮਤ 70 ਰੁਪਏ ਕਿਲੋ ਹੋਣ ਕਾਰਨ ਸਬਜ਼ੀਆਂ ਵੀ ਬੇ-ਸੁਆਦੀਆਂ ਹੋ ਕੇ ਰਹਿ ਗਈਆਂ ਹਨ। ਸਬਜ਼ੀ ਖਰੀਦਣ ਵਾਲੇ ਗਾਹਕ ਜਿਹੜੇ ਧਨੀਏ ਦੀ ਗੁੱਛੀ ਮੁਫਤ ਚੁੱਕ ਕੇ ਲਿਫਾਫੇ 'ਚ ਪਾ ਲੈਂਦੇ ਸਨ, ਉਹੀ ਧਨੀਆ ਹੁਣ 20 ਰੁਪਏ ਦਾ ਲੈਣਾ ਪੈ ਰਿਹਾ ਹੈ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਭਾਰੀ ਮੀਂਹ ਉਪਰੰਤ ਪੈਂਦੀ ਤੇਜ਼ ਧੁੱਪ ਕਾਰਨ ਬੀਮਾਰੀਆਂ ਪੈਰ ਪਸਾਰ ਲੈਂਦੀਆਂ ਹਨ, ਜੋ ਸਬਜ਼ੀਆਂ ਦੇ ਉਤਪਾਦਨ ਅਤੇ ਮਿਆਰ 'ਤੇ ਮਾਰੂ ਅਸਰ ਕਰ ਜਾਂਦੀਆਂ ਹਨ। ਕੁਝ ਵੀ ਹੋਵੇ, ਸਬਜ਼ੀਆਂ ਦੇ ਵਧੇ ਰੇਟਾਂ ਨੇ ਥਾਲੀ 'ਚੋਂ ਸਵਾਦ ਗਾਇਬ ਕਰ ਦਿੱਤਾ ਹੈ।
ਇਸ ਸਬੰਧੀ ਸਾਧਾਰਨ ਘਰਾਂ ਦੀਆਂ ਸੁਆਣੀਆਂ ਕੁਸਮ ਬਾਲਾ, ਨੀਨੂੰ ਅਰੋੜਾ, ਰਾਣੀ ਸ਼ਰਮਾ, ਸੁਮਨ ਸੇਤੀਆ, ਮੰਜੂ, ਪ੍ਰੇਮ ਲਤਾ, ਰਜਨੀ ਸੇਤੀਆ, ਬਲਵਿੰਦਰ ਕੌਰ ਆਦਿ ਨੇ ਕਿਹਾ ਕਿ ਵਧੇ ਰੇਟਾਂ ਕਾਰਨ ਤਾਜ਼ੀਆਂ ਸਬਜ਼ੀਆਂ ਉਨ੍ਹਾਂ ਦੀ ਰਸੋਈ 'ਚੋਂ ਗਾਇਬ ਹੋ ਗਈਆਂ ਹਨ, ਜਦਕਿ ਦਾਲਾਂ ਦੀਆਂ ਕੀਮਤਾਂ ਵੀ ਅਜੇ ਹੇਠਾਂ ਨਹੀਂ ਆਈਆਂ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੰਗਾਂ ਸਬੰਧੀ ਬਿਜਲੀ ਮੁਲਾਜ਼ਮਾਂ ਵੱਲੋਂ ਧਰਨਾ
NEXT STORY