ਸ਼ਾਮਚੁਰਾਸੀ, (ਚੁੰਬਰ)- ਬਾਰਿਸ਼ ਕਾਰਨ ਤਿੰਨ ਪਿੰਡਾਂ ਧੁਦਿਆਲ, ਕੌਹਜਾ, ਕੋਟਲਾ ਦੀ 18 ਘੰਟੇ ਬਿਜਲੀ ਸਪਲਾਈ ਗੁੱਲ ਹੋਣ 'ਤੇ ਪਿੰਡ ਵਾਸੀਆਂ ਦਾ ਗੁੱਸਾ ਭੜਕ ਗਿਆ। ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਸਾਰੀ ਰਾਤ ਅਤੇ ਅੱਧਾ ਦਿਨ ਬੀਤ ਜਾਣ ਤੱਕ ਤਿੰਨਾਂ ਪਿੰਡਾਂ ਵਿਚ ਬਿਜਲੀ ਬੰਦ ਰਹੀ, ਜਿਸ ਕਾਰਨ ਪਾਣੀ ਦੀ ਭਾਰੀ ਦਿੱਕਤ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ।
ਪਿੰਡ ਵਾਸੀਆਂ ਨੇ ਕਿਹਾ ਕਿ ਉਹ ਰਾਤ 1 ਵਜੇ ਸ਼ਾਮਚੁਰਾਸੀ ਬਿਜਲੀ ਘਰ ਵਿਚ ਬਿਜਲੀ ਬੰਦ ਹੋਣ ਦੀ ਸ਼ਿਕਾਇਤ ਲੈ ਕੇ ਗਏ ਪਰ ਉਥੇ ਉਨ੍ਹਾਂ ਦੀ ਕਿਸੇ ਨਾ ਸੁਣੀ। ਸਬੰਧਿਤ ਜੇ. ਈ. ਨੂੰ ਵਾਰ-ਵਾਰ ਫੋਨ ਕਰਨ 'ਤੇ ਵੀ ਕੋਈ ਪੁਖਤਾ ਜਵਾਬ ਨਾ ਮਿਲਿਆ। ਸ਼ਿਕਾਇਤ ਦਫ਼ਤਰ ਚੰਡੀਗੜ੍ਹ 1912 ਨੰਬਰ 'ਤੇ ਵੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫੋਨ 'ਤੇ ਸੰਪਰਕ ਨਹੀਂ ਹੋ ਸਕਿਆ।
ਪਿੰਡ ਵਾਸੀਆਂ ਨੇ ਕਿਹਾ ਕਿ ਥੋੜ੍ਹਾ ਜਿਹਾ ਮੀਂਹ ਪੈਣ 'ਤੇ ਹੀ ਵਿਭਾਗ ਉਨ੍ਹਾਂ ਦੇ ਪਿੰਡਾਂ ਦੀ ਬਿਜਲੀ ਸਪਲਾਈ ਕੱਟ ਦਿੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਜਲੀ ਦੇ ਫਾਲਟ ਨੂੰ ਦੂਰ ਕਰਨ ਲਈ ਵਿਭਾਗ ਕੋਲ ਮੈਨ ਪਾਵਰ ਦੀ ਕਮੀ ਹੋਣ ਦਾ ਬਹਾਨਾ ਅਕਸਰ ਹੀ ਬਿਜਲੀ ਅਫ਼ਸਰਾਂ ਵੱਲੋਂ ਲਾਇਆ ਜਾਂਦਾ ਹੈ। ਲੋਕਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਨਿਰੰਤਰ ਬਿਜਲੀ ਸਪਲਾਈ ਦੀ ਸਹੂਲਤ ਯਕੀਨੀ ਬਣਾਈ ਜਾਵੇ।
ਜਦੋਂ ਇਸ ਸਬੰਧੀ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਮੁੱਖ ਲਾਈਨਾਂ ਦੇ ਆਸ-ਪਾਸ ਕਈ ਜਗ੍ਹਾ ਦਰੱਖ਼ਤ ਹੋਣ ਕਾਰਨ ਬਿਜਲੀ ਦਾ ਕੱਟ ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਲਾਇਆ ਜਾਂਦਾ ਹੈ। ਜਿਵੇਂ ਹੀ ਮੌਸਮ ਸਾਫ਼ ਹੁੰਦਾ ਹੈ ਤਾਂ ਬਿਜਲੀ ਸਪਲਾਈ ਚਲਾ ਦਿੱਤੀ ਜਾਂਦੀ ਹੈ।
ਪੰਜਾਬ ਰੋਡਵੇਜ਼/ਪਨਬਸ ਕਾਂਟਰੈਕਟ ਵਰਕਰਜ਼ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ
NEXT STORY