ਮੁੱਲਾਂਪੁਰ ਦਾਖਾ,(ਕਾਲੀਆ)- ਪਿੰਡ ਕਿਲਾ ਬੜੈਚ ਵਿਖੇ ਬੀਤੀ ਰਾਤ ਇਕ ਸ਼ਰਾਬੀ ਆਪਣੇ ਹੀ ਪਿੰਡ ਦੇ ਕਿਸੇ ਘਰ ਵਿਚ ਜਾ ਵੜਿਆ ਅਤੇ ਸ਼ਰਾਬ ਪੀਣ ਲਈ ਗਿਲਾਸ ਦੀ ਮੰਗ ਕਰਨ ਲੱਗਾ ਤਾਂ ਘਰ ਵਿਚ ਮੌਜੂਦ ਨੌਜਵਾਨ ਲੜਕੀ ਨੇ ਗਿਲਾਸ ਦੇਣ ਤੋਂ ਇਨਕਾਰ ਕਰ ਦਿੱਤਾ, ਬਸ ਫਿਰ ਕੀ ਸੀ ਸ਼ਰਾਬੀ ਨੇ ਨੌਜਵਾਨ ਲੜਕੀ ਨੂੰ ਕੁਟਾਪਾ ਚਾੜ੍ਹਨਾ ਸ਼ੁਰੂ ਕਰ ਦਿੱਤਾ, ਲੜਕੀ ਦੀਆਂ ਚੀਕਾਂ ਸੁਣ ਕੇ ਜਦੋਂ ਲੜਕੀ ਦਾ ਦਾਦਾ ਅਤੇ ਦਾਦੀ ਕਮਰੇ ਤੋਂ ਬਾਹਰ ਆਏ ਤਾਂ ਸ਼ਰਾਬੀ ਆਪਣਾ ਮੋਟਰਸਾਈਕਲ, ਸ਼ਰਾਬ ਦੀ ਬੋਤਲ ਅਤੇ ਉਸ ਕੋਲ ਜੋ ਟਕੂਆ ਸੀ ਛੱਡ ਕੇ ਮੌਕੇ 'ਤੋਂ ਫਰਾਰ ਹੋ ਗਿਆ। ਲੜਕੀ ਨੂੰ ਸਰਕਾਰੀ ਪ੍ਰੇਮ ਜੀਤ ਹਸਪਤਾਲ ਸੁਧਾਰ ਵਿਖੇ ਦਾਖਲ ਕਰਵਾਇਆ ਗਿਆ ਹੈ।
ਕੁੱਟਮਾਰ ਦੀ ਸ਼ਿਕਾਰ ਹੋਈ ਪੀੜਕ ਲੜਕੀ ਅਮਨਦੀਪ ਕੌਰ ਪੁੱਤਰੀ ਦਲਜੀਤ ਸਿੰਘ ਵਾਸੀ ਪਿੰਡ ਬੜੈਚ ਨੇ ਦਾਖਾ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਾਇਆ ਕਿ ਬੀਤੀ ਰਾਤ ਕਰੀਬ 9.30 ਵਜੇ ਮੈਂ ਆਪਣੇ ਘਰ ਦੇ ਵਿਹੜੇ ਵਿਚ ਭਾਂਡੇ ਮਾਂਜ ਰਹੀ ਸੀ ਤਾਂ ਗੁਰਮੇਲ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਬੜੈਚ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਾਡੇ ਘਰ ਵਿਚ ਆ ਵੜਿਆ ਅਤੇ ਮੌਕੇ 'ਤੋਂ ਸ਼ਰਾਬ ਪੀਣ ਲਈ ਗਿਲਾਸ ਮੰਗਿਆ ਤਾਂ ਮੈਂ ਇਹ ਕਹਿ ਕੇ ਗਿਲਾਸ ਨਹੀਂ ਦਿੱਤਾ ਕਿ ਮੇਰੇ ਪਿਤਾ ਦਲਜੀਤ ਸਿੰਘ ਘਰ ਨਹੀਂ ਹਨ, ਇੰਨੇ ਵਿਚ ਅੱਗ ਬਬੂਲਾ ਹੋ ਕੇ ਮੇਰੀ ਮਾਰਕੁੱਟ ਕਰਨੀ ਸ਼ੁਰੂ ਦਿੱਤੀ, ਮੇਰੀਆਂ ਚੀਕਾਂ ਸੁਣ ਕੇ ਜਦੋਂ ਮੇਰੇ ਦਾਦਾ ਕੁਲਵੰਤ ਸਿੰਘ ਤੇ ਦਾਦੀ ਮਨਜੀਤ ਕੌਰ ਕਮਰੇ ਤੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਵੇਖ ਕੇ ਮੋਟਰਸਾਈਕਲ, ਸ਼ਰਾਬ ਦੀ ਬੋਤਲ ਤੇ ਤੇਜ਼ਧਾਰ ਹਥਿਆਰ ਟਕੂਆ ਛੱਡ ਕੇ ਫਰਾਰ ਹੋ ਗਿਆ। ਇਸ ਘਟਨਾ ਦੀ ਥਾਣਾ ਦਾਖਾ ਨੂੰ ਸੂਚਨਾ ਦਿੱਤੀ ਅਤੇ ਮੈਨੂੰ ਹਸਪਤਾਲ ਦਾਖਲ ਕਰਵਾ ਦਿੱਤਾ। ਥਾਣਾ ਦਾਖਾ ਦੇ ਏ. ਐੱਸ. ਆਈ. ਰਵਿੰਦਰ ਕੁਮਾਰ ਨੇ ਵਿਭਾਗੀ ਕਾਰਵਾਈ ਅਮਲ 'ਚ ਲਿਆ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਸ਼ੇ ਦੀ ਪੂਰਤੀ ਲਈ ਖਿਡੌਣਾ ਪਿਸਤੌਲ ਨਾਲ ਡਰਾ ਕੇ ਕਰਦੇ ਸੀ ਲੁੱਟ-ਖੋਹ
NEXT STORY